ਵਿਦੇਸ਼ ਵਸਦੇ ਗਦਰੀ ਬਾਬਿਆਂ ਨੇ ਆਪਣਾ ਖੂਨ ਦੇ ਕੇ ਆਜ਼ਾਦੀ ਦਾ ਮਹਿੰਗਾ ਮੁੱਲ ਤਾਰਿਆ : ਸੁਖਵਿੰਦਰ ਕੰਬੋਜ

303
Share

ਪੰਜਾਬ ਦੀ ਸਿਆਸਤ ਉਤੇ ਪ੍ਰਵਾਸੀਆਂ ਨੇ ਕਈ ਹਾਂ-ਪੱਖੀ ਅਤੇ ਕਈ ਨਾਂਹ-ਪੱਖੀ ਪ੍ਰਭਾਵ ਪਾਏ- ਮੰਚ
‘ਪ੍ਰਵਾਸੀ ਪੰਜਾਬੀਆਂ ਦਾ ਪੰਜਾਬ ਦੀ ਸਿਆਸਤ ‘ਤੇ ਪ੍ਰਭਾਵ’ ਮੁੱਦੇ ‘ਤੇ ਪੱਤਰਕਾਰ ਮੰਚ ਵਲੋਂ ਕਰਵਾਇਆ ਵੈਬੀਨਾਰ
ਲੰਡਨ, 25 ਨਵੰਬਰ (ਨਰਪਾਲ ਸਿੰਘ ਸ਼ੇਰਗਿੱਲ/ਪੰਜਾਬ ਮੇਲ)- ”ਪ੍ਰਵਾਸੀ ਪੰਜਾਬੀਆਂ ਨੇ ਪੰਜਾਬ ਦੀ ਰਾਜਨੀਤੀ ਨੂੰ ਸਦਾ ਗੂੜਾ ਪ੍ਰਭਾਵਤ ਕੀਤਾ ਹੈ। ਇਸ ਦਾ ਪੁਖਤਾ ਤੇ ਇਤਿਹਾਸਕ ਪ੍ਰਮਾਣ ਗਦਰ ਲਹਿਰ ਹੈ, ਜਿਸ ਨੇ ਆਜ਼ਾਦੀ ਦੀ ਪਹਿਲੀ ਲੜਾਈ ਦਾ ਮੁੱਢ ਬੰਨ੍ਹਿਆ। ਪ੍ਰਵਾਸੀ ਪੰਜਾਬੀਆਂ ਦਾ ਪੰਜਾਬ ਦੀ ਸਿਆਸਤ ‘ਤੇ ਪ੍ਰਭਾਵ ਮੁੱਦੇ ‘ਤੇ ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ ਵਲੋ ਕਰਵਾਏ ਕੌਮਾਂਤਰੀ ਵੈੱਬਨਾਰ ਨੂੰ ਸੰਬੋਧਨ ਕਰਦਿਆਂ ਚਿੰਤਕ ਸੁਖਵਿੰਦਰ ਕੰਬੋਜ ਨੇ ਇਤਿਹਾਸ ਦੀਆਂ ਪਰਤਾਂ ਫਰੋਲਦਿਆਂ ਤੇ ਵਰਤਮਾਨ ਦੇ ਹਵਾਲਿਆਂ ਨਾਲ ਆਪਣੀ ਗੱਲ ਅੱਗੇ ਤੋਰਦਿਆਂ ਕਿਹਾ ਕਿ ਪੰਜਾਬੀਆਂ ਨੇ ਆਪਣਾ ਖੂਨ ਦੇ ਕੇ ਆਜ਼ਾਦੀ ਦਾ ਮਹਿੰਗਾ ਮੁੱਲ ਤਾਰਿਆ। ਇਸ ਦਾ ਮੁੱਢ ਰੋਜ਼ੀ-ਰੋਟੀ ਤੇ ਚੰਗੇਰੀਆਂ ਸੁੱਖ ਸਹੂਲਤਾਂ ਦੀ ਭਾਲ ‘ਚ ਵਿਦੇਸ਼ੀ ਵਸੇ ਗਦਰੀ ਬਾਬਿਆਂ ਨੇ ਬੰਨ੍ਹਿਆ, ਜਿਨ੍ਹਾਂ ਨੇ ”ਗਦਰ” ਅਖਬਾਰ ਰਾਹੀਂ ਭਾਰਤੀਆਂ ਤੇ ਖਾਸ ਕਰਕੇ ਪੰਜਾਬੀਆਂ ‘ਚ ਆਜ਼ਾਦੀ ਦੀ ਚਿਣਗ ਬਾਲੀ ਤੇ ਚੇਤਨਾ ਦੀ ਜਾਗ ਲਾਈ। ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਬਦੇਸ਼ੀ ਵਸਦੇ ਪੰਜਾਬੀਆਂ ‘ਚ ਸੈੱਲ ਹਨ, ਜਿੱਥੋਂ ਉਨ੍ਹਾਂ ਨੂੰ ਪੰਜਾਬ ‘ਚ ਸਰਗਰਮੀਆਂ ਕਰਨ ਲਈ ਆਰਥਿਕ ਮਦਦ ਵੀ ਮਿਲਦੀ ਹੈ। ਉਂਝ ਇਹ ਵੱਖਰੀ ਗੱਲ ਹੈ ਕਿ ਪੰਜਾਬ ‘ਚ ਜਿਸ ਸਕਾਰਤਾਮਕ ਤਬਦੀਲੀਆਂ ਦਾ ਸੁਫਨਾ ਲੈ ਕੇ ਉਨ੍ਹਾਂ ਇਹ ਮਦਦ ਕੀਤੀ ਉਸਦਾ ਅਜੇ ਆਗਾਜ਼ ਵੀ ਨਹੀਂ ਹੋਇਆ, ਫਿਰ ਵੀ ਉਨ੍ਹਾਂ ਆਪਣੀ ਸਾਂਝ ਦੀ ਤੰਦ ਪੰਜਾਬ ਨਾਲ ਜੋੜੀ ਹੋਈ ਹੈ। ਕਿਸਾਨ ਸੰਘਰਸ਼ ਇਸ ਦੀ ਪ੍ਰਤੱਖ ਮਿਸਾਲ ਹੈ, ਜਿਸ ਦੇ ਸਮਰਥਨ ‘ਚ ਬਹੁਤ ਸਾਰੇ ਮੁਲਕਾਂ ‘ਚ ਪੰਜਾਬੀਆਂ ਨੇ ਵੱਡੇ ਮੁਜ਼ਹਾਰੇ ਵੀ ਕੀਤੇ ਤੇ ਆਰਥਿਕ ਮਦਦ ਵੀ ਘੱਲੀ। ਚਿੰਤਕ ਕੰਬੋਜ ਨੇ ਪ੍ਰਵਾਸੀ ਪੰਜਾਬੀਆਂ ਦੇ ਨਜ਼ਰੀਏ ਤੋਂ ਕਿਸਾਨ ਸੰਘਰਸ਼ ਤੇ ਕਿਸਾਨੀ ਸੰਕਟ ਬਾਰੇ ਗੱਲ ਕਰਦਿਆਂ ਕਿਹਾ ਕਿ ਪੰਜਾਬ ‘ਚ 70 ਫੀਸਦੀ ਰੁਜ਼ਗਾਰ ਖੇਤੀ ਆਧਾਰਿਤ ਹੈ ਤੇ ਇਹ ਸੂਬੇ ਦੀ ਆਰਥਿਕਤਾ ਦਾ ਧੁਰਾ ਵੀ ਹੈ। ਜੇ ਕਿਸਾਨੀ ਡੁੱਬਦੀ ਹੈ, ਤਾਂ ਬਚਣੀ ਖੇਤੀ ਆਰਥਿਕਤਾ ਵੀ ਨਹੀਂ ਤੇ ਨਾ ਹੀ ਖੇਤੀ ਆਥਾਰਿਤ ਰੁਜ਼ਗਾਰ ਬਚਣਾ ਹੈ। ਇਸ ਨਾਲ ਪੰਜਾਬ ਦੀ ਆਰਥਿਕਤਾ ਦਾ ਵੱਡਾ ਸੋਮਾ ਵੀ ਖੁੱਸ ਜਾਣਾ ਹੈ। ਮੁੱਦੇ ‘ਤੇ ਮੁੜਦਿਆਂ ਉਨ੍ਹਾਂ ਜਿਥੇ ਪ੍ਰਵਾਸੀ ਪੰਜਾਬੀਆਂ ਦੇ ਪੰਜਾਬ ਦੀ ਸਿਆਸਤ ‘ਤੇ ਹਾਂ ਪੱਖੀ ਪ੍ਰਭਾਵੀ ਪੱਖਾਂ ਦਾ ਜ਼ਿਕਰ ਕੀਤਾ, ਉਥੇ ਇਸ ਦੇ ਕਈ ਨਾਂਹ ਪੱਖੀ ਪ੍ਰਭਾਵ ਵੀ ਉਦਾਹਰਣਾਂ ਸਹਿਤ ਸਾਹਮਣੇ ਲਿਆਂਦੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਦੀ ਪੰਜਾਬ ਦੇ ਸੰਦਰਭ ‘ਚ ਗਦਰੀ ਬਾਬਿਆਂ ਵਾਲੀ ਭੂਮਿਕਾ ਹੀ ਸਾਰਥਿਕ ਤਬਦੀਲੀਆਂ ਦੀ ਵਾਹਕ ਬਣ ਸਕਦੀ ਹੈ, ਜਿਹੜੀ ਉਨ੍ਹਾਂ ‘ਤੇ ਗਦਰੀ ਬਾਬਿਆਂ ਦੇ ਸੁਫਨੇ ਸਾਕਾਰ ਕਰਨ ਦੇ ਸਮਰੱਥ ਹੋਵੇਗੀ।
ਗੁਰਮੀਤ ਸਿੰਘ ਪਲਾਹੀ ਦੀ ਪ੍ਰਧਾਨਗੀ ‘ਚ ਕਰਵਾਏ ਇਸ ਵੈਬੀਨਾਰ ਬਾਰੇ ਜਾਣਕਾਰੀ ਦਿੰਦਿਆਂ ਅੰਤਰਰਾਸ਼ਟਰੀ ਮੀਡੀਆ ਕੋਆਰਡੀਨੇਟਰ ਨਰਪਾਲ ਸਿੰਘ ਸ਼ੇਰਗਿੱਲ ਨੇ ਦੱਸਿਆ ਹੈ ਕਿ ਵਿਚਾਰ ਚਰਚਾ ਦੇ ਇਸ ਪ੍ਰਵਾਹ ਨੂੰ ਅੱਗੇ ਤੋਰਦਿਆਂ ਡਾ. ਗਿਆਨ ਸਿੰਘ ਨੇ ਬਦੇਸ਼ੀ ਵਸੇ ਵੱਡੇ ਕਾਰੋਬਾਰੀ ਪੰਜਾਬੀਆਂ ਵਲੋਂ ਉਥੋਂ ਦੇ ਸਟਰਗਲ ਕਰ ਰਹੇ ਪ੍ਰਵਾਸੀ ਪੰਜਾਬੀਆਂ ਵਲੋਂ ਸ਼ੋਸ਼ਣ ਕਰਨ ਦੀਆਂ ਵਧ ਰਹੀਆਂ ਘਟਨਾਵਾਂ ਨੂੰ ਦੁਖਾਂਤਕ ਕਰਾਰ ਦਿੰਦਿਆਂ ਕਿਹਾ, ਸਥਾਪਤ ਪੰਜਾਬੀਆਂ ਨੂੰ ਇਨ੍ਹਾਂ ਸਟਰਗਲਰਾਂ ਦੀ ਬਾਂਹ ਫੜਨੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬਿਨਾਂ ਸ਼ੱਕ ਪ੍ਰਵਾਸੀ ਪੰਜਾਬੀਆਂ ਨੇ ਪੰਜਾਬ ਦੀਆਂ ਰਾਜਸੀ ਪਾਰਟੀਆਂ ਨੂੰ ਡੂੰਘੀ ਤਰ੍ਹਾਂ ਪ੍ਰਭਾਵਤ ਕੀਤਾ ਪਰ ਉਹ ਇਨ੍ਹਾਂ ‘ਚੋਂ ਭ੍ਰਿਸ਼ਟਾਚਾਰ ਖਤਮ ਨਹੀਂ ਕਰਵਾ ਸਕੇ। ਡਾ. ਵਰਿੰਦਰ ਸ਼ਰਮਾ ਐੱਮ.ਪੀ. ਯੂ.ਕੇ. ਤੇ ਪ੍ਰੋ. ਰਣਜੀਤ ਧੀਰ ਯੂ.