ਲਾਸ ਏਂਜਲਸ ਵਿੱਚ ਗੈਰਕਾਨੂੰਨੀ ਪਾਰਟੀ ਕਰਦੇ 158 ਲੋਕ ਗ੍ਰਿਫਤਾਰ

278
Share

ਫਰਿਜ਼ਨੋ (ਕੈਲੀਫੋਰਨੀਆਂ), 10 ਦਸੰਬਰ ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ/ਪੰਜਾਬ ਮੇਲ)- ਕੋਰੋਨਾਂ ਵਾਇਰਸ ਦੀ ਲਾਗ ਨੂੰ ਰੋਕਣ ਲਈ ਸਮੂਹਿਕ ਇਕੱਠ ਅਤੇ ਪਾਰਟੀਆਂ ਆਦਿ ਕਰਨ ‘ਤੇ ਪਾਬੰਦੀਆਂ ਲਗਾਈਆਂ ਹੋਈਆਂ ਹਨ।ਇਸ ਲਈ ਅਧਿਕਾਰੀਆਂ ਦੁਆਰਾ ਇਸ ਸੰਕਟ ਦੇ ਸਮੇਂ ਹੁੰਦੀਆਂ ਗੈਰ ਕਾਨੂੰਨੀ ਪਾਰਟੀਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਲਾਸ ਏਂਜਲਸ ਕਾਉਂਟੀ ਦੇ ਸ਼ੈਰਿਫ ਨੇ ਪਾਮਡੇਲ ਵਿੱਚ ਇੱਕ ਅੰਡਰਗ੍ਰਾਉਂਡ ਪਾਰਟੀ ਨੂੰ ਬੰਦ  ਕਰਨ ਦੇ ਨਾਲ 158 ਗ੍ਰਿਫਤਾਰੀਆਂ ਦਾ ਵੀ ਐਲਾਨ ਕੀਤਾ ਹੈ ,ਇਸਦੇ ਨਾਲ ਹੀ ਅਧਿਕਾਰੀਆਂ ਨੇ ਇਸ ਪਾਰਟੀ ਵਿੱਚੋਂ ਹਥਿਆਰ , ਨਸ਼ੇ ਅਤੇ ਮਨੁੱਖੀ ਤਸਕਰੀ ਲਈ ਲਿਆਂਦੀ ਇੱਕ ਨਾਬਾਲਗ ਲੜਕੀ ਵੀ ਬਰਾਮਦ ਕੀਤੀ ਹੈ। ਸ਼ੈਰਿਫ ਐਲੈਕਸ ਵਿਲੇਨੁਏਵਾ ਅਨੁਸਾਰ ਗਵਰਨਰ ਦੇ ਸਿਹਤ ਸੰਬੰਧੀ ਨਿਯਮਾਂ ਨੂੰ ਤੋੜਨ ਵਾਲੀ ਇਸ ਪਾਰਟੀ ਨੂੰ ਅਧਿਕਾਰੀਆਂ ਨੇ ਸ਼ਨੀਵਾਰ ਰਾਤ ਨੂੰ ਇੱਕ ਖਾਲੀ ਘਰ ਵਿੱਚ ਦਾਖਲ ਹੋ ਕੇ ਬੰਦ ਕਰਦਿਆਂ ਕਾਰਵਾਈ ਕੀਤੀ ਹੈ। ਵਿਲੇਨੁਏਵਾ ਨੇ ਜਾਣਕਾਰੀ ਦਿੱਤੀ ਕਿ ਅਧਿਕਾਰੀਆਂ ਨੇ ਘਟਨਾ ਵਾਲੀ ਥਾਂ ਤੋਂ ਛੇ ਹਥਿਆਰ ਬਰਾਮਦ ਕੀਤੇ ਅਤੇ ਇੱਕ 17 ਸਾਲਾ ਲੜਕੀ ਨੂੰ ਤਸਕਰੀ ਤੋਂ ਬਚਾਇਆ  ਹੈ ਜਦਕਿ ਅਧਿਕਾਰੀਆਂ ਨੇ 120 ਬਾਲਗਾਂ ਅਤੇ 38 ਨਾਬਾਲਗਾਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਨੇ ਚਿਹਰੇ ਦੇ ਮਾਸਕ ਵੀ ਨਹੀਂ ਪਹਿਨੇ ਹੋਏ ਸਨ ਅਤੇ ਬਾਅਦ ਵਿੱਚ ਵਾਇਰਸ ਤੋਂ ਬਚਾਅ ਲਈ ਪੁਲਿਸ ਦੁਆਰਾ ਉਨ੍ਹਾਂ ਨੂੰ ਮਾਸਕ ਪਹਿਨਣ ਲਈ ਦਿੱਤੇ ਗਏ। ਰਾਜ ਦੇ ਗਵਰਨਰ ਗੈਵਿਨ ਨਿਊਸਮ ਦੁਆਰਾ ਕਈ ਖੇਤਰਾਂ ਵਿੱਚ ਕੋਵੀਡ -19 ਦੇ ਮਾਮਲਿਆਂ ਵਿਚ ਵਾਧੇ ਨੂੰ ਰੋਕਣ ਦੀ ਉਮੀਦ ਵਿੱਚ ਕਈ ਆਦੇਸ਼ ਲਾਗੂ ਕੀਤੇ ਗਏ ਹਨ ਜਿਹਨਾਂ ਦੀ ਪਾਲਣਾ ਕਰਨ ਅਤੇ ਵਾਇਰਸ ਦੇ ਖਤਰੇ ਨੂੰ ਘੱਟ ਕਰਨ ਦੇ ਮੰਤਵ ਲਈ ਇਸ ਪਾਰਟੀ ‘ਤੇ ਅਧਿਕਾਰੀਆਂ ਦੁਆਰਾ ਕਾਰਵਾਈ ਕੀਤੀ ਗਈ ਹੈ।

Share