ਲਾਸ ਏਂਜਲਸ ਸਥਿਤ ਚੀਨੀ ਵਣਜ ਦੂਤਘਰ ‘ਤੇ ਫਾਇਰਿੰਗ; ਹਮਲਾਵਰ ਨੇ ਕੀਤੀ ਖੁਦਕੁਸ਼ੀ

ਲਾਸ ਏਂਜਲਸ, 2 ਅਗਸਤ (ਪੰਜਾਬ ਮੇਲ)- ਅਮਰੀਕਾ ਦੇ ਲਾਸ ਏਂਜਲਸ ਸ਼ਹਿਰ ‘ਚ ਸਥਿਤ ਚੀਨੀ ਵਣਜ ਦੂਤਘਰ ‘ਤੇ ਮੰਗਲਵਾਰ ਸਵੇਰੇ ਫਾਇਰਿੰਗ ਕੀਤੀ ਗਈ। ਫਾਇਰਿੰਗ ‘ਚ ਦੂਤਘਰ ਨਾਲ ਸਬੰਧਿਤ ਕਿਸੇ ਵਿਅਕਤੀ ਨੂੰ ਨੁਕਸਾਨ ਨਹੀਂ ਪੁੱਜਾ ਪ੍ਰੰਤੂ ਇਮਾਰਤ ‘ਤੇ ਗੋਲੀਆਂ ਲੱਗੀਆਂ ਹਨ। ਫਾਇਰਿੰਗ ਪਿੱਛੋਂ ਹਮਲਾਵਰ ਨੇ ਆਪਣੀ ਕਾਰ ‘ਚ ਬੈਠ ਕੇ ਖ਼ੁਦ ਨੂੰ ਗੋਲੀ ਮਾਰ ਲਈ। ਘਟਨਾ ‘ਚ ਹਮਲਾਵਰ ਦੀ ਜਾਨ ਚਲੀ ਗਈ ਹੈ। ਪੁਲਿਸ ਘਟਨਾ ਦੀ ਜਾਂਚ ‘ਚ ਲੱਗ ਗਈ ਹੈ। ਚੀਨੀ ਦੂਤਘਰ ਨੇ ਸੁਰੱਖਿਆ ਦੇ ਲੋੜੀਂਦੇ ਇੰਤਜ਼ਾਮ ਦੀ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ।
ਲਾਸ ਏਂਜਲਸ ਪੁਲਿਸ ਦੇ ਬੁਲਾਰੇ ਮਾਈਕਲ ਲਾਪੇਜ ਅਨੁਸਾਰ ਫਾਇਰਿੰਗ ਵਣਜ ਦੂਤਘਰ ਖੁੱਲਣ ਤੋਂ ਪਹਿਲੇ ਹੋਈ। ਦੂਤਘਰ ਦੀ ਦੀਵਾਰ ‘ਤੇ ਗੋਲੀਆਂ ਦੇ ਨਿਸ਼ਾਨ ਪਾਏ ਗਏ। ਇਸ ਦੇ ਬਾਅਦ ਹਮਲਾਵਰ ਆਪਣੀ ਕਾਰ ‘ਚ ਮਿ੍ਰਤਕ ਹਾਲਤ ‘ਚ ਮਿਲਿਆ। ਗੰਨ ਉਸ ਦੀ ਲਾਸ਼ ਦੇ ਕੋਲ ਪਈ ਸੀ। ਹਮਲਾਵਰ ਦੇ ਬਾਰੇ ‘ਚ ਜਾਣਕਾਰੀਆਂ ਇਕੱਠੀਆਂ ਕੀਤੀਆਂ ਜਾ ਰਹੀਆਂ ਹਨ। ਚੀਨੀ ਖ਼ਬਰ ਏਜੰਸੀ ਸਿਨਹੂਆ ਅਨੁਸਾਰ ਹਮਲਾਵਰ ਲਗਪਗ 60 ਸਾਲ ਦਾ ਸੀ ਅਤੇ ਵੇਖਣ ‘ਚ ਇਹ ਏਸ਼ਿਆਈ ਮੂਲ ਦਾ ਲੱਗ ਰਿਹਾ ਸੀ। ਇਹ ਜਾਣਕਾਰੀ ਦੂਤਘਰ ਦੇ ਅਧਿਕਾਰੀ ਨੇ ਦਿੱਤੀ ਹੈ ਜਿਸ ਨੇ ਹਮਲੇ ਪਿੱਛੋਂ ਪੁਲਿਸ ਬੁਲਾਈ। ਦੂਤਘਰ ਦੇ ਸੁਰੱਖਿਆ ਕਰਮਚਾਰੀਆਂ ਅਨੁਸਾਰ ਹਮਲਾਵਰ ਨੇ ਬਿਲਡਿੰਗ ਵੱਲ 17 ਫਾਇਰ ਕੀਤੇ। ਇਸ ਕਾਰਨ ਕਈ ਗੋਲੀਆਂ ਖਿੜਕੀਆਂ ਅਤੇ ਦੀਵਾਰਾਂ ‘ਤੇ ਲੱਗੀਆਂ ਹਨ। ਇਸ ਤੋਂ ਪਹਿਲੇ 2011 ‘ਚ ਵੀ ਚੀਨੀ ਮੂਲ ਦੇ ਇਕ ਅਮਰੀਕੀ ਨਾਗਰਿਕ ਨੇ ਇਸੇ ਇਮਾਰਤ ‘ਤੇ ਫਾਇਰਿੰਗ ਕੀਤੀ ਸੀ। ਪੁਲਿਸ ਨੇ ਉਸ ਨੂੰ ਮੌਕੇ ‘ਤੇ ਹੀ ਗਿ੍ਰਫ਼ਤਾਰ ਕਰ ਲਿਆ ਸੀ। ਚੀਨੀ ਦੂਤਘਰ ਨੇ ਇਕ ਬਿਆਨ ਜਾਰੀ ਕਰ ਕੇ ਅਮਰੀਕੀ ਪ੍ਰਸ਼ਾਸਨ ਨਾਲ ਘਟਨਾ ‘ਤੇ ਚਿੰਤਾ ਪ੍ਰਗਟ ਕੀਤੀ ਹੈ। ਨਾਲ ਹੀ ਦੂਤਘਰ ਅਤੇ ਡਿਪਲੋਮੈਟ ਦੀ ਸੁਰੱਖਿਆ ਲਈ ਲੋੜੀਂਦੇ ਇੰਤਜ਼ਾਮ ਕਰਨ ਨੂੰ ਕਿਹਾ ਹੈ।