ਵਿਦੇਸ਼ ਭੇਜਣ ਦੇ ਨਾਂ ’ਤੇ ਏਜੰਟਾਂ ਨੇ ਨੌਜਵਾਨ ਨੂੰ ਤਾਲਿਬਾਨ ’ਚ ਵੇਚਿਆ!

255
Share

-ਪੀੜਤ ਦੀ ਮਾਂ ਨੇ ਆਪਣੇ ਪੁੱਤਰ ਨੂੰ ਬਚਾਉਣ ਲਈ ਸਰਕਾਰ ਅੱਗੇ ਲਾਈ ਗੁਹਾਰ
ਫਿਲੌਰ, 12 ਜੁਲਾਈ (ਪੰਜਾਬ ਮੇਲ)- ਵਿਦੇਸ਼ ਭੇਜਣ ’ਤੇ ਨਾਂ ’ਤੇ ਏਜੰਟ ਭੋਲੇ-ਭਾਲੇ ਬੇਰੋਜ਼ਗਾਰ ਨੌਜਵਾਨਾਂ ਦਾ ਵੱਡੇ ਪੱਧਰ ’ਤੇ ਸੋਸ਼ਣ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਅੱਗੇ ਛੋਟੇ ਦੇਸ਼ਾਂ ’ਚ ਭੇਜ ਕੇ ਵੇਚ ਰਹੇ ਹਨ। ਅਜਿਹਾ ਹੀ ਤਾਜ਼ਾ ਕੇਸ ਸ਼ਹਿਰ ਦੇ ਪਿੰਡ ਰਾਮਗੜ੍ਹ ਦੇ ਰਹਿਣ ਵਾਲੇ ਕੁਲਦੀਪ ਸਿੰਘ ਦਾ ਹੈ, ਜੋ ਪਿਛਲੇ 3 ਹਫ਼ਤੇ ਤੋਂ ਏਜੰਟ ਦੇ ਕਰਿੰਦਿਆਂ (ਤਾਲਿਬਾਨ ਦੇ ਲੜਾਕਿਆਂ) ਦੀ ਹਿਰਾਸਤ ’ਚ ਭੁੱਖਾ-ਪਿਆਸਾ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਇਸ ਏਜੰਟ ਦੇ ਸਾਥੀ ਕੁਲਦੀਪ ਦੇ ਸਰੀਰ ਨੂੰ ਚਾਕੂਆਂ ਨਾਲ ਕੱਟ ਕੇ ਉਸ ’ਤੇ ਲੂਣ ਲਗਾ ਕੇ ਉਸ ਦੇ ਤੜਫਦੇ ਹੋਏ ਦੀ ਰੋਜ਼ਾਨਾ ਨਵੀਂ ਵੀਡੀਓ ਬਣਾ ਕੇ ਉਸ ਦੇ ਪਰਿਵਾਰ ਵਾਲਿਆਂ ਨੂੰ ਭੇਜਦੇ ਹਨ ਅਤੇ 5 ਲੱਖ ਰੁਪਏ ਫਿਰੌਤੀ ਦੀ ਮੰਗ ਕਰ ਰਹੇ ਹਨ।
ਪੀੜਤ ਨੌਜਵਾਨ ਦੀ ਮਾਤਾ ਜੋਗਿੰਦਰ ਕੌਰ ਨੇ ਇਹ ਪੂਰਾ ਮਾਮਲਾ ਸਥਾਨਕ ਪੁਲਿਸ ਦੇ ਧਿਆਨ ’ਚ ਲਿਆਂਦਾ, ਜਿਸ ’ਤੇ ਥਾਣਾ ਮੁਖੀ ਇੰਸਪੈਕਟਰ ਸੰਜੀਵ ਕਪੂਰ ਨੇ ਉਕਤ ਏਜੰਟਾਂ ਨੂੰ ਫੜਨ ਲਈ ਪੁਲਿਸ ਪਾਰਟੀ ਭੇਜੀ। ਉਨ੍ਹਾਂ ਨੇ ਏਜੰਟ ਪ੍ਰੀਤਪਾਲ ਸਿੰਘ ਨੂੰ ਗਿ੍ਰਫ਼ਤਾਰ ਕਰ ਲਿਆ ਪਰ ਉਸ ਦਾ ਪੁੱਤ ਗਗਨ ਆਪਣੀ ਪਤਨੀ ਅਤੇ ਬੱਚਿਆਂ ਸਮੇਤ ਪਹਿਲਾਂ ਹੀ ਫਰਾਰ ਹੋ ਚੁੱਕਾ ਸੀ। ਪੁਲਿਸ ਕੁਲਦੀਪ ਨੂੰ ਸੁਰੱਖਿਅਤ ਘਰ ਵਾਪਸ ਪਹੁੰਚਾਉਣ ਲਈ ਏਜੰਟ ਗਗਨ ’ਤੇ ਦਬਾਅ ਬਣਾ ਰਹੀ ਹੈ।
ਪੀੜਤ ਮੁੰਡੇ ਦੀ ਮਾਤਾ ਸ਼ਿਕਾਇਤਕਰਤਾ ਜੋਗਿੰਦਰ ਕੌਰ ਨੇ ਦੱਸਿਆ ਕਿ ਉਹ ਲੋਕਾਂ ਦੇ ਘਰਾਂ ’ਚ ਸਾਫ਼-ਸਫ਼ਾਈ ਦਾ ਕੰਮ ਕਰਦੀ ਹੈ। ਉਸ ਦੇ 2 ਪੁੱਤਰ, 2 ਕੁੜੀਆਂ ਹਨ, ਚਾਰੇ ਵਿਆਹੇ ਹੋਏ ਹਨ। ਉਸ ਦੇ ਪੁੱਤ ਕੁਲਦੀਪ (30) ਨੂੰ ਉਸ ਦੇ ਨਾਲ ਕੰਮ ਕਰਦੇ ਵਿਅਕਤੀ ਨੇ ਦੱਸਿਆ ਕਿ ਉਸ ਦੇ ਮੁੰਡੇ ਨੂੰ ਏਜੰਟ ਪ੍ਰੀਤਪਾਲ ਸਿੰਘ ਅਤੇ ਉਸ ਦੇ ਬੇਟੇ ਗਗਨ ਨੇ ਵਿਦੇਸ਼ ਗ੍ਰੀਸ ਭੇਜਿਆ ਸੀ। ਉਹ ਵੀ ਜੇਕਰ ਵਿਦੇਸ਼ ਚਲਾ ਜਾਵੇ ਹੈ, ਤਾਂ ਉਥੇ ਪੈਸੇ ਕਮਾ ਕੇ ਪਰਿਵਾਰ ਦੀ ਗਰੀਬੀ ਦੂਰ ਕਰ ਸਕਦਾ ਹੈ, ਜਿਸ ’ਤੇ ਕੁਲਦੀਪ ਉਸ ਨਾਲ ਏਜੰਟ ਪ੍ਰੀਤਪਾਲ ਅਤੇ ਉਸ ਦੇ ਬੇਟੇ ਗਗਨ ਨੂੰ ਖਹਿਰਾ ਬੇਟ ਉਸ ਦੇ ਘਰ ਵਿਚ ਮਿਲੇ, ਜਿਥੇ 6 ਲੱਖ ਰੁਪਏ ਵਿਚ ਗ੍ਰੀਸ ਪਹੁੰਚਣ ਦੀ ਗੱਲ ਤੈਅ ਹੋ ਗਈ। ਉਸ ਨੇ 5 ਫੀਸਦੀ ਵਿਆਜ ’ਤੇ ਪੈਸੇ ਚੁੱਕ ਕੇ ਏਜੰਟ ਨੂੰ ਦੇ ਦਿੱਤੇ।
ਜੋਗਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਬੇਟੇ ਦਾ ਦਿੱਲੀ ਤੋਂ 16 ਜੁਲਾਈ ਨੂੰ ਫੋਨ ਆਇਆ ਕਿ ਉਹ ਵਿਦੇਸ਼ ਜਾ ਰਿਹਾ ਹੈ। ਉਥੇ ਸਖ਼ਤ ਮਿਹਨਤ ਕਰ ਕੇ ਪਹਿਲਾਂ ਕਰਜ਼ਾ ਉਤਾਰੇਗਾ। ਇਸ ਤੋਂ ਬਾਅਦ ਉਸ ਦੇ ਬੇਟੇ ਦਾ ਉਸ ਨੂੰ ਫੋਨ ਆਇਆ ਕਿ ਏਜੰਟ ਗਗਨ ਨੇ ਉਸ ਨੂੰ ਗ੍ਰੀਸ ਨਹੀਂ, ਕਿਸੇ ਹੋਰ ਦੇਸ਼ ਭੇਜ ਦਿੱਤਾ ਹੈ, ਜਿਥੇ ਉਸ ਕੋਲ ਜੋ ਕੁਝ ਵੀ ਸੀ, ਕੱਪੜੇ ਅਤੇ ਜੁੱਤੀਆਂ ਵੀ ਉਕਤ ਲੋਕਾਂ ਨੇ ਉਤਰਵਾ ਲਈਆਂ ਹਨ। ਉਸ ਤੋਂ ਬਾਅਦ ਵਿੱਕੀ ਨਾਮੀ ਵਿਅਕਤੀ ਨੇ ਉਸ ਨਾਲ ਫੋਨ ’ਤੇ ਗੱਲ ਕੀਤੀ ਅਤੇ ਧਮਕਾਉਂਦੇ ਹੋਏ ਕਿਹਾ ਕਿ ਉਸ ਦਾ ਬੇਟਾ ਉਨ੍ਹਾਂ ਦੀ ਹਿਰਾਸਤ ਵਿਚ ਹੈ। ਉਹ ਜੇਕਰ ਉਸ ਨੂੰ ਗ੍ਰੀਸ ਭੇਜਣਾ ਚਾਹੁੰਦੀ ਹੈ, ਤਾਂ ਪਹਿਲਾਂ ਉਨ੍ਹਾਂ ਨੂੰ ਸਵਾ ਲੱਖ ਰੁਪਏ ਹੋਰ ਦੇਵੇ। ਕਿਸੇ ਤਰ੍ਹਾਂ ਉਸ ਨੇ ਫਿਰ ਹੋਰ ਵਿਆਜ਼ ’ਤੇ ਪੈਸੇ ਫੜੇ ਅਤੇ ਏਜੰਟ ਵਿੱਕੀ ਨੂੰ ਦਿੱਤੇ ਗਏ, ਜੋ ਉਸ ਦੇ ਖਾਤੇ ਵਿਚ ਪਾਏ। ਉਸ ਨੂੰ ਲੱਗਾ ਕਿ ਹੁਣ ਉਸ ਦਾ ਬੇਟਾ ਸੁਰੱਖਿਅਤ ਦੇਸ਼ ਪੁੱਜ ਜਾਵੇਗਾ ਪਰ ਵਿੱਕੀ ਨੇ ਉਸ ਨੂੰ ਅੱਗੇ ਤਾਲਿਬਾਨ ਦੇ ਲੜਾਕੂਆਂ ਕੋਲ ਵੇਚ ਦਿੱਤਾ।
ਪੀੜਤ ਦੀ ਮਾਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਗੁਹਾਰ ਲਾਉਂਦਿਆਂ ਕਿਹਾ ਕਿ ਉਸ ਦੇ ਬੇਟੇ ਨੂੰ ਸੁਰੱਖਿਅਤ ਘਰ ਵਾਪਸ ਲਿਆਂਦਾ ਜਾਵੇ। ਉਹ ਪਹਿਲਾਂ ਹੀ ਬੇਟੇ ਨੂੰ ਵਿਦੇਸ਼ ਭੇਜਣ ਦੇ ਚੱਕਰ ’ਚ ਕਰਜ਼ੇ ਵਿਚ ਡੁੱਬ ਚੁੱਕੇ ਹਨ।

Share