ਵਾਈਟ ਹਾਊਸ ਅੱਗੇ ਬੰਗਲਾਦੇਸ਼ੀ ਹਿੰਦੂਆਂ ਵੱਲੋਂ ਪ੍ਰਦਰਸ਼ਨ

ਵਾਸ਼ਿੰਗਟਨ, 12 ਦਸੰਬਰ (ਪੰਜਾਬ ਮੇਲ)- ਮੁਸਲਿਮ ਅਬਾਦੀ ਵਾਲੇ ਮੁਲਕ ਬੰਗਲਾਦੇਸ਼ ’ਚ ਘੱਟ ਗਿਣਤੀ ਹਿੰਦੂਆਂ ਖ਼ਿਲਾਫ਼ ਹੋ ਰਹੇ ਹਮਲਿਆਂ ਨੂੰ ਰੋਕਣ ਲਈ ਬੰਗਲਾਦੇਸ਼ੀ ਹਿੰਦੂਆਂ ਨੇ ਵਾਈਟ ਹਾਊਸ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਅਪੀਲ ਕੀਤੀ ਕਿ ਉਹ ਹਿੰਦੂਆਂ ਦੀ ਰਾਖੀ ਦੇ ਉਪਰਾਲੇ ਕਰਨ। ਸ੍ਰੀ ਓਬਾਮਾ ਨੂੰ ਐਤਵਾਰ ਨੂੰ ਸੌਂਪੇ ਮੰਗ ਪੱਤਰ ’ਚ ਕਿਹਾ ਗਿਆ ਹੈ ਕਿ ਬੰਗਲਾਦੇਸ਼ ਪ੍ਰਸ਼ਾਸਨ ਨੂੰ ਹਿੰਦੂਆਂ ਦੀਆਂ ਚਿੰਤਾਵਾਂ ਪਹੁੰਚਾ ਦਿੱਤੀਆਂ ਜਾਣ ਤਾਂ ਜੋ ਕੋਈ ਢੁੱਕਵਾਂ ਹੱਲ ਕੱਢਿਆ ਜਾ ਸਕੇ। ਹਿੰਦੂ ਬੋਧੀ ਕ੍ਰਿਸ਼ਚੀਅਨ ਯੂਨਿਟੀ ਕੌਂਸਿਲ ਅਮਰੀਕਾ ਵੱਲੋਂ ਕੀਤੇ ਗਏ ਪ੍ਰਦਰਸ਼ਨ ਦੌਰਾਨ ਘੱਟ ਗਿਣਤੀਆਂ ਖ਼ਿਲਾਫ਼ ਹੋ ਰਹੇ ਹਮਲਿਆਂ ’ਤੇ ਰੋਸ ਜ਼ਾਹਰ ਕੀਤਾ ਗਿਆ ਅਤੇ ਕਿਹਾ ਗਿਆ ਕਿ ਬੰਗਲਾਦੇਸ਼ੀ ਸਰਕਾਰ ਪੀੜਤਾਂ ਦੀ ਸਹਾਇਤਾ ਲਈ ਅੱਗੇ ਨਹੀਂ ਆਈ। ਮੰਗ ਪੱਤਰ ’ਚ ਕਿਹਾ ਗਿਆ ਹੈ ਕਿ ਹਿੰਦੂਆਂ ਦੇ ਘਰਾਂ ਅਤੇ ਮੰਦਰਾਂ ਨੂੰ ਨੁਕਸਾਨ ਪਹੁੰਚਾਇਆ ਜਾਣਾ ਆਮ ਜਿਹੀ ਗੱਲ ਬਣ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਜ਼ਮੀਨਾਂ ’ਤੇ ਕਬਜ਼ੇ, ਕਤਲ ਅਤੇ ਬਲਾਤਕਾਰ ਦੀਆਂ ਘਟਨਾਵਾਂ ਵੀ ਵਾਪਰਦੀਆਂ ਰਹਿੰਦੀਆਂ ਹਨ। ਪਿਛਲੇ ਮਹੀਨੇ ਵੀ ਇਸੇ ਜਥੇਬੰਦੀ ਨੇ ਨਿਊਯਾਰਕ ’ਚ ਟਰੰਪ ਟਾਵਰਜ਼ ਮੂਹਰੇ ਪ੍ਰਦਰਸ਼ਨ ਕੀਤੇ ਸਨ। ਮੰਗ ਪੱਤਰ ਮੁਤਾਬਕ ਬੰਗਲਾਦੇਸ਼ੀ ਸਰਕਾਰ ਧਰਮ ਨਿਰਪੱਖਤਾ ਦਾ ਨਾਅਰਾ ਲਾਉਂਦੀ ਰਹਿੰਦੀ ਹੈ ਪਰ ਅਸਲੀਅਤ ’ਚ ਉਹ ਘੱਟ ਗਿਣਤੀਆਂ ਖ਼ਿਲਾਫ਼ ਜ਼ੁਲਮ ਨੂੰ ਸ਼ਹਿ ਦੇ ਰਹੀ ਹੈ।
There are no comments at the moment, do you want to add one?
Write a comment