ਲਾਲ ਕਿਲ੍ਹੇ ’ਤੇ ਹੋਈ ਘਟਨਾ ’ਚ ਨਾਮਜ਼ਦ ਕਥਾਵਾਚਕ ਭਾਈ ਇਕਬਾਲ ਸਿੰਘ ਦਿੱਲੀ ਪੁਲਿਸ ਵੱਲੋਂ ਗਿ੍ਰਫ਼ਤਾਰ

75
Share

ਨਵੀਂ ਦਿੱਲੀ/ਲੁਧਿਆਣਾ, 11 ਫਰਵਰੀ (ਪੰਜਾਬ ਮੇਲ)-ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ ’ਤੇ ਹੋਈ ਘਟਨਾ ਵਿਚ ਨਾਮਜ਼ਦ ਦੀਪ ਸਿੱਧੂ ਤੋਂ ਬਾਅਦ ਦਿੱਲੀ ਪੁਲਿਸ ਨੇ ਲੁਧਿਆਣਾ ਦੇ ਭਾਈ ਇਕਬਾਲ ਸਿੰਘ ਨੂੰ ਵੀ ਗਿ੍ਰਫ਼ਤਾਰ ਕਰ ਲਿਆ ਹੈ। ਭਾਈ ਇਕਬਾਲ ਸਿੰਘ ’ਤੇ ਦਿੱਲੀ ਪੁਲਿਸ ਨੇ ਦੋਸ਼ ਲਾਏ ਸਨ ਕਿ ਉਨ੍ਹਾਂ ਲਾਲ ਕਿਲ੍ਹੇ ’ਤੇ ਹੋਈ ਘਟਨਾ ਦੌਰਾਨ ਲੋਕਾਂ ਨੂੰ ਲਾਲ ਕਿਲ੍ਹੇ ਅੰਦਰ ਜਾਣ ਲਈ ਭੜਕਾਇਆ ਸੀ। ਭਾਈ ਇਕਬਾਲ ਸਿੰਘ ਨੂੰ ਮੈਟਰੋਪੋਲਿਟਨ ਜੱਜ ਪੂਰਵਾ ਮਹਿਰਾ ਦੀ ਅਦਾਲਤ ’ਚ ਪੇਸ਼ ਕੀਤਾ ਗਿਆ ਜਿੱਥੋਂ ਉਸ ਨੂੰ 7 ਦਿਨ ਲਈ ਪੁਲਿਸ ਦੀ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ। ਭਾਈ ਇਕਬਾਲ ਸਿੰਘ ’ਤੇ ਪੁਲਿਸ ਨੇ 50 ਹਜ਼ਾਰ ਰੁਪਏ ਇਨਾਮ ਵੀ ਰੱਖਿਆ ਗਿਆ ਸੀ।
ਕਥਾਵਾਚਕ ਭਾਈ ਇਕਬਾਲ ਸਿੰਘ ਲੁਧਿਆਣਾ ਦੇ ਨਿਊ ਅਸ਼ੋਕ ਨਗਰ ਦੇ ਰਹਿਣ ਵਾਲੇ ਹਨ। ਇਸ ਵੇਲੇ ਘਰ ’ਚ ਸਿਰਫ਼ ਬਜ਼ੁਰਗ ਮਾਤਾ-ਪਿਤਾ ਹੀ ਹਨ। ਪੁਲਿਸ ਨੇ ਉਸ ਨੂੰ ਹੁਸ਼ਿਆਪੁਰ ਤੋਂ ਗਿ੍ਰਫ਼ਤਾਰ ਕੀਤਾ ਹੈ। ਇਕਬਾਲ ਸਿੰਘ ਦੀ ਗਿ੍ਰਫ਼ਤਾਰੀ ਬਾਰੇ ਉਸ ਦੇ ਮਾਤਾ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਿਸਾਨ ਅੰਦੋਲਨ ’ਚ ਕੀ ਹੋ ਰਿਹਾ ਹੈ, ਗਣਤੰਤਰ ਦਿਵਸ ਵਾਲੇ ਦਿਨ ਕੀ ਹੋਇਆ, ਬਾਰੇ ਕੁਝ ਵੀ ਪਤਾ ਨਹੀਂ ਹੈ। ਉਨ੍ਹਾਂ ਦੇ ਲੜਕੇ ਨੂੰ ਛੱਡ ਦਿੱਤਾ ਜਾਵੇ, ਕਿਉਂਕਿ ਉਸ ਤੋਂ ਇਲਾਵਾ ਉਨ੍ਹਾਂ ਦੀ ਦੇਖਭਾਲ ਕਰਨ ਵਾਲਾ ਹੋਰ ਕੋਈ ਨਹੀਂ ਹੈ। ਇਕਬਾਲ ਸਿੰਘ ਦੇ ਪਿਤਾ ਸਰਦਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਕਥਾਵਾਚਕ ਹੈ। ਉਸ ਦੇ ਸਹਾਰੇ ਹੀ ਪਰਿਵਾਰ ਦਾ ਗੁਜ਼ਾਰਾ ਚੱਲਦਾ ਹੈ। ਗਣਤੰਤਰ ਦਿਵਸ ਤੋਂ ਪਹਿਲਾਂ ਉਹ ਘਰ ਇਹ ਆਖ ਕੇ ਗਿਆ ਸੀ ਕਿ ਉਹ ਕਿਸਾਨ ਅੰਦੋਲਨ ’ਚ ਜਾ ਰਿਹਾ ਹੈ। ਭਾਈ ਇਕਬਾਲ ਸਿੰਘ ਦੀਆਂ 2 ਲੜਕੀਆਂ ਹਨ। ਥਾਣਾ ਸਲੇਮ ਟਾਬਰੀ ਦੇ ਇੰਚਾਰਜ ਕਿ੍ਰਸ਼ਨ ਗੋਪਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਉਨ੍ਹਾਂ ਦੇ ਇਲਾਕੇ ਵਿੱਚ ਦਿੱਲੀ ਪੁਲਿਸ ਨੇ ਛਾਪਾ ਮਾਰਿਆ ਹੈ। ਇਸ ਕਾਰਨ ਉਹ ਭਾਈ ਇਕਬਾਲ ਸਿੰਘ ਦੇ ਘਰ ਗਏ ਸਨ, ਉਥੇ ਸਿਰਫ਼ ਉਸ ਦੇ ਮਾਤਾ-ਪਿਤਾ ਹੀ ਸਨ।

Share