PUNJABMAILUSA.COM

ਲੋਕ ਸਭਾ ਚੋਣਾਂ ਲਈ ਪੰਜਾਬ ‘ਚ ਹਲਚਲ ਹੋਈ ਤੇਜ਼

 Breaking News

ਲੋਕ ਸਭਾ ਚੋਣਾਂ ਲਈ ਪੰਜਾਬ ‘ਚ ਹਲਚਲ ਹੋਈ ਤੇਜ਼

ਲੋਕ ਸਭਾ ਚੋਣਾਂ ਲਈ ਪੰਜਾਬ ‘ਚ ਹਲਚਲ ਹੋਈ ਤੇਜ਼
February 27
10:27 2019

ਸੰਭਾਵੀ ਉਮੀਦਵਾਰਾਂ ਨੇ ਸਿਆਸੀ ਧਿਰਾਂ ਦੀਆਂ ਮੁਸ਼ਕਿਲਾਂ ਵਧਾਈਆਂ
-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਭਾਰਤ ਦੀਆਂ ਲੋਕ ਸਭਾ ਚੋਣਾਂ ਲਈ ਐਲਾਨ ਮਾਰਚ ਦੇ ਪਹਿਲੇ ਹਫਤੇ ਹੋ ਜਾਣਾ ਹੈ ਅਤੇ ਵੋਟਾਂ ਪੈਣ ਦਾ ਕੰਮ ਅਪ੍ਰੈਲ ਮਹੀਨੇ ਹੋਵੇਗਾ। ਚੋਣਾਂ ਲਈ ਸਿਰਫ ਦੋ ਕੁ ਮਹੀਨੇ ਤੋਂ ਵੀ ਘੱਟ ਸਮਾਂ ਰਹਿਣ ਕਾਰਨ ਸਿਆਸੀ ਪਾਰਟੀਆਂ ਵਿਚ ਹਲਚਲ ਤੇਜ਼ ਹੋ ਗਈ ਹੈ। ਪੰਜਾਬ ਦੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਇਥੇ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ ਅਤੇ ਉਮੀਦਵਾਰਾਂ ਦੀ ਭਾਲ ਲਈ ਵੀ ਯਤਨ ਤੇਜ਼ ਹੋ ਗਏ ਹਨ। ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਪਿਛਲੇ 2 ਸਾਲਾਂ ਵਿਚ ਪਹਿਲੀ ਵਾਰ ਘਰੋਂ ਬਾਹਰ ਨਿਕਲਣ ਲੱਗੇ ਹਨ। ਉਨ੍ਹਾਂ ਵੱਲੋਂ ਵੱਖ-ਵੱਖ ਖੇਤਰਾਂ ਵਿਚ ਅਨੇਕ ਤਰ੍ਹਾਂ ਦੇ ਵਿਕਾਸ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ ਜਾ ਰਹੇ ਹਨ। ਸਿਆਸੀ ਪਾਰਟੀਆਂ ਅੰਦਰ ਗਠਜੋੜ ਕਾਇਮ ਕਰਨ ਲਈ ਵੀ ਭੱਜ-ਦੌੜ ਸ਼ੁਰੂ ਹੈ। ਪੰਜਾਬ ਕਾਂਗਰਸ ਰਾਜ ਅੰਦਰ ਇਕੱਲੇ ਤੌਰ ‘ਤੇ ਹੀ ਚੋਣ ਲੜਨ ਦੇ ਦਾਅਵੇ ਜਤਾ ਰਹੀ ਹੈ। ਪਰ ਕੌਮੀ ਪੱਧਰ ਉੱਤੇ ਦਿੱਲੀ ਅਤੇ ਕੁਝ ਹੋਰ ਰਾਜਾਂ ਵਿਚ ਆਮ ਆਦਮੀ ਪਾਰਟੀ ਨਾਲ ਗਠਜੋੜ ਕੀਤੇ ਜਾਣ ਦੀਆਂ ਸੰਭਾਵਨਾਵਾਂ ਵੀ ਫਰੋਲੀਆਂ ਜਾ ਰਹੀਆਂ ਹਨ। ਜੇਕਰ ਕਾਂਗਰਸ ਦਾ ਆਪ ਨਾਲ ਕੌਮੀ ਪੱਧਰ ਉੱਤੇ ਗਠਜੋੜ ਕਾਇਮ ਹੁੰਦਾ ਹੈ, ਤਾਂ ਪੰਜਾਬ ਅੰਦਰ ‘ਆਪ’ ਨੂੰ 1 ਜਾਂ 2 ਸੀਟਾਂ ਮਿਲ ਸਕਦੀਆਂ ਹਨ। ਪੰਜਾਬ ਅੰਦਰ ਵਿਰੋਧੀ ਧਿਰ ਦੇ ਖਿੰਡੇ ਹੋਣ ਕਾਰਨ ਕਾਂਗਰਸ ਆਪਣੀ ਜਿੱਤ ਵੱਟ ‘ਤੇ ਪਈ ਦੇਖ ਰਹੀ ਹੈ। ਇਹੀ ਕਾਰਨ ਹੈ ਕਿ ਇਸ ਵਾਰ ਕਾਂਗਰਸ ਪਾਰਟੀ ਦੇ ਉਮੀਦਵਾਰ ਬਣਨ ਲਈ ਵੱਡੀ ਦੌੜ ਲੱਗੀ ਹੋਈ ਹੈ। ਆਨੰਦਪੁਰ ਸਾਹਿਬ ਵਰਗੇ ਹਲਕਿਆਂ ਵਿਚ ਪਾਰਟੀ ਦੇ ਦਰਜਨ ਤੋਂ ਵਧੇਰੇ ਆਗੂ ਉਮੀਦਵਾਰ ਬਣਨ ਲਈ ਦੌੜ-ਭੱਜ ਕਰਦੇ ਦੱਸੇ ਜਾ ਰਹੇ ਹਨ। ਪੰਜਾਬ ਦੀਆਂ ਕੁੱਲ 13 ਲੋਕ ਸਭਾ ਸੀਟਾਂ ਲਈ ਕਾਂਗਰਸ ਦੇ 129 ਦੇ ਕਰੀਬ ਆਗੂਆਂ ਨੇ ਉਮੀਦਵਾਰੀ ਲੈਣ ਲਈ ਦਰਖਾਸਤਾਂ ਦਿੱਤੀਆਂ ਹਨ। ਵੱਖ-ਵੱਖ ਹਲਕਿਆਂ ਵਿਚ ਕਾਂਗਰਸ ਦੀ ਧੜੇਬੰਦੀ ਵੀ ਬੜੀ ਉਭਰ ਕੇ ਸਾਹਮਣੇ ਆ ਰਹੀ ਹੈ। ਪਟਿਆਲਾ ਲੋਕ ਸਭਾ ਹਲਕੇ ਵਿਚ ਭਾਵੇਂ ਮਹਾਰਾਣੀ ਪ੍ਰਨੀਤ ਕੌਰ ਕਾਂਗਰਸ ਟਿਕਟ ਲਈ ਮਜ਼ਬੂਤ ਦਾਅਵੇਦਾਰ ਹਨ, ਪਰ ਕਾਂਗਰਸ ਵਿਧਾਇਕ ਕਾਕਾ ਰਣਦੀਪ ਸਿੰਘ ਨੇ ਇਸ ਹਲਕੇ ਤੋਂ ਦਾਅਵੇਦਾਰੀ ਠੋਕ ਦਿੱਤੀ ਹੈ। ਇਸੇ ਤਰ੍ਹਾਂ ਕਈ ਹੋਰ ਹਲਕਿਆਂ ਵਿਚ ਵੀ ਕਾਂਗਰਸ ਦੀ ਧੜੇਬੰਦੀ ਖੁੱਲ੍ਹ ਕੇ ਸਾਹਮਣੇ ਆ ਰਹੀ ਹੈ। ਅੰਮ੍ਰਿਤਸਰ ਹਲਕੇ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੂੰ ਪਾਰਟੀ ਵਿਧਾਇਕਾਂ ਵੱਲੋਂ ਹੀ ਸਖ਼ਤ ਵਿਰੋਧਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਆਮ ਚਰਚਾ ਹੈ ਕਿ ਕਾਂਗਰਸ ਹਾਈਕਮਾਨ ਉਥੋਂ ਕਿਸੇ ਹੋਰ ਆਗੂ ਨੂੰ ਉਮੀਦਵਾਰ ਬਣਾਏ ਜਾਣ ਲਈ ਵੀ ਸੋਚ ਰਹੀ ਹੈ। ਉਂਝ ਦੇਖਿਆ ਜਾਵੇ, ਤਾਂ ਪੰਜਾਬ ਅੰਦਰ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਕਾਰਗੁਜ਼ਾਰੀ ਕਾਫੀ ਢਿੱਲੀ ਰਹੀ ਹੈ। ਪਰ ਹੁਣ ਚੋਣਾਂ ਨੇੜੇ ਆ ਕੇ ਬਰਗਾੜੀ ਬੇਅਦਬੀ ਕਾਂਡ ਅਤੇ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ ਦੀ ਜਾਂਚ ‘ਚ ਤੇਜ਼ੀ ਲਿਆਉਣ ਅਤੇ ਸੀਨੀਅਰ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕਰਨ ਨਾਲ ਕੈਪਟਨ ਇਸ ਮੁੱਦੇ ਨੂੰ ਵੋਟਾਂ ਲੈਣ ਲਈ ਵਰਤਣ ਦਾ ਯਤਨ ਕਰਨਗੇ।