ਕੇ. ਦਾ ਮਤ ਸੀ ਕਿ ਪੰਜਾਬੀਆਂ ਤੇ ਭਾਰਤੀਆਂ ਨੇ ਆਪਣੀ ਸਿਆਸਤ ਲੋਕਤੰਤਰੀ ਤੌਰ ਤਰੀਕਿਆਂ ਨਾਲ ਚਲਾਉਣ ਦੇਣੀ ਚਾਹੀਦੀ ਹੈ ਤੇ ਇਸ ‘ਚ ਨਾਕਾਰਾਤਮਕ ਲੱਤ ਨਹੀਂ ਅੜਾਉਣੀ ਚਾਹੀਦੀ। ਅਸੀਂ ਜਿਸ ਵੀ ਮੁਲਕ ਦੇ ਸ਼ਹਿਰੀ ਹਾਂ ਉਹ ਹੀ ਸਾਡਾ ਮੁਲਕ ਹੈ। ਸਾਨੂੰ ਪੰਜਾਬ ਦੀ ਸਿਆਸਤ ਵਿਚ ਬਹੁਤ ਹੀ ਸਾਰਥਿਕ ਰੋਲ ਅਦਾ ਕਰਨਾ ਚਾਹੀਦਾ ਹੈ। ਜਾਤੀ ਪੱਧਰ ਤੋਂ ਉੱਚਾ ਉੱਠ ਕੇ ਹੀ ਪੰਜਾਬ ਨੂੰ ਗਦਰੀ ਬਾਬਿਆਂ ਦੀ ਸੋਚ ਦਾ ਪੰਜਾਬ ਬਣਾਇਆ ਜਾ ਸਕਦਾ ਹੈ। ਜੇਕਰ ਪੰਜਾਬ ‘ਚ ਬੰਦੇ ਨੂੰ ਬੰਦਾ ਸਮਝਣ ਦੀ ਸਮਝ ਖਤਮ ਹੋ ਗਈ, ਤਾਂ ਪੰਜਾਬ ਨਹੀਂ ਬਚ ਸਕੇਗਾ। ਪੰਜਾਬ ਦੀਆਂ ਰਾਜਸੀ ਪਾਰਟੀਆਂ ਪ੍ਰਵਾਸੀ ਪੰਜਾਬੀਆਂ ਨੂੰ ਏ.ਟੀ.ਐੱਮ. ਸਮਝਦੀਆਂ ਹਨ, ਜਿਸ ਨਾਲ ਉਥੋਂ ਦੇ ਮੁਲਕਾਂ ਤੇ ਪ੍ਰਵਾਸੀ ਪੰਜਾਬੀਆਂ ਦੇ ਰਿਸ਼ਤੇ ਵਿਗੜਦੇ ਹਨ। ਇਸ ਕਰਕੇ ਕਈ ਮੁਲਕਾਂ ਨੂੰ ਇਸ ਤਰ੍ਹਾਂ ਦੀ ਫੰਡਿਗ ‘ਤੇ ਪਾਬੰਦੀ ਵੀ ਲਾਉਣੀ ਪਈ। ਕੇਹਰ ਸ਼ਰੀਫ਼ ਨੇ ਇਤਰਾਜ਼ ਕੀਤਾ ਕਿ ਜਿਹੜਾ ਪ੍ਰਵਾਸੀ ਪੰਜਾਬ ਵਿਚ ਜਾ ਕੇ ਖੇਡਾਂ ਜਾਂ ਸਿਹਤ ਸੇਵਾਵਾਂ ਕਰਕੇ ਢੌਂਗ ਕਰਦੇ ਹਨ, ਉਨ੍ਹਾਂ ਵਿਚੋਂ ਕਈਆਂ ਦਾ ਇਧਰਲਾ ਪਿਛੋਕੜ ਬਹੁਤ ਚੰਗਾ ਨਹੀਂ ਹੁੰਦਾ। ਉਨ੍ਹਾਂ ਨੇ ਪੰਜਾਬੀ ਲੋਕਾਂ ਵਿਚ ਗਦਰ ਦੀ ਲਹਿਰ ਚਲਾਉਣ ‘ਤੇ ਵੀ ਜ਼ੋਰ ਦਿੱਤਾ। ਡਾ. ਐੱਸ.ਪੀ. ਸਿੰਘ ਨੇ ਦੱਸਿਆ ਕਿ ਪ੍ਰਵਾਸੀਆਂ ਨੇ ਆਪਣੀ ਜਨਮ ਭੂਮੀ ਨੂੰ ਆਪਣੀ ਮਾਨਸਿਕਤਾ ਦਾ ਹਿੱਸਾ ਬਣਾਇਆ ਹੋਇਆ ਹੈ। ਪ੍ਰਵਾਸੀਆਂ ਦੇ ਆਪਣੇ ਮੁਲਕਾਂ ਵਿਚ ਜੋ ਵਾਪਰਦਾ ਹੈ, ਉਹ ਉਨ੍ਹਾਂ ਦੀ ਪ੍ਰਵਾਸ ਦੀ ਜ਼ਿੰਦਗੀ ‘ਤੇ ਵੀ ਪ੍ਰਭਾਵ ਪਾਉਂਦਾ ਹੈ।
