ਵਾਸ਼ਿੰਗਟਨ ਦੇ ਹਿੰਸਕ ਪ੍ਰਦਰਸ਼ਨ ਦੌਰਾਨ ਪੁਲਿਸ ਦੀ ਗੋਲੀ ਨਾਲ ਮਾਰੀ ਗਈ ਮਹਿਲਾ ਦੀ ਹੋਈ ਪਛਾਣ 

146
Share

ਫਰਿਜ਼ਨੋ (ਕੈਲੀਫੋਰਨੀਆਂ), 8 ਜਨਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ/ਪੰਜਾਬ ਮੇਲ)-  ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ “ਚ ਟਰੰਪ ਹਮਾਇਤੀ ਲੋਕਾਂ ਵੱਲੋਂ ਕੀਤੇ ਗਏ ਹਿੰਸਕ ਵਿਰੋਧ ਵਿੱਚ ਪੁਲਿਸ ਦੀ ਜਵਾਬੀ ਕਾਰਵਾਈ ਦੌਰਾਨ ਗੋਲੀ ਲੱਗਣ ਨਾਲ ਮਾਰੀ ਗਈ ਔਰਤ ਦੀ ਪਛਾਣ ਸਾਹਮਣੇ ਆਈ ਹੈ। ਕੈਲੀਫੋਰਨੀਆਂ ਸੂਬੇ ਨਾਲ ਸੰਬੰਧਿਤ 35 ਸਾਲਾਂ ਐਸ਼ਲੀ ਬਬਿਟ ਨਾਮ ਦੀ ਇਹ ਮਹਿਲਾ ਹਵਾਈ ਫੌਜ ਦੀ ਸਾਬਕਾ ਅਧਿਕਾਰੀ ਹੈ। ਸੈਨ ਡਿਏਗੋ ਦੀ ਵਸਨੀਕ ਬਬਿਟ ਨੇ ਕੁਵੈਤ ਅਤੇ ਕਤਰ ਵਿੱਚ ਨੈਸ਼ਨਲ ਗਾਰਡਾਂ ਨਾਲ ਤਾਇਨਾਤੀਆਂ ਤੋਂ ਪਹਿਲਾਂ, ਹਵਾਈ ਸੈਨਾ ਵਿੱਚ ਅਫਗਾਨਿਸਤਾਨ ਅਤੇ ਇਰਾਕ ਵਿੱਚ ਸੇਵਾ ਕੀਤੀ ਸੀ। ਟਰੰਪ ਦੀ ਸਮਰਥਕ ਇਸ ਮਹਿਲਾ ਦੀ ਪਛਾਣ ਉਸਦੇ ਪਰਿਵਾਰ ਦੁਆਰਾ ਕੀਤੀ ਗਈ ਹੈ । ਸੈਨ ਡੀਏਗੋ ਨਿਊਜ਼ ਆਊਟਲੈਟ ਦੇ ਅਨੁਸਾਰ ਇਸ ਮਹਿਲਾ ਦੇ ਸਾਬਕਾ ਪਤੀ ਨੇ ਦੱਸਿਆ ਕਿ ਐਸ਼ਲੀ ਬਬਿਟ  ਹਵਾਈ ਸੈਨਾ ਦੀ ਇੱਕ ਸੁਰੱਖਿਆ ਅਧਿਕਾਰੀ ਸੀ। ਇਸ ਟਰੰਪ ਹਮਾਇਤੀ ਔਰਤ ਨਾਲ ਸੰਬੰਧਿਤ ਟਵਿੱਟਰ ‘ਤੇ ਪੋਸਟ ਕੀਤੀ ਗਈ ਵੀਡੀਓ ਵਿੱਚ ਬਬਿਟ ਨੂੰ “ਸਪੀਕਰ ਦੀ ਲਾਬੀ” ਦੇ ਦਰਵਾਜ਼ੇ ਦੀ ਟੁੱਟੀ ਹੋਈ ਖਿੜਕੀ ਵਿੱਚੋਂ ਦੀ ਚੜ੍ਹਨ ਵੇਲੇ ਗੋਲੀ ਮਾਰ ਦਿੱਤੀ ਗਈ ਦਿਸਦੀ ਹੈ।ਇਸ ਦੌਰਾਨ ਬਬਿਟ ਨੂੰ ਗਰਦਨ ਵਿੱਚ ਗੋਲੀ ਲੱਗੀ ਜੋ ਕਿ ਉਸਦੀ ਮੌਤ ਦਾ ਕਾਰਨ ਬਣ ਗਈ।ਜਦਕਿ ਪੁਲਿਸ ਦੁਆਰਾ ਅਜੇ ਇਸਦੀ ਪੁਸ਼ਟੀ ਬਾਕੀ ਹੈ ਅਤੇ ਮਹਿਲਾ ਦੇ ਪਰਿਵਾਰ ਵਾਲੇ ਵੀ ਅਧਿਕਾਰੀਆਂ ਨਾਲ ਸੰਪਰਕ ਨਹੀ ਕਰ ਪਾਏ ਹਨ। ਬਬਿਟ ਦੇ ਸਾਬਕਾ ਪਤੀ, ਟਿਮਥੀ ਮੈਕਨੇਟੀ ਨੇ ਇੱਕ ਈਮੇਲ ਵਿੱਚ ਦੱਸਿਆ ਕਿ ਇਹਨਾਂ ਦੋਹਾਂ ਨੇ 2005 ਵਿੱਚ ਵਿਆਹ ਕੀਤਾ ਸੀ ਜਦਕਿ 2019 ਵਿੱਚ ਤਲਾਕ ਹੋਣ ਦੇ ਬਾਅਦ ਬਬਿਟ ਨੇ ਫਿਰ ਦੂਜਾ  ਵਿਆਹ ਕਰਵਾ ਲਿਆ ਸੀ।

Share