ਦੂਜੇ ਪਾਸੇ ਇਸ ਵਾਰ ਵਿਰੋਧੀ ਧਿਰ ਕਈ ਹਿੱਸਿਆਂ ਵਿਚ ਖਿੰਡੀ ਹੋਈ ਹੈ। 10 ਸਾਲ ਸੱਤਾ ਦਾ ਸੁੱਖ ਭੋਗਣ ਸਮੇਂ ਕੀਤੀਆਂ ਵੱਡੀਆਂ ਗਲਤੀਆਂ ਕਾਰਨ ਅਕਾਲੀ ਦਲ ਨੂੰ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਵੱਡੀ ਮਾਰ ਪਈ ਸੀ। ਉਸ ਤੋਂ ਬਾਅਦ ਲਗਾਤਾਰ 2 ਸਾਲ ਆਪਣੀ ਭੱਲ ਬਣਾਉਣ ਲਈ ਸਿਰਤੋੜ ਯਤਨ ਕਰਦੇ ਰਹੇ ਹਨ। ਪਰ ਬੇਅਦਬੀ ਅਤੇ ਗੋਲੀਕਾਂਡਾਂ ਨੇ ਉਨ੍ਹਾਂ ਦਾ ਪਿੱਛਾ ਨਹੀਂ ਛੱਡਿਆ, ਸਗੋਂ ਬਰਗਾੜੀ ਵਿਖੇ ਆਰੰਭ ਹੋਏ ਇਨਸਾਫ ਮੋਰਚੇ ਕਾਰਨ ਉਨ੍ਹਾਂ ਨੂੰ ਹੋਰ ਵੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ। ਤੇ ਹੁਣ ਬੇਅਦਬੀ ਕਾਂਡ ਦੇ ਦੋਸ਼ੀਆਂ ਦੀ ਅਕਾਲੀ ਸਰਕਾਰ ਸਮੇਂ ਪੁਸ਼ਤਪਨਾਹੀ ਕਰਨ ਅਤੇ ਗੋਲੀਕਾਂਡ ਦੇ ਦੋਸ਼ੀਆਂ ਨੂੰ ਬਚਾਏ ਜਾਣ ਦੇ ਲੱਗ ਰਹੇ ਦੋਸ਼ਾਂ ਨੇ ਅਕਾਲੀ ਲੀਡਰਸ਼ਿਪ ਨੂੰ ਹੋਰ ਸੰਕਟ ‘ਚ ਪਾ ਰੱਖਿਆ ਹੈ। ਇਹ ਵੀ ਕਹਿ ਸਕਦੇ ਹਾਂ ਕਿ ਬੇਅਦਬੀ ਅਤੇ ਗੋਲੀਕਾਂਡ ਦੇ ਮਸਲੇ ਲਗਾਤਾਰ ਅਕਾਲੀਆਂ ਦਾ ਪਿੱਛਾ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਲਗਾਤਾਰ ਲੋਕਾਂ, ਖਾਸਕਰਕੇ ਸਿੱਖ ਸਮਾਜ ਅੰਦਰ ਆਪਣੇ ਪੈਰ ਲਗਾਉਣ ਲਈ ਵੱਡੀ ਸਮੱਸਿਆ ਖੜ੍ਹੀ ਹੋ ਰਹੀ ਹੈ। ਅਕਾਲੀ ਦਲ ਆਪਣਾ ਅਕਸ ਸੁਧਾਰਨ ਵਿਚ ਕਿਸੇ ਵੀ ਪੱਧਰ ‘ਤੇ ਕਾਮਯਾਬ ਨਹੀਂ ਹੋ ਸਕਿਆ, ਸਗੋਂ ਕਈ ਮਾਮਲਿਆਂ ਵਿਚ ਹੋਰ ਪਿੱਛੇ ਚਲਿਆ ਗਿਆ ਹੈ। ਪਾਰਟੀ ਦੀ ਹਾਲਤ ਇਹ ਬਣ ਗਈ ਹੈ ਕਿ ਇਸ ਵਾਰ ਬਹੁਤੇ ਲੋਕ ਸਭਾ ਹਲਕਿਆਂ ਵਿਚ ਪਾਰਟੀ ਨੂੰ ਉਮੀਦਵਾਰ ਲੱਭਣੇ ਔਖੇ ਹੋ ਰਹੇ ਹਨ। ਘੱਟੋ-ਘੱਟ 6 ਹਲਕੇ ਅਜਿਹੇ ਹਨ, ਜਿਨ੍ਹਾਂ ਲਈ ਅਕਾਲੀ ਲੀਡਰਸ਼ਿਪ ਉਮੀਦਵਾਰਾਂ ਦੀ ਭਾਲ ਕਰਨ ‘ਚ ਲੱਗੀ ਹੋਈ ਹੈ। ਅਜਿਹਾ ਸੰਕਟ ਅਕਾਲੀ ਲੀਡਰਸ਼ਿਪ ਨੂੰ ਸ਼ਾਇਦ ਇਤਿਹਾਸ ਵਿਚ ਪਹਿਲੀ ਵਾਰੀ ਹੀ ਆਇਆ ਹੈ। ਜਲੰਧਰ ਰਾਖਵਾਂ ਲੋਕ ਸਭਾ ਹਲਕੇ ਲਈ ਕੋਈ ਵੀ ਉਮੀਦਵਾਰ ਨਾ ਮਿਲਦਾ ਦੇਖ, ਆਖਰ ਮਾਲਵਾ ਖੇਤਰ ਤੋਂ ਪੁਰਾਣੇ ਬਜ਼ੁਰਗ ਅਕਾਲੀ ਆਗੂ ਸ. ਚਰਨਜੀਤ ਸਿੰਘ ਅਟਵਾਲ ਨੂੰ ਉਮੀਦਵਾਰ ਬਣਾਏ ਜਾਣ ਬਾਰੇ ਫੈਸਲਾ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਪਟਿਆਲਾ, ਸੰਗਰੂਰ, ਤਰਨਤਾਰਨ, ਫਿਰੋਜ਼ਪੁਰ ਵਰਗੇ ਹਲਕਿਆਂ ਵਿਚ ਵੀ ਪਾਰਟੀ ਨੂੰ ਉਮੀਦਵਾਰਾਂ ਦੀ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਤਿਹਗੜ੍ਹ ਸਾਹਿਬ ਹਲਕੇ ਲਈ ਵੀ ਹੁਣੇ ਪੁਲਿਸ ਅਧਿਕਾਰੀ ਤੋਂ ਅਸਤੀਫਾ ਦੇ ਕੇ ਅਕਾਲੀ ਦਲ ਵਿਚ ਸ਼ਾਮਲ ਹੋਏ ਹਰਮੋਹਨ ਸਿੰਘ ਸੰਧੂ ਨੂੰ ਟਿਕਟ ਦਿੱਤੇ ਜਾਣ ਦੀ ਚਰਚਾ ਹੈ।
ਤੀਜੇ ਫਰੰਟ ਲਈ ਯਤਨਸ਼ੀਲ ਪਾਰਟੀਆਂ ਨੇ ਵੀ ਸਾਂਝਾ ਮੰਚ ਉਸਾਰਨ ਦਾ ਫੈਸਲਾ ਕੀਤਾ ਹੈ। ਭਾਵੇਂ ਕਾਂਗਰਸ ਅਤੇ ਅਕਾਲੀ-ਭਾਜਪਾ ਗਠਜੋੜ ਵਿਰੋਧੀ ਸਮੁੱਚੀਆਂ ਪਾਰਟੀਆਂ ਅਤੇ ਰਾਜਸੀ ਦਲ ਤਾਂ ਤੀਜੇ ਮੋਰਚੇ ‘ਚ ਸ਼ਾਮਲ ਨਹੀਂ ਹੋਏ ਹਨ, ਪਰ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਵਾਲੀ ‘ਪੰਜਾਬੀ ਏਕਤਾ ਪਾਰਟੀ’, ਬੈਂਸ ਭਰਾ, ਡਾ. ਧਰਮਵੀਰ ਗਾਂਧੀ ਅਤੇ ਬਹੁਜਨ ਸਮਾਜ ਪਾਰਟੀ ਨੇ ਪੰਜਾਬ ਜਮਹੂਰੀ ਗਠਜੋੜ ਬਣਾ ਕੇ ਸਾਂਝੇ ਤੌਰ ‘ਤੇ ਚੋਣਾਂ ਲੜਨ ਦਾ ਐਲਾਨ ਕੀਤਾ ਹੈ। ਇਸ ਗਠਜੋੜ ਨੇ 13 ਵਿਚੋਂ 9 ਸੀਟਾਂ ਦੀ ਵੰਡ ਤਾਂ ਕਰ ਲਈ ਹੈ ਅਤੇ ਸੰਗਰੂਰ, ਫਿਰੋਜ਼ਪੁਰ, ਤਰਨਤਾਰਨ ਅਤੇ ਗੁਰਦਾਸਪੁਰ ਸੀਟਾਂ ਲਈ ਹੋਰਨਾਂ ਪਾਰਟੀਆਂ ਨਾਲ ਗੱਲਬਾਤ ਦੀ ਗੂੰਜਾਇਸ਼ ਖੁੱਲ੍ਹੀ ਰੱਖੀ ਹੈ। ਅਕਾਲੀ ਦਲ ਟਕਸਾਲੀ ਨਵੇਂ ਬਣੇ ਜਮਹੂਰੀ ਗਠਜੋੜ ਤੋਂ ਬਾਹਰ ਰਹਿ ਗਿਆ ਹੈ। ਕਿਉਂਕਿ ਟਕਸਾਲੀ ਆਨੰਦਪੁਰ ਸਾਹਿਬ ਸੀਟ ਲੜਨ ਲਈ ਬਜਿੱਦ ਸਨ। ਜਦਕਿ ਦੂਜੇ ਪਾਸੇ ਬਹੁਜਨ ਸਮਾਜ ਪਾਰਟੀ ਖੁਦ ਚੋਣ ਲੜਨ ਲਈ ਅੜੀ ਹੋਈ ਸੀ। ਇਸ ਕਰਕੇ ਅਕਾਲੀ ਦਲ ਟਕਸਾਲੀ ਗਠਜੋੜ ‘ਚ ਸ਼ਾਮਲ ਹੋਣ ਤੋਂ ਬਾਹਰ ਰਹਿ ਗਏ ਹਨ। ਯੂਨਾਈਟਿਡ ਅਕਾਲੀ ਦਲ ਤੇ ਕੁਝ ਹੋਰ ਸਿੱਖ ਸੰਗਠਨਾਂ ਨੇ ਆਪਣੇ ਤੌਰ ‘ਤੇ ਚੋਣ ਲੜਨ ਦਾ ਐਲਾਨ ਕੀਤਾ ਹੈ। ਖੱਬੇ ਪੱਖੀ ਪਾਰਟੀ ਸੀ.