ਵਾਸ਼ਿੰਗਟਨ ਵਿੱਚ  ਬੰਬ ਦੀ ਅਫਵਾਹ ਫੈਲਾਉਣ ਵਾਲੇ ਵਿਅਕਤੀ ਨੇ ਕੀਤਾ ਆਤਮ ਸਮਰਪਣ

303
Share

ਫਰਿਜ਼ਨੋ, (ਕੈਲੀਫੋਰਨੀਆ), 21 ਅਗਸਤ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ/ਪੰਜਾਬ ਮੇਲ)- ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ, ਡੀ ਸੀ ਵਿੱਚ ਵੀਰਵਾਰ ਨੂੰ ਇੱਕ ਵਿਅਕਤੀ ਵੱਲੋਂ ਕੈਪੀਟਲ ਦੀਆਂ ਸਰਕਾਰੀ ਇਮਾਰਤਾਂ ਕੋਲ ਆਪਣੇ ਪਿਕਅਪ ਟਰੱਕ ਵਿੱਚ ਬੰਬ ਹੋਣ ਦੀ ਅਫਵਾਹ ਫੈਲਾ ਕੇ ਇੱਕ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਗਿਆ। ਇਸ ਆਦਮੀ ਦੁਆਰਾ ਬੰਬ ਦੀ ਧਮਕੀ ਦੇਣ ਉਪਰੰਤ ਪੁਲਿਸ ਦੁਆਰਾ ਕਈ ਸਰਕਾਰੀ ਇਮਾਰਤਾਂ ਨੂੰ ਵੀਰਵਾਰ ਸਵੇਰੇ ਖਾਲੀ ਕਰਵਾਇਆ ਗਿਆ। ਪੁਲਿਸ ਦੁਆਰਾ ਦਿੱਤੀ ਜਾਣਕਾਰੀ ਅਨੁਸਾਰ  ਬੰਬ ਦੀ ਧਮਕੀ ਦੇਣ ਵਾਲੇ  ਉੱਤਰੀ ਕੈਰੋਲੀਨਾ ਦੇ 49 ਸਾਲਾਂ ਫਲਾਇਡ ਰੇ ਰੋਜ਼ਬੇਰੀ  ਨਾਮ ਦੇ ਵਿਅਕਤੀ ਨੇ ਵੀਰਵਾਰ ਦੁਪਹਿਰ ਨੂੰ ਆਤਮ ਸਮਰਪਣ ਕਰ ਦਿੱਤਾ ਸੀ ਅਤੇ ਉਹ ਹੁਣ ਹਿਰਾਸਤ ਵਿੱਚ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਦੌਰਾਨ ਟਰੱਕ ਵਿੱਚੋਂ ਕਿਸੇ ਤਰ੍ਹਾਂ ਦਾ ਵਿਸਫੋਟਕ ਉਪਕਰਣ ਨਹੀਂ ਮਿਲਿਆ, ਪਰ ਉਨ੍ਹਾਂ ਨੇ ਸੰਭਾਵਤ ਬੰਬ ​​ਬਣਾਉਣ ਵਾਲੀ ਸਮਗਰੀ ਨੂੰ ਜ਼ਬਤ ਕੀਤਾ।
ਕੈਪੀਟਲ ਪੁਲਿਸ ਨੇ ਦੱਸਿਆ ਕਿ ਰੋਜ਼ਬੇਰੀ ਨੇ ਆਪਣਾ ਪਿਕਅਪ ਟਰੱਕ ਕਾਂਗਰਸ ਦੀ ਲਾਇਬ੍ਰੇਰੀ ਦੇ ਸਾਹਮਣੇ ਕਈ ਘੰਟਿਆਂ ਤੋਂ ਖੜ੍ਹਾ ਕੇ ਰੱਖਿਆ ਸੀ ਅਤੇ ਉਸਨੇ ਇਹ ਵੀ ਕਿਹਾ ਸੀ ਕਿ ਉਸ ਕੋਲ ਵਿਸਫੋਟਕ ਉਪਕਰਣ ਹਨ। ਇਸਦੇ ਇਲਾਵਾ  ਅਧਿਕਾਰੀਆਂ ਨੇ ਕਿਹਾ ਕਿ ਉਸ ਦੇ ਹੱਥ ਵਿੱਚ ਇੱਕ ਡੈਟੋਨੇਟਰ ਫੜਿਆ ਵੀ ਜਾਪਦਾ ਸੀ।ਇਸ ਦੌਰਾਨ ਪੁਲਿਸ ਨੇ ਵਾਈਟ ਬੋਰਡ ‘ਤੇ  ਲਿਖ ਕੇ ਰੋਜ਼ਬੇਰੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ। ਜਦਕਿ ਕੁੱਝ ਸਮੇਂ ਪਿੱਛੋਂ ਰੋਜ਼ਬੇਰੀ ਆਪਣੇ ਟਰੱਕ ਤੋਂ ਬਾਹਰ ਨਿਕਲ ਆਇਆ ਅਤੇ ਬਿਨਾਂ ਕਿਸੇ ਹਿੰਸਕ ਘਟਨਾ ਦੇ ਆਤਮ ਸਮਰਪਣ ਕਰ ਦਿੱਤਾ। ਪੁਲਿਸ ਅਨੁਸਾਰ ਇਹ ਅਜੇ ਅਣਜਾਣ ਹੈ ਕਿ ਅਜਿਹਾ ਕਰਨ ਪਿੱਛੇ ਉਸਦਾ ਉਦੇਸ਼ ਕੀ ਹੋ ਸਕਦਾ ਸੀ।
ਇਸ ਘਟਨਾ ਦੌਰਾਨ ਪੁਲਿਸ ਨੇ ਸੁਰੱਖਿਆ ਦੇ ਉਦੇਸ਼ ਨਾਲ ਕੈਨਨ ਹਾਊਸ ਆਫਿਸ ਬਿਲਡਿੰਗ, ਇੱਕ ਕਾਂਗਰਸ ਦੇ ਦਫਤਰ ਦੀ ਇਮਾਰਤ ਨੂੰ ਖਾਲੀ ਕੀਤਾ ਗਿਆ। ਇਸਦੇ ਇਲਾਵਾ ਕਾਂਗਰਸ ਲਾਇਬ੍ਰੇਰੀ ਅਤੇ ਸੁਪਰੀਮ ਕੋਰਟ ਦੀ ਇਮਾਰਤ ਨੂੰ ਵੀ ਖਾਲੀ ਕਰਵਾ ਲਿਆ ਗਿਆ ਸੀ।

Share