ਕੈਲੀਫੋਰਨੀਆ ਦੇ ਚੁਣੇ ਹੋਏ ਸਿੱਖ ਆਗੂਆਂ ਵੱਲੋਂ ਕਿਸਾਨਾਂ ਦੀ ਹਮਾਇਤ ਕਰਨ ਲਈ ਕਾਂਗਰਸਮੈਨਾਂ ਦਾ ਕੀਤਾ ਗਿਆ ਧੰਨਵਾਦ

85
Share

ਸਿੱਖ ਕਾਕਸ ਦੇ ਵੱਖ-ਵੱਖ ਕਾਂਗਰਸਮੈਨਾਂ ਨੇ ਭਾਰਤ ਸਰਕਾਰ ਨੂੰ ਖੇਤੀ ਬਿੱਲਾਂ ਨੂੰ ਰੱਦ ਕਰਨ ਲਈ ਲਿਖਿਆ ਪੱਤਰ

ਡੇਵਿਸ, 23 ਦਸੰਬਰ (ਪੰਜਾਬ ਮੇਲ)- ਭਾਰਤ ਵਿਚ ਪਿਛਲੇ ਲੰਮੇ ਸਮੇਂ ਤੋਂ ਕਿਸਾਨਾਂ ਵੱਲੋਂ ਕਾਲੇ ਕਾਨੂੰਨਾਂ ਖਿਲਾਫ ਚੱਲ ਰਹੇ ਸ਼ਾਂਤਮਈ ਰੋਸ ਮੁਜ਼ਾਹਰੇ ਦੇ ਹੱਕ ਵਿਚ ਆਵਾਜ਼ ਉਠਾਉਣ ਲਈ ਕੈਲੀਫੋਰਨੀਆ ਦੇ ਚੁਣੇ ਹੋਏ ਸਿੱਖ ਆਗੂਆਂ ਵੱਲੋਂ ਕਾਂਗਰਸਮੈਨ ਜੌਹਨ ਗੈਰਾਮੰਡੀ ਦਾ ਧੰਨਵਾਦ ਕੀਤਾ ਗਿਆ। ਕਾਂਗਰਸਮੈਨ ਜੌਹਨ ਗੈਰਾਮੰਡੀ ਦੇ ਦਫਤਰ ਡੇਵਿਸ ਵਿਖੇ ਕੈਲੀਫੋਰਨੀਆ ਤੋਂ ਚੁਣੇ ਗਏ ਵੱਖ-ਵੱਖ ਹਲਕਿਆਂ ਦੇ ਆਗੂ ਅਤੇ ਸਥਾਨਕ ਸਿੱਖ ਲੀਡਰ ਵੀ ਪਹੁੰਚੇ ਹੋਏ ਸਨ। ਇਨ੍ਹਾਂ ਸਿੱਖ ਆਗੂਆਂ ਵਿਚ ਸਟਰ ਕਾਊਂਟੀ ਦੇ ਸੁਪਰਵਾਈਜ਼ਰ ਕਰਮ ਬੈਂਸ, ਸਟੈਨਸਲਿਸ ਕਾਊਂਟੀ ਦੇ ਸੁਪਰਵਾਈਜ਼ਰ ਮਨਮੀਤ ਸਿੰਘ ਮੈਨੀ ਗਰੇਵਾਲ, ਐਲਕ ਗਰੋਵ ਸਿਟੀ ਦੀ ਮੇਅਰ ਬੌਬੀ ਸਿੰਘ, ਲੈਥਰੋਪ ਸਿਟੀ ਦੇ ਮੇਅਰ ਸੰਨੀ ਧਾਲੀਵਾਲ, ਨਟੋਮਸ ਡਿਸਟ੍ਰਿਕ ਸਕੂਲ ਬੋਰਡ ਦੇ ਟਰੱਸਟੀ ਜੱਗ ਬੈਂਸ, ਸਾਬਕਾ ਕੌਂਸਲ ਮੈਂਬਰ ਹਰਪ੍ਰੀਤ ਸਿੰਘ ਸੰਧੂ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ, ਸੈਕਟਰੀ ਆਫ ਸਟੇਟ ਦੇ ਸਲਾਹਕਾਰ ਗੁਰਜਤਿੰਦਰ ਸਿੰਘ ਰੰਧਾਵਾ ਤੋਂ ਇਲਾਵਾ ਹੋਰ ਵੀ ਸਿੱਖ ਆਗੂ ਸ਼ਾਮਲ ਸਨ।
ਜ਼ਿਕਰਯੋਗ ਹੈ ਕਿ ਕਾਂਗਰਸਮੈਨ ਜੌਹਨ ਗੈਰਾਮੰਡੀ ਅਮਰੀਕਨ ਸਿੱਖ ਕਾਕਸ ਦੇ ਕੋ-ਚੇਅਰ ਵੀ ਹਨ। ਸਿੱਖ ਕਾਕਸ ਦੇ ਵੱਖ-ਵੱਖ ਕਾਂਗਰਸਮੈਨਾਂ ਨੇ ਭਾਰਤ ਸਰਕਾਰ ਨੂੰ ਪੱਤਰ ਲਿਖ ਕੇ ਕਿਸਾਨਾਂ ਦੇ ਖਿਲਾਫ ਬਣਾਏ ਗਏ ਬਿਲਾਂ ਨੂੰ ਰੱਦ ਕਰਨ ਦੀ ਗੱਲ ਕਹੀ ਹੈ। ਸਿੱਖ ਕਾਕਸ ਵਿਚ ਜੌਹਨ ਗੈਰਾਮੰਡੀ ਤੋਂ ਇਲਾਵਾ ਕਾਂਗਰਸਮੈਨ ਜਿਮ ਕੋਸਟਾ, ਕਾਂਗਰਸਵੁਮੈਨ ਸ਼ੈਲੀਆ ਜੈਕਸਨ ਲੀ ਨੇ ਭਾਰਤ ਸਰਕਾਰ ਨੂੰ ਪੱਤਰ ਲਿਖਿਆ, ਜਿਸ ਵਿਚ ਬਣਾਏ ਗਏ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਗੱਲ ਕਹੀ ਗਈ ਹੈ। ਇਸ ਦੇ ਨਾਲ-ਨਾਲ ਦਿੱਲੀ ਬਾਰਡਰ ’ਤੇ ਸ਼ਾਂਤਮਈ ਧਰਨੇ ਦੇਣ ਜਾ ਰਹੇ ਕਿਸਾਨਾਂ ’ਤੇ ਅੱਥਰੂ ਗੈਸ ਅਤੇ ਕੀਤੀ ਗਈ ਪਾਣੀ ਦੀਆਂ ਬੁਛਾੜਾਂ ਦੀ ਨਿਖੇਧੀ ਕੀਤੀ।
ਵੱਖ-ਵੱਖ ਸਿੱਖ ਆਗੂਆਂ ਨੇ ਸਿੱਖ ਕਾਕਸ ਦੇ ਕਾਂਗਰਸਮੈਨਾਂ ਵੱਲੋਂ ਪੰਜਾਬ, ਹਰਿਆਣਾ ਦੇ ਕਿਸਾਨਾਂ ਦੇ ਹੱਕ ਵਿਚ ਆਵਾਜ਼ ਉਠਾਉਣ ਲਈ ਅਤੇ ਕਾਨੂੰਨਾਂ ਨੂੰ ਵਾਪਸ ਲੈਣ ਲਈ ਭਾਰਤ ਸਰਕਾਰ ਉੱਤੇ ਦਬਾਅ ਪਾਉਣ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।


Share