ਵਰਜੀਨੀਆ ‘ਚ ਸਕੂਲੀ ਅਧਿਆਪਕ ਨੇ ਖਿੱਚਿਆ ਮੁਸਲਿਮ ਵਿਦਿਆਰਥਣ ਦਾ ਹਿਜਾਬ

ਨਿਊਯਾਰਕ, 19 ਨਵੰਬਰ (ਪੰਜਾਬ ਮੇਲ)- ਇਕ ਮੁਸਲਿਮ ਵਿਦਿਆਰਥਣ ਨੇ ਦੋਸ਼ ਲਾਇਆ ਹੈ ਕਿ ਅਮਰੀਕਾ ਦੇ ਵਰਜੀਨੀਆ ਸੂਬੇ ਵਿਚ ਇਕ ਸਕੂਲੀ ਅਧਿਆਪਕ ਨੇ ਉਸ ਦਾ ਹਿਜਾਬ ਖਿੱਚਿਆ। ਇਕ ਰਿਪੋਰਟ ਮੁਤਾਬਕ ਲੇਕ ਬਰੇਡਡੌਕ ਹਾਈ ਸਕੂਲ ਵਿਚ ਅਧਿਆਪਕ ਨੇ ਉਸ ਸਮੇਂ ਲੜਕੀ ਦਾ ਹਿਜਾਬ ਖਿੱਚਿਆ, ਜਦੋਂ ਉਹ ਆਪਣੇ ਦੋਸਤਾਂ ਨਾਲ ਗੱਲ ਕਰ ਰਹੀ ਸੀ। ਵਿਦਿਆਰਥਣ ਨੇ ਟਵੀਟ ਕੀਤਾ, ”ਮੇਰਾ ਹਿਜਾਬ ਮੇਰੇ ਸਿਰ ਤੋਂ ਹਟਾ ਦਿੱਤਾ ਗਿਆ। ਇਸ ਤੋਂ ਬਾਅਦ ਅਧਿਆਪਕ ਨੇ ਕਿਹਾ ”ਓਹ ਤੁਹਾਡੇ ਵਾਲੇ ਬਹੁਤ ਸੋਹਣੇ ਹਨ।” ਇਸ ਘਟਨਾ ਤੋਂ ਬਾਅਦ ਉਸ ਨੇ ਆਪਣੇ ਮਾਤਾ-ਪਿਤਾ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੇ ਸਕੂਲ ਅਤੇ ਇਕ ਮਸਜਿਦ ਨਾਲ ਸੰਪਰਕ ਕਾਇਮ ਕੀਤਾ।
ਇਕ ਅਖਬਾਰ ਨੇ ਦੋਸ਼ੀ ਅਧਿਆਪਕ ਦੇ ਹਵਾਲੇ ਤੋਂ ਦੱਸਿਆ ਕਿ ਅਧਿਆਪਕ ਨੇ ਹੋਰ ਅਧਿਆਪਕਾ ਨੂੰ ਕਿਹਾ ਕਿ ਉਸ ਨੇ ਸੋਚਿਆ ਕਿ ਵਿਦਿਆਰਥਣ ਨੇ ਹਿਜਾਬ ਦੇ ਉੱਪਰ ਇਕ ਟੋਪੀ ਪਹਿਨੀ ਹੈ। ਉਹ ਟੋਪੀ ਹਟਾਉਣ ਲਈ ਪਹੁੰਚੇ ਅਤੇ ਹਿਜਾਬ ਉਤਰ ਗਿਆ। ਇਸ ਘਟਨਾ ਦੀ ਮੁਸਲਿਮ ਸੰਗਠਨਾਂ ਅਤੇ ਹੋਰ ਲੋਕਾਂ ਨੇ ਨਿੰਦਾ ਕੀਤੀ ਹੈ। ਸਕੂਲ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ।
ਸਕੂਲ ਦੇ ਪ੍ਰਿੰਸੀਪਲ ਡੇਵਿਡ ਥਾਮਸ ਨੇ ਕਿਹਾ ਕਿ ਅਧਿਆਪਕ ਦਾ ਇਹ ਕੰਮ ਠੀਕ ਨਹੀਂ ਹੈ ਅਤੇ ਅਧਿਆਪਕ ਨੇ ਵਿਦਿਆਰਥਣ ਅਤੇ ਉਸ ਦੇ ਪਰਿਵਾਰ ਤੋਂ ਮੁਆਫ਼ੀ ਮੰਗੀ ਹੈ। ਅਧਿਆਪਕ ਨੂੰ ਛੁੱਟੀ ‘ਤੇ ਭੇਜ ਦਿੱਤਾ ਗਿਆ ਹੈ, ਜਦਕਿ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ। ਇਸ ਘਟਨਾ ਨੂੰ ਲੈ ਕੇ ਫੇਅਰਫੈਕਸ ਕਾਊਂਟੀ ਪਬਲਿਕ ਸਕੂਲ ਦੇ ਬੁਲਾਰੇ ਜੌਨ ਟੂਰੇ ਨੇ ਵੀ ਅਧਿਆਪਕ ਦੇ ਇਸ ਕੰਮ ਦੀ ਨਿੰਦਾ ਕੀਤੀ ਅਤੇ ਇਸ ਨੂੰ ਨਾ-ਮਨਜ਼ੂਰ ਦੱਸਿਆ ਹੈ।