ਵਿਧਾਨ ਸਭਾ ਚੋਣਾਂ ਕਾਰਨ ਅਕਾਲੀ-ਕਾਂਗਰਸ ਲਈ ਜ਼ਿਮਨੀ ਚੋਣ ਬਣੀ ਅਗਨੀ ਪ੍ਰੀਖਿਆ

ਖਡੂਰ ਸਾਹਿਬ, 9 ਦਸੰਬਰ (ਪੰਜਾਬ ਮੇਲ) – ਪੰਜਾਬ ਦੇ ਖਡੂਰ ਸਾਹਿਬ ਵਿਧਾਨ ਸਭਾ ਹਲਕੇ ਦੀ ਉਪ ਚੋਣ ਲਈ ਚੋਣ ਕਮਿਸ਼ਨ ਨੇ ਤਿਆਰੀਆਂ ਵਿੱਢ ਦਿੱਤੀਆਂ ਹਨ। ਕਮਿਸ਼ਨ ਨੇ ਕਾਨੂੰਨ ਵਿਵਸਥਾ ਦੇ ਨਜ਼ਰੀਏ ਤੋਂ ਜਾਇਜ਼ਾ ਲੈ ਲਿਆ ਹੈ ਅਤੇ ਮੁੱਖ ਚੋਣ ਅਧਿਕਾਰੀ ਵੀ.ਕੇ. ਸਿੰਘ ਨਾਲ ਮੀਟਿੰਗ ਬਾਅਦ ਇਸ ਉਪ ਚੋਣ ਦੀ ਮਿਤੀ ਤੈਅ ਕਰਨ ਬਾਰੇ ਅੰਤਿਮ ਫੈਸਲਾ ਲਿਆ ਜਾਵੇਗਾ। ਇਹ ਜ਼ਿਮਨੀ ਚੋਣ ਜਨਵਰੀ ਦੇ ਅਖ਼ੀਰਲੇ ਜਾਂ ਫਰਵਰੀ ਦੇ ਪਹਿਲੇ ਹਫ਼ਤੇ ਹੋਣ ਦੇ ਆਸਾਰ ਹਨ। ਚੋਣ ਕਮਿਸ਼ਨ ਵੱਲੋਂ ਹਾਲੇ ਪੱਛਮੀ ਬੰਗਾਲ ਦੀਆਂ ਆਮ ਚੋਣਾਂ ਕਰਾਉਣ ਲਈ ਉਸ ਬਾਰੇ ਜਾਇਜ਼ਾ ਰਿਪੋਰਟਾਂ ਲਈਆਂ ਜਾ ਰਹੀਆਂ ਹਨ। ਇਸ ਬਾਅਦ ਪੰਜਾਬ ਤੇ ਹੋਰ ਥਾਈਂ ਹੋਣ ਵਾਲੀਆਂ ਉਪ ਚੋਣਾਂ ਬਾਰੇ ਫੈਸਲਾ ਲਿਆ ਜਾਵੇਗਾ। ਕਮਿਸ਼ਨ ਵੱਲੋਂ ਪੰਜਾਬ ‘ਚ ਪਿਛਲੇ ਮਹੀਨੇ ਵਿਗੜੇ ਹਾਲਾਤ ਬਾਰੇ ਵੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ। ਇਸ ਚੋਣ ਵਿਚ ਨੀਮ ਸੁਰੱਖਿਆ ਬਲਾਂ ਦੀ ਤਾਇਨਾਤੀ ਤਾਂ ਹੋਵੇਗੀ ਹੀ ਪਰ ਕਮਿਸ਼ਨ ਨੇ ਸੁਰੱਖਿਆ ਤੇ ਹੋਰ ਪੱਖਾਂ ਤੋਂ ਵੀ ਰਿਪੋਰਟ ਹਾਸਲ ਕੀਤੀ ਹੈ। ਖਡੂਰ ਸਾਹਿਬ ਵਿਧਾਨ ਸਭਾ ਹਲਕੇ ਦੀ ਮੈਂਬਰੀ ਤੋਂ ਕਾਂਗਰਸ ਦੇ ਰਮਨਜੀਤ ਸਿੰਘ ਸਿੱਕੀ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਵਿਰੋਧ ‘ਚ ਅਸਤੀਫ਼ਾ ਦੇ ਦਿੱਤਾ ਸੀ। ਸੂਬੇ ਵਿਚ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਆਮ ਚੋਣਾਂ ਤੋਂ ਐਨ ਇੱਕ ਸਾਲ ਪਹਿਲਾਂ ਹੋ ਰਹੀ ਇਹ ਜ਼ਿਮਨੀ ਚੋਣ ਸਾਰੀਆਂ ਸਿਆਸੀ ਧਿਰਾਂ ਲਈ ਅਗਨੀ ਪ੍ਰੀਖਿਆ ਤੋਂ ਘੱਟ ਨਹੀਂ ਹੈ। ਪੰਜਾਬ ‘ਚ ਵਿਧਾਨ ਸਭਾ ਚੋਣਾਂ 30 ਜਨਵਰੀ, 2012 ਨੂੰ ਹੋਈਆਂ ਸਨ। ਇਸ ਤਰ੍ਹਾਂ 2007 ‘ਚ ਜਨਵਰੀ ਦੇ ਅੰਤ ਤੱਕ ਚੋਣਾਂ ਹੋਣ ਦੀ ਸੰਭਾਵਨਾ ਹੈ।