ਪੀ.ਆਈ., ਸੀ.ਪੀ.ਐੱਮ. ਅਤੇ ਹੋਰ ਗਰੁੱਪ ਅਜੇ ਕੋਈ ਸਪੱਸ਼ਟ ਰੁਖ਼ ਨਹੀਂ ਦਿਖਾ ਰਹੇ। ਪਰ ਪਤਾ ਲੱਗਾ ਹੈ ਕਿ ਸੀ.ਪੀ.ਆਈ. ਖਹਿਰਾ ਧੜੇ ਨਾਲ ਸੰਪਰਕ ਬਣਾ ਕੇ ਚੋਣ ਲੜਨ ਲਈ ਗੱਲਬਾਤ ਚਲਾ ਰਹੀ ਹੈ। ਇਸ ਵੇਲੇ ਪੰਜਾਬ ਅੰਦਰ ਜੋ ਰਾਜਸੀ ਹਾਲਾਤ ਉਭਰ ਰਹੇ ਹਨ, ਉਹ ਬੜੇ ਅਨਿਸ਼ਚਿਤ ਜਾਪ ਰਹੇ ਹਨ। ਭਾਵੇਂ ਵਿਰੋਧੀ ਧਿਰ ਦੇ ਵੱਖ-ਵੱਖ ਧੜਿਆਂ ਵਿਚ ਵੰਡ ਹੋਣ ਦਾ ਲਾਭ ਕਾਂਗਰਸ ਨੂੰ ਮਿਲ ਸਕਦਾ ਹੈ। ਪਰ ਪਿਛਲੇ ਦੋ ਸਾਲਾਂ ਦੌਰਾਨ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਲੋਕਾਂ ਅੰਦਰ ਕਾਂਗਰਸ ਪ੍ਰਤੀ ਵੀ ਕੋਈ ਉਤਸ਼ਾਹ ਨਹੀਂ। ਇਸ ਤਰ੍ਹਾਂ ਸਮਝਿਆ ਜਾ ਰਿਹਾ ਹੈ ਕਿ ਇਸ ਵਾਰ ਪੰਜਾਬ ਭਰ ਵਿਚ ਕਿਸੇ ਇਕ ਦੇ ਹੱਕ ਵਿਚ ਕੋਈ ਹਵਾ ਜਾਂ ਹਮਦਰਦੀ ਦਿਖਾਈ ਨਹੀਂ ਦੇ ਰਹੀ। ਇਸ ਕਰਕੇ ਚੋਣ ਨਤੀਜੇ ਸਾਵੇਂ-ਪੱਧਰੇ ਹੋਣ ਦੀ ਥਾਂ ਵੱਖੋ-ਵੱਖਰੇ ਥਾਵਾਂ ‘ਤੇ ਵੱਖ-ਵੱਖ ਹੋ ਸਕਦੇ ਹਨ। ਅਸਲ ਵਿਚ ਵੱਖ-ਵੱਖ ਹਲਕਿਆਂ ਵਿਚ ਸਥਾਨਕ ਮੁੱਦੇ ਅਤੇ ਸਥਾਨਕ ਆਗੂਆਂ ਦਾ ਪ੍ਰਭਾਵ ਬਹੁਤਾ ਭਾਰੂ ਰਹਿਣ ਦੀ ਸੰਭਾਵਨਾ ਬਣ ਰਹੀ ਹੈ। ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਸੂਬੇ ਭਰ ਵਿਚ ਕਿਸੇ ਵੀ ਪਾਰਟੀ ਦਾ ਕੋਈ ਉਭਰਵਾਂ ਆਗੂ ਨਹੀਂ, ਜੋ ਵੋਟਾਂ ਲਈ ਲੋਕਾਂ ਵਿਚ ਧੂਹ ਪਾ ਸਕਦਾ ਹੋਵੇ। ਪਿਛਲੇ ਸਮੇਂ ਦੌਰਾਨ ਸ. ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਸਿੰਘ ਬਾਦਲ ਅਤੇ ‘ਆਪ’ ਦੇ ਭਗਵੰਤ ਮਾਨ ਵਰਗੇ ਆਗੂਆਂ ਦਾ ਬੜਾ ਉਭਰਵਾਂ ਨਾਂ ਸੀ, ਜੋ ਲੋਕਾਂ ਨੂੰ ਪ੍ਰਭਾਵਿਤ ਕਰਨ ਵਿਚ ਸਮਝੇ ਜਾਂਦੇ ਸਨ। ਪਰ ਇਸ ਵੇਲੇ ਇਹ ਸਾਰੇ ਹੀ ਆਗੂ ਵੱਖੋ-ਵੱਖਰੇ ਕਾਰਨਾਂ ਕਰਕੇ ਬਹੁਤ ਪਿੱਛੇ ਜਾ ਚੁੱਕੇ ਹਨ ਅਤੇ ਨਵੇਂ ਕੋਈ ਆਗੂ ਉਭਰੇ ਨਜ਼ਰ ਨਹੀਂ ਆ ਰਹੇ। ਬਹੁਤ ਸਾਰੇ ਲੋਕ ਇਸ ਹਾਲਾਤ ਨੂੰ ਸਿਆਸੀ ਖਲਾਅ ਪੈਦਾ ਹੋਣ ਦਾ ਨਾਂ ਵੀ ਦੇ ਰਹੇ ਹਨ।
ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅੰਦਰ ਸਿਆਸੀ ਹਾਲਾਤ ਨੇ ਨਵੀਂ ਕਰਵਟ ਲਈ ਹੈ। ਲੋਕਾਂ ਅੰਦਰ ਚਰਚਾ ਹੈ ਕਿ ਇਸ ਘਟਨਾ ਦਾ ਸਿਆਸੀ ਲਾਹਾ ਲੈਣ ਲਈ ਮੋਦੀ ਸਰਕਾਰ ਨੇ ਦੇਸ਼ ਅੰਦਰ ਫੈਲੀ ਰੋਸ ਅਤੇ ਗੁੱਸੇ ਦੀ ਲਹਿਰ ਦਾ ਖੂਬ ਲਾਹਾ ਲਿਆ ਅਤੇ ਆਪਣੇ ਸਾਰੇ ਪ੍ਰਚਾਰ ਮਾਧਿਅਮ ਵਿਚ ਪਾਕਿਸਤਾਨ ਨੂੰ ਧਰ ਕੇ ਭੰਡਣ ਰਾਹੀਂ ਦੇਸ਼ ਅੰਦਰ ਇਕ ਨਵੀਂ ਸਫਬੰਦੀ ਦਾ ਰਾਹ ਖੋਲ੍ਹਿਆ ਹੈ। ਹੁਣ ਭਾਰਤ ਵੱਲੋਂ ਪਾਕਿਸਤਾਨ ਦੇ ਅੰਦਰ ਜਾ ਕੇ ਕੀਤੇ ਹਵਾਈ ਹਮਲੇ ਵਿਚ ਜੈਸ਼-ਏ-ਮੁਹੰਮਦ ਦੇ ਕਈ ਕੈਂਪ ਤਬਾਹ ਕਰਨ ਅਤੇ ਸੈਂਕੜੇ ਅੱਤਵਾਦੀਆਂ ਨੂੰ ਮਾਰ ਮੁਕਾਉਣ ਦੇ ਕੀਤੇ ਜਾ ਰਹੇ ਦਾਅਵੇ ਵੀ ਲੱਗਦਾ ਹੈ ਕਿ ਮੋਦੀ ਸਰਕਾਰ ਲਈ ਰਾਜਸੀ ਫਾਇਦੇ ਦਾ ਕਾਰਨ ਬਣ ਸਕਦੇ ਹਨ। ਲੋਕਾਂ ਅੰਦਰ ਆਮ ਚਰਚਾ ਹੈ ਕਿ ਪਹਿਲਾਂ ਪੁਲਵਾਮਾ ਅੱਤਵਾਦੀ ਹਮਲੇ ਅਤੇ ਹੁਣ ਭਾਰਤੀ ਹਵਾਈ ਫੌਜ ਦੇ ਹਵਾਈ ਹਮਲੇ ਨਾਲ ਭਾਰਤ ਦੀ ਜੈ-ਜੈਕਾਰ ਦੀ ਹਵਾ ਬੰਨ੍ਹੀਂ ਜਾਵੇਗੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਹਵਾ ਉਪਰ ਸਵਾਰ ਹੋਇਆ ਦਿਖਾਇਆ ਜਾਵੇਗਾ। ਇਸ ਤਰ੍ਹਾਂ ਦੇਸ਼ ਭਰ ਵਿਚ ਇਹ ਨਵੀਂ ਹਾਲਤ ਪੰਜਾਬ ਦੇ ਲੋਕਾਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਅਤੇ ਦੇਸ਼ ਭਰ ਵਿਚ ਜਿਹੋ ਜਿਹੇ ਹਾਲਾਤ ਉਭਰ ਰਹੇ ਹਨ, ਇਹ ਬੇਹੱਦ ਨਾਜ਼ੁਕ ਹਨ। ਅਜਿਹੇ ਮਾਹੌਲ ਵਿਚ ਚੋਣਾਂ ਵੀ ਬੜੀਆਂ ਅਹਿਮ ਮੰਨੀਆਂ ਜਾਣਗੀਆਂ। ਸਾਡੀ ਰਾਇ ਹੈ ਕਿ ਭਾਵੁਕਤਾ ਦੇ ਆਧਾਰ ‘ਤੇ ਚੋਣ ਕਰਨ ਦੀ ਥਾਂ ਮੁੱਦਿਆਂ, ਤੱਥਾਂ ਅਤੇ ਸਿਆਸਤ ਨੂੰ ਆਧਾਰ ਬਣਾ ਕੇ ਹੀ ਕਿਸੇ ਧਿਰ ਦੀ ਚੋਣ ਕਰਨੀ ਚਾਹੀਦੀ ਹੈ।