ਰਾਜਨੀਤਿਕ ਪਾਰਟੀਆਂ ਨੂੰ ਤਾਂ ਉਨ੍ਹਾਂ ਦੇ ਡਾਲਰਾਂ ਦੀ ਲੋੜ ਹੁੰਦੀ ਹੈ। ਪ੍ਰਵਾਸੀ ਪੰਜਾਬ ਵਿਚ ਚੱਲਦੀਆਂ ਸਾਰੀਆਂ ਲਹਿਰਾਂ ਨੂੰ ਆਪਣੇ ਪੈਸੇ ਨਾਲ ਆਪਣੇ ਹਿਸਾਬ ਨਾਲ ਚਲਾਉਣਾ ਚਾਹੁੰਦੇ ਹਨ। ਇਹ ਉਨ੍ਹਾਂ ਦਾ ਨਾਕਾਰਤਮਕ ਪੱਖ ਹੈ। ਬਹਿਸ ਵਿਚ ਡਾ: ਚਰਨਜੀਤ ਸਿੰਘ ਗੁੰਮਟਾਲਾ, ਜਗਦੀਪ ਕਾਹਲੋਂ, ਡਾ. ਆਸਾ ਸਿੰਘ, ਡਾ. ਸੁਖਪਾਲ ਸਿੰਘ ਨੇ ਵੀ ਹਿੱਸਾ ਲਿਆ।
ਅੰਤ ਵਿਚ ਸੁਖਵਿੰਦਰ ਕੰਬੋਜ ਨੇ ਉਠੇ ਸਵਾਲਾਂ ਦੇ ਵਿਸਥਾਰਪੂਰਵਕ ਜੁਆਬ ਦਿੱਤੇ ਅਤੇ ਗਿਆਨ ਸਿੰਘ ਡੀ.ਪੀ.ਆਰ.ਓ. ਨੇ ਸਭਨਾਂ ਦਾ ਧੰਨਵਾਦ ਕੀਤਾ। ਇਸ ਵੈਬੀਨਾਰ ਵਿਚ ਪ੍ਰਧਾਨ ਗੁਰਮੀਤ ਸਿੰਘ ਪਲਾਹੀ ਤੋਂ ਇਲਾਵਾ ਡਾ. ਗਿਆਨ ਸਿੰਘ, ਕੇਹਰ ਸਰੀਫ, ਕੰਵਲਜੀਤ ਜਵੰਦਾ ਕੈਨੇਡਾ, ਡਾ. ਚਰਨਜੀਤ ਸਿੰਘ ਗੁੰਮਟਾਲਾ, ਡਾ. ਆਸਾ ਸਿੰਘ ਘੁੰਮਣ, ਗਿਆਨ ਸਿੰਘ ਸਾਬਕਾ ਡੀ.ਪੀ.ਆਰ.ਓ., ਜਗਦੀਪ ਸਿੰਘ ਕਾਹਲੋਂ, ਮਨਦੀਪ ਸਿੰਘ, ਡਾ. ਮੁਹੰਮਦ ਇੰਦਰੀਸ, ਪ੍ਰੋ. ਰਣਜੀਤ ਧੀਰ ਯੂ.ਕੇ., ਵਰਿੰਦਰ ਸ਼ਰਮਾ ਐੱਮ.ਪੀ. ਯੂ.ਕੇ., ਡਾ: ਐੱਸ.ਪੀ. ਸਿੰਘ, ਸੁਰਿੰਦਰ ਮਚਾਕੀ, ਡਾ. ਸੁਖਪਾਲ ਸਿੰਘ, ਰਵਿੰਦਰ ਚੋਟ, ਗੁਰਚਰਨ ਨੂਰਪੁਰ, ਸੀਤਲ ਰਾਮ ਬੰਗਾ, ਐੱਸ.ਐੱਲ. ਵਿਰਦੀ, ਸ਼ਿਵਦੀਪ ਕੌਰ ਢੇਸੀ, ਬੰਸੋ ਦੇਵੀ, ਸੁਖਦੇਵ ਸਿੰਘ ਗੰਢਵਾ ਆਦਿ ਨੇ ਹਿੱਸਾ ਲਿਆ। ਪਰਵਿੰਦਰਜੀਤ ਸਿੰਘ ਇਸ ਵੈਬੀਨਾਰ ਦੇ ਹੋਸਟ ਸਨ।


Share