ਲੇਖਕ ਸੁਰਜੀਤ ਸੰਧੂ ਨੇ ਆਪਣੇ ਪਿੰਡ ਦੇ ਬੱਚਿਆਂ ਹੱਥੋਂ ਲੋਕ ਅਰਪਣ ਕਰਵਾਈ ਬਾਲ ਪੁਸਤਕ

86
ਆਸਟ੍ਰੇਲੀਆ ਵਸਦੇ ਲੇਖਕ ਸੁਰਜੀਤ ਸੰਧੂ ਆਪਣੀ ਬਾਲ ਪੁਸਤਕ ਲੋਕ ਅਰਪਣ ਕਰਵਾਉਣ ਮੌਕੇ।
Share

ਮੋਗਾ, 12 ਅਗਸਤ (ਪੰਜਾਬ ਮੇਲ)- ਸਥਾਪਤ ਲੇਖਕਾਂ ਵਿਚ ਸ਼ਾਮਲ ਹੋ ਚੁੱਕੇ ਇੰਡੋਜ਼ ਸਾਹਿਤਕ ਅਕੈਡਮੀ ਬ੍ਰਿਸਬੇਨ ਦੇ ਖਜ਼ਾਨਚੀ, ਪ੍ਰਸਿੱਧ ਗੀਤਕਾਰ ਸੁਰਜੀਤ ਸੰਧੂ ਦੀ ਪਲੇਠੀ ਬਾਲ ਪੁਸਤਕ ”ਨਿੱਕੇ-ਨਿੱਕੇ ਤਾਰੇ” ਉਨ੍ਹਾਂ ਦੇ ਜੱਦੀ ਪਿੰਡ ਅਜੀਤਵਾਲ (ਮੋਗਾ) ਵਿਖੇ ਲੋਕ ਅਰਪਣ ਕੀਤੀ ਗਈ। ਸਾਹਿਤਕ ਖੇਤਰ ਵਿਚ ਨਵੀਂ ਪਿਰਤ ਦਾ ਮੁੱਢ ਬੰਨ੍ਹਦਿਆਂ ਉਨ੍ਹਾਂ ਵੱਲੋਂ ਉਕਤ ਬਾਲ ਪੁਸਤਕ ਆਪਣੇ ਮਾਤਾ-ਪਿਤਾ ਜੀ ਅਤੇ ਪਿੰਡ ਦੇ ਬੱਚਿਆਂ ਹੱਥੋਂ ਲੋਕ ਅਰਪਣ ਕਰਵਾਈ ਗਈ। ਜ਼ਿਕਰਯੋਗ ਹੈ ਕਿ ਸੰਗੀਤ ਜਗਤ ਵਿਚ ਇੱਕ ਪ੍ਰਸਿੱਧ ਗੀਤਕਾਰ ਵਜੋਂ ਜਾਣੇ ਜਾਂਦੇ ਸੁਰਜੀਤ ਸੰਧੂ ਦੇ ਪਿਤਾ ਸਰਦਾਰ ਅਜਮੇਰ ਸਿੰਘ ਜੀ ਨੇ ਮਾਣ ਨਾਲ ਕਿਹਾ ਕਿ ਉਨ੍ਹਾਂ ਦੇ ਪੁੱਤਰ ਵੱਲੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਵਿਚ ਨਿਭਾਈ ਜਾ ਰਹੀ ਨਿਰੰਤਰ ਵਧੀਆ ਭੂਮਿਕਾ ਉਨ੍ਹਾਂ ਦਾ ਸੀਨਾ ਚੌੜਾ ਕਰਦੀ ਹੈ। ਇਸ ਅਨੋਖੇ ਸਮਾਗਮ ਸੰਬੰਧੀ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਸੁਰਜੀਤ ਸੰਧੂ ਨੇ ਦੱਸਿਆ ਕਿ ਇਹ ਉਨ੍ਹਾਂ ਦਾ ਸੁਪਨਾ ਸੀ ਕਿ ਉਹ ਆਪਣੀ ਪਹਿਲੀ ਪੁਸਤਕ ਆਪਣੇ ਮਾਤਾ-ਪਿਤਾ ਦੇ ਹੱਥੋਂ ਲੋਕ ਅਰਪਿਤ ਕਰਵਾਉਣ ਤੇ ਇਹ ਸਬੱਬ ਹੈ ਕਿ ਇਹ ਪੁਸਤਕ ਇੱਕ ਬਾਲ ਪੁਸਤਕ ਹੀ ਹੋਈ। ਪੁਸਤਕ ਦੇ ਲੋਕ ਅਰਪਣ ਸਮਾਗਮ ਮੌਕੇ ਪਿੰਡ ਦੇ ਸਰਪੰਚ ਗੁਰਿੰਦਰਪਾਲ ਸਿੰਘ ਡਿੰਪੀ ਮਾਨ ਉਚੇਚੇ ਤੌਰ ‘ਤੇ ਹਾਜ਼ਰ ਹੋਏ। ਉਨ੍ਹਾਂ ਕਿਹਾ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਨੌਜਵਾਨ ਪੀੜ੍ਹੀ ‘ਚ ਸਾਹਿਤ ਪ੍ਰਤੀ ਰੁਚੀ ਰੱਖਣ ਵਾਲੇ ਅਜੋਕੇ ਸਮੇਂ ਵਿਚ ਵੀ ਮੌਜੂਦ ਹਨ ਤੇ ਸੁਰਜੀਤ ਸੰਧੂ ਇਸ ਖੇਤਰ ‘ਚ ਉਨ੍ਹਾਂ ਨੂੰ ਰਾਹ ਦਿਖਾਉਣ ਦਾ ਕਾਰਜ ਕਰ ਰਹੇ ਹਨ। ਹੋਰਨਾਂ ਤੋਂ ਇਲਾਵਾ ਲੇਖਕ ਸੁਰਜੀਤ ਸੰਧੂ ਦੇ ਮਾਤਾ ਸ਼੍ਰੀਮਤੀ ਹਰਜੀਤ ਕੌਰ ਸੰਧੂ, ਸ. ਅਮਰ ਸਿੰਘ ਸੰਧੂ (ਤਾਇਆ) ਸਾਬਕਾ ਪ੍ਰਧਾਨ ਗੁਰਦੁਆਰਾ ਸੰਧੂ ਪੱਤੀ, ਦਲਜੀਤ ਸਿੰਘ ਸੰਧੂ, ਸਨਦੀਪ ਕੌਰ ਸੰਧੂ, ਨਾਨਕ ਸਿੰਘ, ਜਸਵਿੰਦਰ ਕੌਰ ਸਮੇਤ ਬੱਚਿਆਂ ਨੇ ਵੀ ਸ਼ਮੂਲੀਅਤ ਕੀਤੀ।


Share