About Author

Punjab Mail USA

Punjab Mail USA

Related Articles

ads

Latest Category Posts

    ਟਰੰਪ ਚੋਣਾਂ ਵਿਚ ਰੂਸੀ ਦਖ਼ਲ ਦੇ ਦੋਸ਼ਾਂ ਤੋਂ ਹੋਏ ਮੁਕਤ

ਟਰੰਪ ਚੋਣਾਂ ਵਿਚ ਰੂਸੀ ਦਖ਼ਲ ਦੇ ਦੋਸ਼ਾਂ ਤੋਂ ਹੋਏ ਮੁਕਤ

Read Full Article
    2018 ਦੌਰਾਨ ਅਮਰੀਕਾ ‘ਚ 1.58 ਲੱਖ ਪ੍ਰਵਾਸੀ ਲਏ ਗਏ ਹਿਰਾਸਤ ਵਿਚ

2018 ਦੌਰਾਨ ਅਮਰੀਕਾ ‘ਚ 1.58 ਲੱਖ ਪ੍ਰਵਾਸੀ ਲਏ ਗਏ ਹਿਰਾਸਤ ਵਿਚ

Read Full Article
    ਅਮਰੀਕਾ ਨੇ ਉੱਤਰ ਕੋਰੀਆ ਵਿਰੁੱਧ ਪਾਬੰਦੀਆਂ ਹਟਾਈਆਂ

ਅਮਰੀਕਾ ਨੇ ਉੱਤਰ ਕੋਰੀਆ ਵਿਰੁੱਧ ਪਾਬੰਦੀਆਂ ਹਟਾਈਆਂ

Read Full Article
    ਸਾਨ ਫ੍ਰਾਂਸਿਸਕੋ ‘ਚ ਗੋਲੀਬਾਰੀ, ਇਕ ਦੀ ਮੌਤ

ਸਾਨ ਫ੍ਰਾਂਸਿਸਕੋ ‘ਚ ਗੋਲੀਬਾਰੀ, ਇਕ ਦੀ ਮੌਤ

Read Full Article
    ਅਮਰੀਕਾ ਦੀ ਸ਼ਕਤੀਸ਼ਾਲੀ ਅਦਾਲਤ ਦੀ ਜੱਜ ਬਣੀ ਭਾਰਤੀ ਮੂਲ ਦੀ ਨਾਓਮੀ ਜਹਾਂਗੀਰ

ਅਮਰੀਕਾ ਦੀ ਸ਼ਕਤੀਸ਼ਾਲੀ ਅਦਾਲਤ ਦੀ ਜੱਜ ਬਣੀ ਭਾਰਤੀ ਮੂਲ ਦੀ ਨਾਓਮੀ ਜਹਾਂਗੀਰ

Read Full Article
    ਭਾਰਤ ‘ਚ ਮੁੜ ਅੱਤਵਾਦੀ ਹਮਲਾ ਹੋਇਆ ਪਾਕਿ ਲਈ ਪੈਦਾ ਕਰ ਸਕਦੈ ਗੰਭੀਰ ਸੰਕਟ : ਅਮਰੀਕਾ

ਭਾਰਤ ‘ਚ ਮੁੜ ਅੱਤਵਾਦੀ ਹਮਲਾ ਹੋਇਆ ਪਾਕਿ ਲਈ ਪੈਦਾ ਕਰ ਸਕਦੈ ਗੰਭੀਰ ਸੰਕਟ : ਅਮਰੀਕਾ

Read Full Article
    ਪ੍ਰਵਾਸੀ ਪੰਜਾਬੀਆਂ ‘ਚ ਚੋਣਾਂ ਬਾਰੇ ਨਹੀਂ ਬਹੁਤਾ ਉਤਸ਼ਾਹ

ਪ੍ਰਵਾਸੀ ਪੰਜਾਬੀਆਂ ‘ਚ ਚੋਣਾਂ ਬਾਰੇ ਨਹੀਂ ਬਹੁਤਾ ਉਤਸ਼ਾਹ

Read Full Article
    ਗੁਰਦੁਆਰਾ ਸੁਧਾਰ ਕਮੇਟੀ, ਸੈਨਹੋਜ਼ੇ ਵੱਲੋਂ ਸੰਗਤਾਂ ਨੂੰ ਆਪਣੇ ਹੱਕਾਂ ਪ੍ਰਤੀ ਕੀਤਾ ਗਿਆ ਜਾਗਰੂਕ

ਗੁਰਦੁਆਰਾ ਸੁਧਾਰ ਕਮੇਟੀ, ਸੈਨਹੋਜ਼ੇ ਵੱਲੋਂ ਸੰਗਤਾਂ ਨੂੰ ਆਪਣੇ ਹੱਕਾਂ ਪ੍ਰਤੀ ਕੀਤਾ ਗਿਆ ਜਾਗਰੂਕ

Read Full Article
    ਵਿਸ਼ਵ ਗੱਤਕਾ ਫੈਡਰੇਸ਼ਨ ਵਲੋਂ ਦਿੱਲੀ ਦੀ ਨਿੱਜੀ ਫਰਮ ਵਲੋਂ ”ਗੱਤਕਾ ਤੇ ਸਿੱਖ ਮਾਰਸ਼ਲ ਆਰਟ” ਸ਼ਬਦ ਨੂੰ ਪੇਟੈਂਟ ਕਰਾਉਣ ਦਾ ਲਿਆ ਗਿਆ ਸਖਤ ਨੋਟਿਸ

