ਲੁਧਿਆਣਾ ਦੀ ਅਦਾਲਤ ਵੱਲੋਂ ‘ਆਪ’ ਆਗੂ ‘ਸੰਜੇ ਸਿੰਘ’ ਦੀ ਜ਼ਮਾਨਤ ਅਰਜ਼ੀ ਮਨਜ਼ੂਰ

215
Share

ਲੁਧਿਆਣਾ, 7 ਸਤੰਬਰ (ਪੰਜਾਬ ਮੇਲ)- ਲੁਧਿਆਣਾ ਦੀ ਅਦਾਲਤ ਨੇ ਮੰਗਲਵਾਰ ਨੂੰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਐੱਮ.ਪੀ. ਸੰਜੇ ਸਿੰਘ ਨੂੰ ਰਾਹਤ ਦਿੰਦੇ ਹੋਏ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਨੂੰ ਮਨਜ਼ੂਰ ਕਰ ਲਿਆ ਹੈ। ਅਦਾਲਤ ਵੱਲੋਂ ਸੰਜੇ ਸਿੰਘ ਦੇ ਗਿ੍ਰਫ਼ਤਾਰੀ ਵਾਰੰਟ ਕੱਢਣ ਦੇ ਹੁਕਮਾਂ ਨੂੰ ਵਾਪਸ ਲੈ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਲੁਧਿਆਣਾ ਦੀ ਹਰਸਿਮਰਨਜੀਤ ਸਿੰਘ ਦੀ ਅਦਾਲਤ ਨੇ ਬੀਤੇ ਦਿਨੀਂ ਮਾਣਹਾਨੀ ਦੇ ਇਕ ਮਾਮਲੇ ’ਚ ਸੰਜੇ ਸਿੰਘ ਦੇ ਨਾ ਆਉਣ ’ਤੇ ਉਨ੍ਹਾਂ ਦੇ ਗਿ੍ਰਫ਼ਾਤਰ ਵਾਰੰਟ ਕੱਢਣ ਦੇ ਹੁਕਮ ਜਾਰੀ ਕੀਤੇ ਸਨ।
ਹਾਲਾਂਕਿ ਸੰਜੇ ਸਿੰਘ ਦੇ ਵਕੀਲ ਨੇ ਅਦਾਲਤ ’ਚ ਸੰਜੇ ਸਿੰਘ ਦੀ ਹਾਜ਼ਰੀ ਮੁਆਫ਼ੀ ਨੂੰ ਲੈ ਕੇ ਇਕ ਅਰਜ਼ੀ ਵੀ ਦਿੱਤੀ ਸੀ, ਜੋ ਕਿ ਅਦਾਲਤ ਨੇ ਖਾਰਜ਼ ਕਰ ਦਿੱਤੀ ਸੀ। ਅੱਜ ਸੰਜੇ ਸਿੰਘ ਆਪਣੇ ਵਕੀਲਾਂ ਦੇ ਨਾਲ ਉਪਰੋਕਤ ਅਦਾਲਤ ’ਚ ਹਾਜ਼ਰ ਹੋਏ ਅਤੇ ਉਨ੍ਹਾਂ ਨੇ ਆਪਣੇ ਆਪ ਨੂੰ ਸਰੰਡਰ ਕਰਦੇ ਹੋਏ ਜ਼ਮਾਨਤ ਦੇਣ ਦੀ ਮੰਗ ਕੀਤੀ। ਇਸ ’ਤੇ ਅਦਾਲਤ ਨੇ ਉਨ੍ਹਾਂ ਦੀ ਅਰਜ਼ੀ ਨੂੰ ਮਨਜ਼ੂਰ ਕਰਦੇ ਹੋਏ ਉਨ੍ਹਾਂ ਜ਼ਮਾਨਤ ਦੇ ਦਿੱਤੀ।
ਦੱਸਣਯੋਗ ਹੈ ਕਿ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਜੇ ਸਿੰਘ ਨੇ ਪੰਜਾਬ ਦੇ ਸਾਬਕਾ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ’ਤੇ ਨਸ਼ੇ ਦੇ ਕਾਰੋਬਾਰ ਨਾਲ ਜੁੜਨ ਅਤੇ ਹੋਰ ਕਈ ਤਰ੍ਹਾਂ ਦੇ ਦੋਸ਼ ਲਾਏ ਗਏ ਸਨ। ਇਸ ਤੋਂ ਬਾਅਦ ਬਿਕਰਮ ਮਜੀਠੀਆ ਨੇ ਲੁਧਿਆਣਾ ਦੀ ਅਦਾਲਤ ’ਚ ਸੰਜੇ ਸਿੰਘ ਖ਼ਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ, ਜਿਸ ਦੀ ਬੀਤੇ ਦਿਨ ਲੁਧਿਆਣਾ ਦੀ ਉਕਤ ਅਦਾਲਤ ’ਚ ਸੁਣਵਾਈ ਸੀ। ਅਦਾਲਤ ’ਚ ਪੇਸ਼ ਨਾ ਹੋਣ ਕਾਰਨ ਸੰਜੇ ਸਿੰਘ ਦੇ ਖ਼ਿਲਾਫ਼ ਗਿ੍ਰਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ।

Share