ਅਕਾਲੀ ਦਲ ਦੇ ਖਡੂਰ ਸਾਹਿਬ ਹਲਕੇ ਤੋਂ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਦੇ ਪੁੱਤਰ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਉਮੀਦਵਾਰ ਬਣਾਏ ਜਾਣ ਦੇ ਆਸਾਰ ਹਨ। ਰਾਜ ਅੰਦਰ ਹਾਲ ਹੀ ‘ਚ ਵਾਪਰੀਆਂ ਘਟਨਾਵਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ ਤਿੱਖੇ ਲੋਕ ਰੋਹ ਦਾ ਸਾਹਮਣਾ ਕਰਨਾ ਪਿਆ ਸੀ। ਸਦਭਾਵਨਾ ਰੈਲੀਆਂ ਨੇ ਵਰਕਰਾਂ ‘ਚ ਤਾਂ ਜੋਸ਼ ਭਰ ਦਿੱਤਾ ਹੈ ਪਰ ਲੋਕਾਂ ‘ਚ ਭਰੋਸਾ ਬਹਾਲੀ ਬਾਰੇ ਅਜੇ ਸ਼ੰਕੇ ਕਾਇਮ ਹਨ। ਇਹੀ ਕਾਰਨ ਹੈ ਕਿ ਹਾਕਮ ਪਾਰਟੀ ਉਪ ਚੋਣ ਜਿੱਤ ਕੇ ਖੁੱਸਿਆ ਹੋਇਆ ਜਨ ਆਧਾਰ ਹਾਸਲ ਕਰਨ ਦੇ ਯਤਨ ਕਰ ਰਹੀ ਹੈ। ਰਮਨਜੀਤ ਸਿੰਘ ਸਿੱਕੀ ਵੱਲੋਂ ਅਸਤੀਫਾ ਦਿੱਤੇ ਜਾਣ ਬਾਅਦ ਕਾਂਗਰਸ ਪਾਰਟੀ ਕਸੂਤੀ ਫਸੀ ਮਹਿਸੂਸ ਕਰ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਸੂਬਾ ਪ੍ਰਧਾਨ ਬਣਾਏ ਜਾਣ ਬਾਅਦ ਇਹ ਸਾਬਕਾ ਮੁੱਖ ਮੰਤਰੀ ਲਈ ਵੀ ਪਹਿਲੀ ਪ੍ਰੀਖਿਆ ਹੋਵੇਗੀ। ਕਾਂਗਰਸ ਪਾਰਟੀ ਨੂੰ ਸਾਲ ਬਾਅਦ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੱਕੇ ਪੈਰੀਂ ਹੋਣ ਲਈ ਇਹ ਉਪ ਚੋਣ ‘ਕਰੋ ਜਾਂ ਮਰੋ’ ਦੀ ਹਾਲਤ ‘ਚ ਲੜਨੀ ਪਵੇਗੀ। ਫਿਲਹਾਲ ਰਮਨਜੀਤ ਸਿੰਘ ਸਿੱਕੀ ਵੱਲੋਂ ਮੁੜ ਤੋਂ ਟਿਕਟ ਲੈਣ ਲਈ ਹੰਭਲਾ ਮਾਰਿਆ ਜਾ ਰਿਹਾ ਹੈ। ਪਾਰਟੀ ਅੰਦਰਲੇ ਪ੍ਰਤਾਪ ਸਿੰਘ ਬਾਜਵਾ ਧੜੇ ਵੱਲੋਂ ਸਿੱਕੀ ਨੂੰ ਟਿਕਟ ਦਾ ਵਿਰੋਧ ਕੀਤੇ ਜਾਣ ਦੀ ਚਰਚਾ ਵੀ ਭਾਰੂ ਹੈ। ਆਮ ਆਦਮੀ ਪਾਰਟੀ ਨੇ ਇਸ ਉਪ ਚੋਣ ਤੋਂ ਲਾਂਭੇ ਰਹਿਣ ਦਾ ਐਲਾਨ ਕਰ ਦਿੱਤਾ ਹੈ। ਇਸ ਕਾਰਨ ਅਕਾਲੀ ਦਲ ਤੇ ਕਾਂਗਰਸ ਦਰਮਿਆਨ ਹੀ ਸਿੱਧੀ ਟੱਕਰ ਹੋਣ ਦੇ ਆਸਾਰ ਹਨ।
There are no comments at the moment, do you want to add one?
Write a comment