ਲੰਡਨ ‘ਚ ਹੋਈ ਨਿਲਾਮੀ ‘ਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਾ 19ਵੀਂ ਸਦੀ ਦਾ ਦੁਰਲੱਭ ਚਿੱਤਰ 75 ਲੱਖ ‘ਚ ਵਿਕਿਆ

76
ਸ੍ਰੀ ਦਰਬਾਰ ਸਾਹਿਬ ਦਾ ਦੁਰਲੱਭ ਚਿੱਤਰ।
Share

*   ਮਹਾਰਾਣੀ ਜਿੰਦ ਕੌਰ ਦੇ ‘ਚੰਦ ਟਿੱਕਾ’ ਦਾ 62 ਲੱਖ ਰੁਪਏ ਲੱਗਾ ਮੁੱਲ
ਲੰਡਨ, 29 ਅਕਤੂਬਰ (ਪੰਜਾਬ ਮੇਲ)-ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਾ 19ਵੀਂ ਸਦੀ ਦਾ ਦੁਰਲੱਭ ਚਿੱਤਰ ਤੇ ਮਹਾਰਾਣੀ ਜਿੰਦ ਕੌਰ ਦੇ ‘ਚੰਦ ਟਿੱਕਾ’ ਸਮੇਤ ਬੇਸ਼ਕੀਮਤੀ ਵਸਤੂਆਂ ਦੀ ਲੰਡਨ ‘ਚ ਨਿਲਾਮੀ ਹੋਈ। ਸ੍ਰੀ ਦਰਬਾਰ ਸਾਹਿਬ ਦੇ ਦੁਰਲੱਭ ਚਿੱਤਰ ਨੂੰ ਪ੍ਰਸਿੱਧ ਬਰਤਾਨਵੀ ਚਿੱਤਰਕਾਰ ਸਿਰਿਲਾ ਵਿਜ਼ਮੈਨ ਹਰਬਰਟ (ਜੋ ਰਾਇਲ ਅਕਾਦਮਿਕ ਜੌਹਨ ਰੌਜ਼ਰਜ਼ ਹਰਬਰਟ ਦਾ ਪੁੱਤਰ ਸੀ) ਨੇ ਬਣਾਇਆ ਹੈ। ਇਸ ਚਿੱਤਰ ਦਾ ਅੰਦਾਜ਼ਨ ਮੁੱਲ 60 ਤੋਂ 80 ਹਜ਼ਾਰ ਪੌਂਡ ਮੰਨਿਆ ਗਿਆ ਸੀ, ਪਰ ਇਹ ਚਿੱਤਰ 75 ਲੱਖ (75062 ਪੌਂਡ) ਦਾ ਵਿਕਿਆ ਹੈ। ਮਵਾੜ ਦੇ ਜੰਗਲਾਂ ‘ਚ ਗੁਰੂ ਨਾਨਕ ਦੇਵ ਜੀ ਦੀ ਬਾਲਕਨਾਥ ਨਾਲ ਹੋਈ ਭੇਂਟਵਾਰਤਾ ਨੂੰ ਪੇਸ਼ ਕਰਦਾ 18ਵੀਂ ਸਦੀ ਦਾ ਬਣਿਆ ਇਕ ਹੋਰ ਚਿੱਤਰ ਕਰੀਬ 12 ਲੱਖ (11937 ਪੌਂਡ) ਦਾ ਵਿਕਿਆ ਹੈ। ਮਹਾਰਾਣੀ ਜਿੰਦ ਕੌਰ ਦਾ ਰਤਨ ਜੜਿਆਾ ਸੋਨੇ ਦਾ ਮੱਥੇ ਦਾ ‘ਚੰਦ ਟਿੱਕਾ’ ਤੇ ਇਕ ਰਤਨ ਜੜਿਆ ਸੋਨੇ ਦਾ ਗੋਲ ਸ਼ੀਸ਼ਾ ਤੇ ਮੋਤੀਆਂ ਨਾਲ ਜੜਿਆ ਗੋਲ ਪੈਂਡੈਂਟ ਵੀ ਨਿਲਾਮ ਹੋਇਆ ਹੈ, ਜਿਸ ਦਾ ਅੰਦਾਜ਼ਨ ਮੁੱਲ 60 ਤੋਂ 80 ਹਜ਼ਾਰ ਪੌਂਡ ਮਿੱਥਿਆ ਗਿਆ ਸੀ, ਪਰ ਇਹ ਚੰਦ ਟਿੱਕਾ 62 ਲੱਖ ਰੁਪਏ (62562 ਪੌਂਡ) ਦਾ ਵਿਕਿਆ।

ਮਹਾਰਾਜਾ ਦਲੀਪ ਸਿੰਘ ਦੇ ਬੱਚਿਆਂ ਦੇ ਕਾਰਡ, ਤਸਵੀਰਾਂ, ਰਣਜੀਤ ਸਿੰਘ ਦੇ ਰਾਜਕਾਲ ਦਾ ਚਿੱਤਰਕਲਾ ਸੰਗ੍ਰਹਿ, ਪਟਿਆਲਾ ਕੁੱਤਾ ਚੈਂਪੀਅਨਸ਼ਿਪ ਤੇ ਮਕਬੂਲ ਫਿਦਾ ਹੁਸੈਨ ਵੱਲੋਂ ਬਣਾਇਆ ਚਿੱਤਰ।

