ਲੰਬੇ ਸਮੇਂ ਤੋਂ ਸ਼ਾਂਤ ਬੈਠੇ ਨਵਜੋਤ ਸਿੰਘ ਸਿੱਧੂ ਦਾ ਨਾਂ ਇਕ ਵਾਰ ਫਿਰ ਸਿਆਸੀ ਮਾਹਰਾਂ ਲਈ ਚਰਚਾ ਦਾ ਵਿਸ਼ਾ ਬਣਿਆ

590
Share

ਬਰੇਟਾ, 7 ਜੂਨ (ਪੰਜਾਬ ਮੇਲ)-2022 ‘ਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਤਿੰਨੇ ਮੁੱਖ ਸਿਆਸੀ ਧਿਰਾਂ ਨੇ ਹੁਣ ਤੋਂ ਹੀ ਸਿਆਸੀ ਮੈਦਾਨ ਤਿਆਰ ਕਰਨ ਦੀ ਕਵਾਇਦ ਵਿੱਢ ਦਿੱਤੀ ਹੈ। ਲੰਬੇ ਸਮੇਂ ਤੋਂ ਸ਼ਾਂਤ ਬੈਠੇ ਨਵਜੋਤ ਸਿੰਘ ਸਿੱਧੂ ਦਾ ਨਾਂ ਇਕ ਵਾਰ ਫਿਰ ਸਿਆਸੀ ਮਾਹਰਾਂ ਲਈ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਮੌਜੂਦਾ ਹਾਲਾਤ ‘ਚ ਨਵਜੋਤ ਸਿੰਘ ਸਿੱਧੂ ਦੇ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਣ ਦੀਆਂ ਅਫਵਾਹਾਂ ਦਾ ਬਾਜ਼ਾਰ ਪੂਰੀ ਤਰ੍ਹਾਂ ਗਰਮ ਹੈ। ਬੇਸ਼ੱਕ ਨਵਜੋਤ ਸਿੰਘ ਸਿੱਧੂ ਅਤੇ ਆਦਮੀ ਪਾਰਟੀ ਵਲੋਂ ਇਸ ਤਰ੍ਹਾਂ ਦੀਆਂ ਗੱਲਾਂ ਹੋਣ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਪਰ ਇਸ ਵਾਰ ਸਿਆਸੀ ਮਾਹਰਾਂ ਵਲੋਂ ਸਿੱਧੂ ਦੀ ਚੁੱਪੀ ਦੇ ਵੱਖ-ਵੱਖ ਮਾਇਨੇ ਕੱਢੇ ਜਾ ਰਹੇ ਹਨ। ਜੇਕਰ ਦੇਖਿਆ ਜਾਵੇ ਤਾਂ ਸਿੱਧੂ ਦਾ ਕੱਦ ਪੰਜਾਬ ਦੀ ਸਿਆਸਤ ‘ਚ ਬਹੁਤ ਉੱਚਾ ਮੰਨਿਆ ਜਾਂਦਾ ਹੈ ਅਤੇ ਉਹ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦੇ ਕਾਫੀ ਨਜ਼ਦੀਕੀ ਮੰਨੇ ਜਾਂਦੇ ਹਨ। ਇਸ ਲਈ ਕਾਂਗਰਸ ਪਾਰਟੀ ਇਸ ਚੋਟੀ ਦੇ ਨੇਤਾ ਨੂੰ ਆਸਾਨੀ ਨਾਲ ਨਹੀਂ ਗਵਾਏਗੀ। ਦੂਸਰੇ ਪਾਸੇ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨਾਲ ਸਮਝੌਤਾ ਨਾ ਹੋਣ ਕਾਰਨ ਸਿੱਧੂ ਨੇ ਕਾਂਗਰਸ ਦਾ ਪੱਲਾ ਫੜ ਲਿਆ ਸੀ ਪਰ ਉਹ ਸਰਕਾਰ ਬਣਨ ਦੇ ਬਾਅਦ ਤੋਂ ਹੀ ਆਪਣੀ ਪਾਰਟੀ ਨੂੰ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਕਟਹਿਰੇ ‘ਚ ਖੜ੍ਹਾ ਕਰਦੇ ਰਹੇ ਹਨ।

ਦੂਜੇ ਪਾਸੇ ਆਮ ਆਦਮੀ ਪਾਰਟੀ ਵੀ 2017 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਹੋਈਆਂ ਗਲਤੀਆਂ ਨੂੰ ਸੁਧਾਰ ਕੇ ਸਿੱਧੂ ਵਰਗੇ ਕੱਦਾਵਰ ਨੇਤਾ ਨੂੰ ਗਵਾਉਣ ਦੀ ਗਲਤੀ ਦੁਬਾਰਾ ਨਹੀਂ ਕਰਨੀ ਚਾਹੇਗੀ। ਜੇਕਰ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਦਾ ਮੁੱਦਾ ਅਕਾਲੀ ਦਲ ਲਈ ਸਿਰਦਰਦੀ ਬਣ ਸਕਦਾ ਹੈ, ਜਿਸ ਨੂੰ ਲੈ ਕੇ ‘ਆਪ’ ਅਤੇ ਕਾਂਗਰਸ ਵਲੋਂ ਅਕਾਲੀ ਦਲ ‘ਤੇ ਨਿਸ਼ਾਨੇ ਵੀ ਲਾਏ ਜਾ ਰਹੇ ਹਨ।


Share