ਵਿਦੇਸ਼ਾਂ ਧਰਤੀ ‘ਤੇ ਪਿਛਲੇ 3 ਸਾਲਾਂ ‘ਚ 2100 ਭਾਰਤੀਆਂ ਦੀ ਹੋਈ ਮੌਤ!

ਹੁਸ਼ਿਆਰਪੁਰ, 2 ਮਾਰਚ (ਪੰਜਾਬ ਮੇਲ)- ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਰਾਜ ਸਭਾ ‘ਚ ਪ੍ਰਸ਼ਨ ਕਾਲ ਦੌਰਾਨ ਪਿਛਲੇ 3 ਸਾਲਾਂ ਦੌਰਾਨ ਵਿਦੇਸ਼ਾਂ ਵਿਚ ਕਿਸੇ ਨਾ ਕਿਸੇ ਦੁਰਘਟਨਾ ‘ਚ ਮਾਰੇ ਗਏ ਅਤੇ ਜ਼ਖਮੀ ਹੋਏ ਭਾਰਤੀਆਂ ਬਾਰੇ ਜਾਣਕਾਰੀ ਮੰਗੀ ਸੀ। ਉਨ੍ਹਾਂ ਪੁੱਛਿਆ ਕਿ ਕਿੰਨੇ ਪੀੜਤ ਭਾਰਤੀਆਂ ਨੂੰ ਸਰਕਾਰ ਵਾਪਸ ਭਾਰਤ ਲੈ ਕੇ ਆਈ ਅਤੇ ਕੀ ਕੇਂਦਰ ਸਰਕਾਰ ਨੇ ਅਜਿਹੇ ਪੀੜਤਾਂ ਲਈ ਕੋਈ ਵੱਖਰਾ ਸਹਾਇਤਾ ਫੰਡ ਰੱਖਿਆ ਹੈ।
ਅਵਿਨਾਸ਼ ਖੰਨਾ ਦੇ ਸਵਾਲ ਦੇ ਜਵਾਬ ‘ਚ ਵਿਦੇਸ਼ ਰਾਜ ਮੰਤਰੀ ਵੀ.ਕੇ. ਸਿੰਘ ਨੇ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਦੌਰਾਨ 2102 ਭਾਰਤੀਆਂ ਦੀ ਵੱਖ-ਵੱਖ ਕਾਰਨਾਂ ਕਰਕੇ ਵਿਦੇਸ਼ਾਂ ‘ਚ ਮੌਤ ਹੋਈ ਹੈ। ਇਨ੍ਹਾਂ ਵਿਚੋਂ ਲਗਭਗ 1575 ਮ੍ਰਿਤਕਾਂ ਨੂੰ ਵੱਖ-ਵੱਖ ਦੇਸ਼ਾਂ ਤੋਂ ਵਾਪਸ ਭਾਰਤ ਲਿਆਂਦਾ ਗਿਆ। ਇਸ ਤੋਂ ਇਲਾਵਾ 35 ਹਜ਼ਾਰ ਭਾਰਤੀਆਂ, ਜੋ ਭੂਚਾਲ ਕਾਰਨ ਨੇਪਾਲ ‘ਚ ਫਸ ਗਏ ਸਨ, ਨੂੰ ਸਹਾਇਤਾ ਦਿੱਤੀ ਗਈ। ਕੇਂਦਰੀ ਰਾਜ ਮੰਤਰੀ ਨੇ ਦੱਸਿਆ ਕਿ ਜੰਗ ਪ੍ਰਭਾਵਿਤ ਦੇਸ਼ਾਂ ‘ਚ ਭਾਰਤੀਆਂ ਦੀ ਸੁਰੱਖਿਆ ਲਈ ਸਰਕਾਰ ਵੱਲੋਂ ਯਤਨ ਕੀਤੇ ਜਾ ਰਹੇ ਹਨ। ਬਗਦਾਦ ‘ਚ ਫਸੇ 7 ਹਜ਼ਾਰ ਭਾਰਤੀਆਂ ਨੂੰ ਲਿਆਉਣ ਲਈ ਭਾਰਤ ਸਰਕਾਰ ਨੇ ਦਸਤਾਵੇਜ਼, ਇਮੀਗਰੇਸ਼ਨ ਅਤੇ ਟਿਕਟ ਦੀ ਮਦਦ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਐਰਬਿਲ, ਨਜ਼ਾਫ, ਕਰਬਲਾ ਤੇ ਬਸਰਾ ‘ਚ ਵਿਸ਼ੇਸ਼ ਕੈਂਪ ਲਾਏ ਗਏ ਤੇ 24 ਘੰਟੇ ਦੀ ਹੈਲਪਲਾਈਨ ਸ਼ੁਰੂ ਕੀਤੀ ਹੈ, ਤਾਂ ਜੋ ਇਰਾਕ ਵਿਚਲੇ ਭਾਰਤੀਆਂ ਨੂੰ ਵਾਪਸ ਲਿਆਂਦਾ ਜਾ ਸਕੇ।