ਮਹਾਰਾਜਾ ਰਣਜੀਤ ਸਿੰਘ ਦੀ ਪਤਨੀ ਮਹਾਰਾਣੀ ਜਿੰਦ ਕੌਰ ਦਾ ਇਹ ਕੀਮਤੀ ਟਿੱਕਾ ਤੇ ਲਾਕੇਟ ਮਹਾਰਾਜਾ ਦਲੀਪ ਸਿੰਘ ਨੇ ਆਪਣੀ ਬੇਟੀ ਰਾਜਕੁਮਾਰੀ ਬੰਬਾ ਸਦਰਲੈਂਡ ਨੂੰ ਦਿੱਤਾ, ਜਿਸ ਨੇ ਇਸ ਨੂੰ ਅੱਗੋਂ ਆਪਣੀ ਜੀਵਨ ਭਰ ਦੀ ਸਾਥਣ ਮਿਸਜ਼ ਡੋਰਾ ਕਰੋਅ, ਹੈਮਪਟਨ ਹਾਊਸ ਨੌਰਫਲਕ ਨੂੰ ਦੇ ਦਿੱਤਾ ਸੀ, ਜਿਸ ਦੀ ਧੀ ਮਿਸਿਜ਼ ਓਰੀਅਲ ਸਦਰਲੈਂਡ ਤੋਂ ਯੂ.ਕੇ. ਦੇ ਇਕ ਸੰਗ੍ਰਹਿਕਰਤਾ ਨੇ ਪ੍ਰਾਪਤ ਕੀਤਾ ਸੀ। ਮਹਾਰਾਣੀ ਜਿੰਦ ਕੌਰ ਨੂੰ ਇਹ ਤਿੰਨੇ ਵਸਤੂਆਂ ਅੰਗਰੇਜ਼ਾਂ ਨੇ ਮਹਾਰਾਣੀ ਦੇ ਪੱਕੇ ਤੌਰ ‘ਤੇ ਲੰਡਨ ‘ਚ ਰਹਿਣ ਲਈ ਸਹਿਮਤ ਹੋਣ ਉਪਰੰਤ ਲੰਡਨ ‘ਚ ਦਿੱਤੇ ਸਨ। ਮਹਾਰਾਣੀ ਜਿੰਦਾ 1861 ‘ਚ ਮਹਾਰਾਜਾ ਦਲੀਪ ਸਿੰਘ ਨੂੰ ਕਲਕੱਤੇ ਮਿਲੀ ਸੀ। ਨਿਲਾਮੀ ਘਰ ਵਲੋਂ ਮਹਾਰਾਜਾ ਦਲੀਪ ਸਿੰਘ ਦੇ ਬੱਚਿਆਂ ਨਾਲ ਸੰਬੰਧਤ ਤਸਵੀਰਾਂ ਤੇ ਕਾਰਡ 2550 ਪੌਂਡ ਦੇ ਕਿਸੇ ਬੋਲੀਕਾਰ ਨੇ ਖਰੀਦੇ ਹਨ ਤੇ ਮਹਾਰਾਜਾ ਦਲੀਪ ਸਿੰਘ, ਵੈਕਟਰ ਦਲੀਪ ਸਿੰਘ, ਫੈਡਰਿਕ ਦਲੀਪ ਸਿੰਘ ਤੇ ਐਲਬਰਟ ਦਲੀਪ ਸਿੰਘ ਦੇ ਕੱਟੇ ਕੇਸਾਂ ਦੇ ਸੰਗ੍ਰਹਿ ਨੂੰ 7562 ਪੌਂਡ ‘ਚ ਵੇਚਿਆ ਗਿਆ ਹੈ। ਇਸ ਤੋਂ ਇਲਾਵਾ ਪੰਜਾਬ, ਭਾਰਤ ਤੇ ਪਾਕਿਸਤਾਨ ਨਾਲ ਸੰਬੰਧਤ ਹੋਰ ਵੀ ਬਹੁਤ ਬੇਸ਼ਕੀਮਤੀ ਵਸਤੂਆਂ ਤੇ ਚਿੱਤਰ ਨਿਲਾਮ ਹੋਏ ਹਨ। ਯੁੱਧ ਦੌਰਾਨ ਸਿਪਾਹੀਆਂ ਵੱਲੋਂ ਪਹਿਨੀ ਜਾਣ ਵਾਲੀ ਵਰਦੀ ਦੀ ਇਸ ਮੌਕੇ ਵਿਕਰੀ ਨਹੀਂ ਹੋਈ ਤੇ ਪਟਿਆਲਾ ‘ਚ ਹੋਈ ਕੁੱਤਾ ਚੈਂਪੀਅਨਸ਼ਿਪ 1926 ਦੀਆਂ ਯਾਦਗਾਰੀ ਤਸਵੀਰਾਂ ਦੀ ਐਲਬਮ 9437 ਪੌਂਡ ਦੀ ਵਿਕੀ ਹੈ। ਇਸ ਦੇ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਤੇ ਮਹਾਰਾਜਾ ਦਲੀਪ ਸਿੰਘ ਦੇ ਰਾਜਕਾਲ ਨਾਲ ਸੰਬੰਧਤ ਚਿੱਤਰਾਂ ਦੀ ਐਲਬਮ 40062 ਪੌਂਡ ਦੀ ਵਿਕੀ ਹੈ। ਪ੍ਰਸਿੱਧ ਭਾਰਤੀ ਚਿੱਤਰਕਾਰ ਮਕਬੂਲ ਫਿਦਾ ਹੁਸੈਨ ਦਾ ਬਣਾਇਆ ਚਿੱਤਰ ਘੋੜਾ 50062 ਪੌਂਡ ਦਾ ਖਰੀਦਿਆ ਗਿਆ ਹੈ।


Share