ਲੀਗਲ ਮੈਟ੍ਰੋਲੋਜੀ ਵਿਭਾਗ ਵੱਲੋਂ ਮਠਿਆਈ ਦੀਆਂ ਦੁਕਾਨਾਂ ਦਾ ਅਚਨਚੇਤ ਨਿਰੀਖਣ

223 ਦੁਕਾਨਾਂ ਦਾ ਕੀਤਾ ਨਿਰੀਖਣ ; 136 ਦੇ ਕੀਤੇ ਚਲਾਨ
ਚੰਡੀਗੜ੍ਹ 25 ਜੁਲਾਈ (ਪੰਜਾਬ ਮੇਲ)- ਪੰਜਾਬ ਦੇ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਦੇ ਨਿਰਦੇਸ਼ਾਂ ਤਹਿਤ ਹਰਕਤ ਵਿੱਚ ਆਉਂਦਿਆਂ ਲੀਗਲ ਮੈਟਰੋਲੋਜੀ ਵਿੰਗ ਵੱਲੋਂ ਸੂਬੇ ਭਰ ਦੀਆਂ ਮਿਠਾਈ ਦੀਆਂ ਦੁਕਾਨਾਂ ‘ਤੇ ਛਾਪੇਮਾਰੀ ਕੀਤੀ ਗਈ।
2 ਦਿਨਾਂ ਦੀ ਲੰਮੀ ਜੱਦੋ-ਜਹਿਦ ਦੌਰਾਨ, ਲੀਗਲ ਮੈਟਰੋਲੋਜੀ ਵਿੰਗ ਵੱਲੋਂ ਲੀਗਲ ਮੈਟਰੋਲੋਜੀ ਵਿੰਗ ਦੀਆਂ ਵੱਖ ਵੱਖ ਧਾਰਾਵਾਂ ਤਹਿਤ 223 ਦੁਕਾਨਾਂ ਦਾ ਨਿਰੀਖਣ ਕੀਤਾ ਗਿਆ ਅਤੇ 136 ਚਲਾਨ ਕੀਤੇ ਗਏ ਜਿਸ ਵਿੱਚ 74 ਘੱਟ ਤੋਲਣ, 35 ਭਾਰ ਤੋਲਣ ਵਾਲੀਆਂ ਗੈਰ-ਤਸਦੀਕਸ਼ੁਦਾ ਮਸ਼ੀਨਾਂ ਵਰਤਣ, 8 ਵੈਰੀਫਿਕੇਸ਼ਨ ਸਰਟੀਫਿਕੇਟ ਦੀ ਨੁਮਾਇਸ਼ ਨਾ ਕਰਨ ਬਾਰੇ, 10 ਵੱਧ ਕੀਮਤ ਵਸੂਲਣ, 8 ਨਾਨ ਡੈਕਲੇਰੇਸ਼ਨ ਆਫ਼ ਪੈਕੇਜਡ ਕਮੌਡਿਟੀ ਰੂਲਜ਼ ਅਤੇ 1 ਨਾਨ ਪੀ.ਸੀ.ਆਰ. ਰਜਿਸਟ੍ਰੇਸ਼ਨ ਤੋਂ ਇਲਾਵਾ ਕੁੱਲ 28 ਕੇਸਾਂ ਵਿੱਚ ਜੁਰਮਾਨੇ ਕੀਤੇ ਗਏ ਜਿਸ ਰਾਹੀਂ 1,13,00 ਰੁਪਏ ਦੀ ਰਾਸ਼ੀ ਮੌਕੇ ‘ਤੇ ਪ੍ਰਾਪਤ ਹੋਈ ਹੈ।ਚਲਾਨਾਂ ਰਾਹੀਂ ਕੁੱਲ ਰਾਸ਼ੀ 5,66,500 ਰੁਪਏ ਪ੍ਰਾਪਤ ਹੋਣ ਦੀ ਸੰਭਾਵਨਾ ਹੈ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਮੌਜੂਦਾ ਨਿਰੀਖਣ ਦੀ ਕਾਰਵਾਈ ਵਿਭਾਗ ਵੱਲੋਂ ਲਿਖਤੀ ਸ਼ਿਕਾਇਤਾਂ ਪ੍ਰਾਪਤ ਹੋਣ ਉਪਰੰਤ ਆਰੰਭੀ ਗਈ ਹੈ। ਵਿਭਾਗ ਲਿਖਤੀ ਸ਼ਿਕਾਇਤ ਪ੍ਰਾਪਤ ਹੋਣ ‘ਤੇ ਵਿਸ਼ੇਸ਼ ਜਾਂਚ ਕਰਨ ਲਈ ਪਾਬੰਦ ਹੈ। ਇਸ ਲਈ ਲੋਕਾਂ ਨੂੰ ਅੱਗੇ ਆ ਕੇ ਗ੍ਰਾਹਕਾਂ ਨਾਲ ਠੱਗੀ ਕਰਨ ਵਾਲਿਆਂ ਵਿਰੁੱਧ ਸ਼ਿਕੰਜਾ ਕਸਣ ਲਈ ਸਰਕਾਰ ਦੀ ਮੱਦਦ ਕਰਨੀ ਚਾਹੀਦੀ ਹੈ।ਇਸ ਨਾਲ ਭ੍ਰਿਸ਼ਟਾਚਾਰ ਨੂੰ ਠੱਲ੍ਹ ਪਵੇਗੀ।
ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਲੀਗਲ ਮੈਅਰੋਲੋਜੀ ਵਿੰਗ ਵੱਲੋਂ ਇੱਕ ਹਫ਼ਤੇ ਵਿੱਚ ਦੂਸਰੀ ਵਾਰ ਵੱਡੇ ਪੱਧਰ ‘ਤੇ ਰਾਜ ਪੱਧਰੀ ਨਿਰੀਖਣ ਕੀਤੇ ਗਏ ਹਨ ਜਿਸ ਦੌਰਾਨ ਇਸ ਤੋਂ ਪਹਿਲਾਂ ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ, ਸੜਕ ‘ਤੇ ਸਥਿਤ ਢਾਬਿਆਂ ਅਤੇ ਖਾਣ ਪੀਣ ਦੀਆਂ ਦੁਕਾਨਾਂ ਦੀ ਜਾਂਚ ਕੀਤੀ ਗਈ ਸੀ।