ਵਿਸ਼ਵ ਗੱਤਕਾ ਫੈਡਰੇਸ਼ਨ ਵਲੋਂ ਦਿੱਲੀ ਦੀ ਨਿੱਜੀ ਫਰਮ ਵਲੋਂ ”ਗੱਤਕਾ ਤੇ ਸਿੱਖ ਮਾਰਸ਼ਲ ਆਰਟ” ਸ਼ਬਦ ਨੂੰ ਪੇਟੈਂਟ ਕਰਾਉਣ ਦਾ ਲਿਆ ਗਿਆ ਸਖਤ ਨੋਟਿਸ

Read Full Article
    ਜਲ੍ਹਿਆਂਵਾਲਾ ਬਾਗ ਦੇ ਸਾਕੇ ਦੀ 100ਵੀਂ ਬਰਸੀ ਸੈਕਰਾਮੈਂਟੋ ‘ਚ 6 ਤੇ 7 ਅਪ੍ਰੈਲ ਨੂੰ

ਜਲ੍ਹਿਆਂਵਾਲਾ ਬਾਗ ਦੇ ਸਾਕੇ ਦੀ 100ਵੀਂ ਬਰਸੀ ਸੈਕਰਾਮੈਂਟੋ ‘ਚ 6 ਤੇ 7 ਅਪ੍ਰੈਲ ਨੂੰ

Read Full Article
    ਇੰਡੋ-ਅਮੈਰੀਕਨ ਹੈਰੀਟੇਜ ਫੋਰਮ ਵਲੋਂ ‘ਮੇਲਾ ਗਦਰੀ ਬਾਬਿਆਂ ਦਾ’ 31 ਮਾਰਚ ਨੂੰ

ਇੰਡੋ-ਅਮੈਰੀਕਨ ਹੈਰੀਟੇਜ ਫੋਰਮ ਵਲੋਂ ‘ਮੇਲਾ ਗਦਰੀ ਬਾਬਿਆਂ ਦਾ’ 31 ਮਾਰਚ ਨੂੰ

Read Full Article
    ਅਮਰੀਕਾ ‘ਚ ਭਾਰਤੀ ਜੋੜਾ ਮਨੁੱਖੀ ਤਸਕਰੀ ਦਾ ਦੋਸ਼ੀ ਕਰਾਰ; ਹੋ ਸਕਦੀ ਹੈ 20-20 ਸਾਲ ਦੀ ਕੈਦ

ਅਮਰੀਕਾ ‘ਚ ਭਾਰਤੀ ਜੋੜਾ ਮਨੁੱਖੀ ਤਸਕਰੀ ਦਾ ਦੋਸ਼ੀ ਕਰਾਰ; ਹੋ ਸਕਦੀ ਹੈ 20-20 ਸਾਲ ਦੀ ਕੈਦ

Read Full Article
    ਯੂਕ੍ਰੇਨ ਸੰਘਰਸ਼ ਨੂੰ ਲੈ ਕੇ ਅਮਰੀਕਾ, ਕੈਨੇਡਾ ਅਤੇ ਯੂਰਪੀਨ ਸੰਘ ਨੇ ਰੂਸ ‘ਤੇ ਨਵੀਆਂ ਪਾਬੰਦੀਆਂ ਲਾਈਆਂ

ਯੂਕ੍ਰੇਨ ਸੰਘਰਸ਼ ਨੂੰ ਲੈ ਕੇ ਅਮਰੀਕਾ, ਕੈਨੇਡਾ ਅਤੇ ਯੂਰਪੀਨ ਸੰਘ ਨੇ ਰੂਸ ‘ਤੇ ਨਵੀਆਂ ਪਾਬੰਦੀਆਂ ਲਾਈਆਂ

Read Full Article
    ਅਮਰੀਕਾ ਨੇ ਵਿਦੇਸ਼ਾਂ ‘ਚ ਸਥਿਤ ਸਾਰੇ ਇੰਮੀਗ੍ਰੇਸ਼ਨ ਦਫ਼ਤਰ ਕਰੇਗਾ ਬੰਦ !

ਅਮਰੀਕਾ ਨੇ ਵਿਦੇਸ਼ਾਂ ‘ਚ ਸਥਿਤ ਸਾਰੇ ਇੰਮੀਗ੍ਰੇਸ਼ਨ ਦਫ਼ਤਰ ਕਰੇਗਾ ਬੰਦ !

Read Full Article
    ਫੇਸਬੁੱਕ, ਇੰਸਟਾਗ੍ਰਾਮ ਅਤੇ ਵ੍ਹਟਸਐਪ ਦੀ ਵਰਤੋਂ ‘ਚ ਆਈ ਦਿੱਕਤ

ਫੇਸਬੁੱਕ, ਇੰਸਟਾਗ੍ਰਾਮ ਅਤੇ ਵ੍ਹਟਸਐਪ ਦੀ ਵਰਤੋਂ ‘ਚ ਆਈ ਦਿੱਕਤ

Read Full Article