ਰਾਜ ਮੰਤਰੀ ਨੇ ਦੱਸਿਆ ਕਿ ਭਾਰਤ ਸਰਕਾਰ ਇਰਾਕ ਵਿਚਲੇ ਭਾਰਤੀਆਂ ਤੇ ਇਥੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਲਗਾਤਾਰ ਸੰਪਰਕ ‘ਚ ਹੈ ਤੇ ਉਨ੍ਹਾਂ ਦੀ ਸੁਰੱਖਿਆ ਲਈ ਗੰਭੀਰ ਹੈ। ਉਨ੍ਹਾਂ ਦੱਸਿਆ ਕਿ ਇਰਾਕ ਸਰਕਾਰ ਨਾਲ ਵੀ ਤਾਲਮੇਲ ਕੀਤਾ ਹੈ, ਤਾਂ ਜੋ ਭਾਰਤੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਦੱਸਿਆ ਕਿ 39 ਭਾਰਤੀਆਂ ਦਾ ਇੱਕ ਗਰੁੱਪ, ਜੋ ਮੋਸੂਲ ਦੀ ਇੱਕ ਕੰਪਨੀ ‘ਚ ਕੰਮ ਕਰਦਾ ਸੀ ਤੇ ਜਿਸ ਨੂੰ ਆਈ.ਐੱਸ.ਆਈ.ਐੱਸ. ਨੇ ਅਗਵਾ ਕਰ ਲਿਆ ਸੀ, ਨੂੰ ਛੁਡਾਉਣ ਲਈ ਯਤਨ ਕੀਤੇ ਜਾ ਰਹੇ ਹਨ ਅਤੇ 3600 ਭਾਰਤੀਆਂ ਨੂੰ ਲੀਬੀਆ ਤੋਂ ਵਾਪਸ ਲਿਆਂਦਾ ਗਿਆ ਹੈ। ਇੱਕ ਅਨੁਮਾਨ ਮੁਤਾਬਕ ਦੋ ਹਜ਼ਾਰ ਭਾਰਤੀ ਅਜੇ ਲੀਬੀਆ ‘ਚ ਹਨ ਤੇ ਇਨ੍ਹਾਂ ਨੂੰ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ। ਮੰਤਰੀ ਨੇ ਦੱਸਿਆ ਕਿ ਭਾਰਤ ਸਰਕਾਰ ਨੇ ਅਪ੍ਰੈਲ 2015 ‘ਚ ਯਮਨ ‘ਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਲਿਆਉਣ ਲਈ ਅਪਰੇਸ਼ਨ ਰਾਹਤ ਚਲਾਇਆ ਸੀ ਤੇ ਇਸ ਦੇ ਤਹਿਤ 6710 ਲੋਕਾਂ, ਜਿਨ੍ਹਾਂ ਵਿਚ 4748 ਭਾਰਤੀ ਤੇ 1962 ਹੋਰ ਦੇਸ਼ਾਂ ਨਾਲ ਸਬੰਧਤ ਸਨ, ਨੂੰ ਬਚਾਇਆ ਗਿਆ।
ਉਨ੍ਹਾਂ ਦੱਸਿਆ ਕਿ ਵਿਦੇਸ਼ ਮੰਤਰਾਲੇ ਵੱਲੋਂ 24 ਘੰਟੇ ਹੈਲਪਲਾਈਨ ਲਈ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਨਾ ਦੀ ਅੰਬੈਸੀ ‘ਚ ਇੱਕ ਹੈਲਪਲਾਈਨ ਸਥਾਪਤ ਕੀਤੀ ਗਈ ਹੈ ਅਤੇ ਦਜੀਬੋਟੀ ‘ਚ ਇੱਕ ਕੈਂਪ ਵੀ ਲਾਇਆ ਗਿਆ ਹੈ।
There are no comments at the moment, do you want to add one?
Write a comment