ਵਰਕ ਪਰਮਿਟ ‘ਤੇ ਕੈਨੇਡਾ ਆਏ ਕਾਮਿਆਂ ਨੂੰ ਬਿਨਾਂ ਸ਼ਰਤਾਂ ਪੱਕੇ ਕਰ ਸਕਦੀ ਹੈ ਕੈਨੇਡਾ ਸਰਕਾਰ!

168
Share

ਐਡਮਿੰਟਨ, 5 ਨਵੰਬਰ (ਪੰਜਾਬ ਮੇਲ)- ਪਿਛਲੇ ਕਾਫ਼ੀ ਸਮੇਂ ਤੋਂ ਮੈਂਬਰ ਪਾਰਲੀਮੈਂਟ ਰਣਦੀਪ ਸਿੰਘ ਸਰਾਏ ਤੇ ਕੁਝ ਪਾਰਲੀਮੈਂਟ ਮੈਂਬਰਾਂ ਨੇ ਜਸਟਿਨ ਟਰੂਡੋ ਸਰਕਾਰ ਤੋਂ ਮੰਗ ਕੀਤੀ ਹੋਈ ਸੀ ਕਿ ਉਹ ਵਰਕ ਪਰਮਿਟ ‘ਤੇ ਕੰਮ ਕਰਦੇ ਸਾਰੇ ਕਾਮਿਆਂ ਨੂੰ ਬਿਨਾਂ ਸ਼ਰਤ ਦੇ ਪੱਕਾ ਕਰਨ ਤਾਂ ਜੋ ਉਹ ਖੁੱਲ੍ਹ ਕੇ ਕੈਨੇਡਾ ਸਰਕਾਰ ਨੂੰ ਵੱਧ ਤੋਂ ਵੱਧ ਟੈਕਸ ਜਮ੍ਹਾ ਕਰਵਾਉਣ ਤੇ ਦੇਸ਼ ਦੀ ਤਰੱਕੀ ਨਾਲ ਜੁੜ ਸਕਣ।
ਰਣਦੀਪ ਸਿੰਘ ਸਰਾਏ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਗੱਲ ‘ਤੇ ਅਮਲ ਕਰ ਲਿਆ ਹੈ ਤੇ ਉਨ੍ਹਾਂ ਇਕ ਪੱਤਰ ਜਾਰੀ ਕੀਤਾ ਹੈ, ਜਿਸ ਅਨੁਸਾਰ ਉਨ੍ਹਾਂ ਕਿਹਾ ਕਿ ਤੁਹਾਡੀ ਮੰਗ ਵਾਜਿਬ ਹੈ ਤੇ ਇਸ ‘ਤੇ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਤੇ ਕਮੇਟੀ ਜਲਦੀ ਫ਼ੈਸਲਾ ਦੇਵੇਗੀ। ਸਰਾਏ ਨੇ ਦੱਸਿਆ ਹੈ ਕਿ ਉਨ੍ਹਾਂ ਇਹ ਮੰਗ ਵਿਸ਼ੇਸ਼ ਤੌਰ ‘ਤੇ ਰੱਖੀ ਸੀ ਕਿ ਇਨ੍ਹਾਂ ਕਾਮਿਆਂ ਨੂੰ ਪੱਕੇ ਕਰਨ ‘ਤੇ ਲਗਾਈ ਗਈ ਆਈਲੈਟਸ ਟੈਸਟ ਦੀ ਸ਼ਰਤ ਨੂੰ ਹਟਾ ਦਿੱਤਾ ਜਾਵੇ ਕਿਉਂਕਿ ਬਹੁਤ ਸਾਰੇ ਕਾਮੇ ਆਪਣੇ ਭਾਈਚਾਰੇ ਵਿਚ ਤੇ ਆਪਣੀ ਬੋਲੀ ਅਨੁਸਾਰ ਕੰਮ ਕਰਦੇ ਹਨ। ਉਨ੍ਹਾਂ ਲਈ ਇਹ ਸ਼ਰਤ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਇਸ ਸ਼ਰਤ ਨੂੰ ਹਟਾਉਣ ਦੀ ਹਾਮੀ ਭਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਕੈਨੇਡਾ ਸਰਕਾਰ ਦੇ ਨਵੇਂ ਅੰਕੜੇ ਮੁਤਾਬਕ 2040 ਤੱਕ ਕੈਨੇਡਾ ਨੂੰ ਪ੍ਰਵਾਸੀਆਂ ਦੀ ਭਾਰੀ ਮੰਗ ਪੂਰੀ ਕਰਨੀ ਪਵੇਗੀ ਪਰ ਸਰਕਾਰ ਇਸ ਮੰਗ ਨੂੰ ਹਰ ਸਾਲ ਪੂਰਾ ਕਰ ਕੇ ਆਉਣ ਵਾਲੇ ਸਮੇਂ ਵਿਚ ਕੋਈ ਤਕਲੀਫ਼ ਨਾ ਆਵੇ, ਉਸ ਸਭ ਨੂੰ ਲੈ ਕੇ ਪੂਰੀ ਨਜ਼ਰ ਰੱਖ ਰਹੀ ਹੈ।


Share