‘ਵਾਟਰ ਫਰੰਟ’ ਉਤੇ ਸੈਂਕੜੇ ਸਿਰਾਂ ‘ਤੇ ਸਜੀਆਂ ਦਸਤਾਰਾਂ; ਟੌਰੰਗਾ ਕੌਂਸਿਲ ਸਫਲਤਾ ਵੇਖ ਹੋਈ ਗਦ-ਗਦ

57
'‘ਟੌਰੰਗਾ ਟਰਬਨ ਡੇਅ' ਮੌਕੇ ਦਸਤਾਰਾਂ ਸਜਾਉਣ ਦੇ ਦ੍ਰਿਸ਼। 
Share

‘ਟੌਰੰਗਾ ਟਰਬਨ ਡੇਅ’-ਸੁੰਦਰ ਦਸਤਾਰਾਂ-ਸੋਹਣੇ ਮੁੱਖੜੇ
-ਸਲਾਨਾ ਕੈਲੰਡਰ ਵਿਚ ਦਰਜ ਹੋ ਸਕਦਾ ਇਹ ਦਿਨ
-ਬੇਅ ਆਫ ਪਲੈਂਟੀ ਸਪੋਰਟਸ ਕਲੱਬ ਦੇ ਵਲੰਟੀਅਰ ਰਹੇ ‘ਓਸੱਮ’
ਆਕਲੈਂਡ, 5 ਅਕਤੂਬਰ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਗੁਰਦੁਆਰਾ ਸਿੱਖ ਸੰਗਤ ਟੌਰੰਗਾ ਸਿਟੀ ਵੱਲੋਂ ਅੱਜ ‘ਟੌਰੰਗਾ ਸਿਟੀ ਕੌਂਸਿਲ’ ਦੀ ਸਹਾਇਤਾ ਨਾਲ ਤੀਜਾ ਸਲਾਨਾ ‘ਟੌਰੰਗਾ ਟਰਬਨ ਡੇਅ’ (ਟੌਰੰਗਾ ਦਸਤਾਰ ਦਿਵਸ) ਸਵੇਰੇ 11.30 ਵਜੇ ਤੋਂ 2 ਵਜੇ ਤੱਕ ‘ਟੌਰੰਗਾ ਵਾਟਰ ਫਰੰਟ’ ਉਤੇ ਮਨਾਇਆ ਗਿਆ। ਨਵੀਂਆਂ ਪੱਗਾਂ ਦੇ ਥਾਨ, ਅਤੇ ਘਰਾਂ ਤੋਂ ਲਿਆਂਦੀਆਂ ਸਾਫ-ਸੁਥਰੀਆਂ ਪੱਗਾਂ ਵੱਖਰਾ ਹੀ ਨਜ਼ਾਰਾ ਬਣਾ ਗਈਆਂ। ਦੂਜੀਆਂ ਕੌਮਾਂ ਦੇ ਸਿਰਾਂ ‘ਤੇ ਦਸਤਾਰਾਂ ਸਜਾ ਕੇ ਪੱਗ ਦੀ ਮਹੱਤਤਾ ਦਾ ਅਹਿਸਾਸ ਕਰਾਉਣ ਦੇ ਲਈ ਜਿੱਥੇ ਬੇਅ ਆਫ ਪਲੈਂਟੀ ਸਪੋਰਟਸ ਕਲੱਬ ਦੇ ਵਲੰਟੀਅਰ ਪੱਬਾਂ ਭਾਰ ਰਹਿ ਕੇ ‘ਓਸੱਮ’ ਦਾ ਖਿਤਾਬ ਲੈ ਗਏ ਉਥੇ ਰਿਸ਼ੀ ਪ੍ਰੀਤ, ਭਾਈ ਮਲਕੀਤ ਸਿੰਘ ਸੁੱਜੋਂ ਅਤੇ ਸ. ਚਰਨਜੀਤ ਸਿੰਘ ਦਾਨਾ ਨੇ ਆਪਣੀਆਂ-ਆਪਣੀਆਂ ਡਿਊਟੀਆਂ ਨਿਭਾਉਂਦਿਆਂ ਵਾਟਰ ਫਰੰਟ ਉਤੇ ਚਮਕਦੇ ਜਲ ਦੀਆਂ ਤਰੰਗਾਂ ਨੂੰ ਰੰਗ-ਬਿਰੰਗੀਆਂ ਦਸਤਾਰਾਂ ਦੇ ਨਾਲ ਹੋਰ ਸਤਰੰਗਾ ਬਣਾ ਦਿੱਤਾ। ਟੌਰੰਗਾ ਸਿਟੀ ਕੌਂਸਿਲ ਤੋਂ ਜੋਅ ਲਇੰਕੀ (5vent 3ity 5vents 6acilitator) ਹੈਡੀ ਕਾਲੀਰਾਏ, (ਸਥਾਨਕ ਕਮਿਊਨਿਟੀ ਕੋ-ਆਰਡੀਨੇਟਰ), ਮਲਟੀਕਲਚਰਲ ਟੌਰੰਗਾ ਤੋਂ ਪ੍ਰਧਾਨ  ਪਰਮਿਲਾ ਡੀ’ਮੈਲੋ, ਵੈਸਟਰਟ ਬੇਅ ਆਫ ਪਲੈਂਟੀ ਦੀ ਕੌਂਸਲਰ ਮਾਰਗ੍ਰੇਟ ਮੂਰੇ ਬੈਂਗੇ, ਕਮਿਊਨਿਟੀ ਕਾਂਸਟੇਬਲ, ਔਕਲੈਂਡ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਅਤੇ ਆਨਰੇਰੀ ਭਾਰਤੀ ਕੌਂਸਿਲ ਸ. ਭਵਦੀਪ ਸਿੰਘ ਢਿੱਲੋਂ ਪਹੁੰਚੇ। ਸ. ਪੂਰਨ ਸਿੰਘ ਬੰਗਾ ਹੋਰਾਂ ਦੱਸਿਆ ਕਿ ਇਸ ਵਾਰ ਪਿਛਲੇ 2 ਸਾਲਾਂ ਤੋਂ ਵੀ ਵੱਧ ਲੋਕਾਂ ਦੇ ਵਿਚ ਉਤਸ਼ਾਹ ਵੇਖਣ ਨੂੰ ਮਿਲਿਆ। ਲੰਗਰ ਵਾਸਤੇ ਕੜ੍ਹੀ-ਚਾਵਲ, ਪਾਣੀ ਦੀਆਂ ਬੋਤਲਾਂ, ਚਾਹ ਅਤੇ ਹੋਰ ਖਾਣ-ਪੀਣ ਦਾ ਸਮਾਨ ਰੱਖਿਆ ਗਿਆ ਸੀ।  ਟੌਰੰਗਾ ਅਤੇ ਇਲਾਕੇ ਦੇ ਵਿਚ ਵਸਦੇ ਸਿੱਖਾਂ ਦੀ ਪਹਿਚਾਣ ਦਰਸਾਉਣ ਦੇ ਮਕਸਦ ਨਾਲ ਗੁਰਦਆਰਾ ਸਿੱਖ ਸੰਗਤ ਟੌਰੰਗਾ ਸਿਟੀ ਨੂੰ ਮਾਣ ਹੈ ਕਿ ਇਥੇ ਪਹਿਲੀ ਵਾਰ ਜਨਵਰੀ 2014 ਦੇ ਵਿਚ ਨਗਰ ਕੀਰਤਨ ਸਜਾਇਆ ਗਿਆ ਸੀ ਅਤੇ ਹੁਣ ਤੱਕ 7 ਨਗਰ ਕੀਰਤਨ ਹੋ ਚੁੱਕੇ ਹਨ। ‘ਟੌਰੰਗਾ ਟਰਬਨ ਡੇਅ’ ਹੁਣ ਟੌਰੰਗਾ ਸਿਟੀ ਕੌਂਸਿਲ ਵੱਲੋਂ ਹਰ ਸਾਲ ਮਨਾਇਆ ਜਾਣਾ ਅਤੇ ਇਸਨੂੰ ਸਲਾਨਾ ਕੈਲੰਡਰ ਦੇ ਵਿਚ ਸ਼ਾਮਿਲ ਕਰਨ ਦਾ ਸੰਕੇਤ ਮਿਲਣਾ ਵੀ ਸਿੱਖਾਂ ਦੀ ਪਛਾਣ ਦੇ ਲਈ ਇਕ ਵੱਡਾ ਪਲੇਟਫਾਰਮ ਹੈ। ਦਸਤਾਰਾਂ ਦੀ ਮਹੱਤਤਾ ਨੂੰ ਵਧਾਉਣ ਵਾਸਤੇ ਅਜਿਹੇ ਉਪਰਾਲੇ ਸਿੱਖ ਪਛਾਣ ਦਾ ਬਿਹਤਰੀਨ ਜ਼ਰੀਆ ਵੀ ਹਨ ਤਾਂ ਕਿ ਲੋਕਾਂ ਨੂੰ ਸਿੱਖਾਂ ਬਾਰੇ ਕਈ ਵਾਰ ਪੈਂਦੇ ਭੁਲੇਖਿਆਂ ਨੂੰ ਘੱਟ ਕੀਤਾ ਜਾ ਸਕੇ। ਇਸ ਵਾਰ ਵੀ 300 ਤੋਂ ਜਿਆਦਾ ਵੱਖ-ਵੱਖ ਕੌਮਾਂ ਦੇ ਲੋਕਾਂ ਨੇ ਸਿਰਾਂ ‘ਤੇ ਰੰਗ-ਬਿਰੰਗੀਆਂ ਦਸਤਾਰਾਂ ਸਜਾ ਕੇ ਇਸ ਦਿਨ ਨੂੰ ‘ਦਸਤਾਰ ਦਿਵਸ’ ਦੇ ਰੂਪ ਵਿਚ ਬਦਲ ਦਿੱਤਾ। ਕਈ ਦਿਨ ਤੱਕ ਇਹ ਦਸਤਾਰਾਂ ਹੁਣ ਸ਼ੋਸ਼ਲ ਮੀਡੀਏ ਉਤੇ ਵੀ ਛਾਈਆਂ ਰਹਿਣਗੀਆਂ। ਪੁਲਿਸ ਵਿਭਾਗ ਤੋਂ ਵੀ ਕੁਝ ਸਟਾਫ ਇਸ ਮੌਕੇ ਹਾਜ਼ਿਰ ਰਿਹਾ। ਕੁੱਲ ਮਿਲਾ ਕੇ ਇਹ ਦਸਤਾਰ ਦਿਵਸ ਅੱਜ ਟੌਰੰਗਾ ਦੇ ਵਿਚ ਦਸਤਾਰ ਦਾ ਸੁਨੇਹਾ ਜਰੂਰ ਛੱਡ ਗਿਆ।


Share