ਲਾਪਤਾ ਪਾਵਨ ਸਰੂਪ ਮਾਮਲਾਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਤੇ ਟਾਸਕ ਫੋਰਸ ਨੇ ਧਰਨਾਕਾਰੀਆਂ ‘ਤੇ ਕੀਤਾ ਹਮਲਾ

86
Share

ਅੰਮ੍ਰਿਤਸਰ, 16 ਸਤੰਬਰ (ਪੰਜਾਬ ਮੇਲ)- ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਦੇ ਬਾਹਰ ਧਰਨਾ ਦੇ ਰਹੇ ਸਿੱਖ ਕਾਰਕੁਨਾਂ ਦੇ ਹੱਕ ‘ਚ ਆਏ ਕੁਝ ਨਿਹੰਗ ਸਿੰਘਾਂ ਅਤੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਵਿਚਾਲੇ ਤਕਰਾਰ ਮਗਰੋਂ ਹੋਏ ਝਗੜੇ ਵਿਚ ਕੁਝ ਨਿਹੰਗ ਸਿੰਘ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਦੀਆਂ ਦਸਤਾਰਾਂ ਵੀ ਉੱਤਰ ਗਈਆਂ। ਇਸ ਦੌਰਾਨ ਟਾਸਕ ਫੋਰਸ ਦੇ ਕਰਮਚਾਰੀਆਂ ਵੱਲੋਂ ਮੀਡੀਆ ਕਰਮੀਆਂ ਨਾਲ ਵੀ ਦੁਰਵਿਹਾਰ ਕੀਤਾ ਗਿਆ। ਲਾਪਤਾ ਸਰੂਪਾਂ ਦੀ ਜਾਂਚ ਰਿਪੋਰਟ ‘ਚ ਦੱਸੇ ਗਏ ਦੋਸ਼ੀਆਂ ਖ਼ਿਲਾਫ਼ ਪੁਲਿਸ ਕੇਸ ਦਰਜ ਕਰਾਉਣ ਦੀ ਮੰਗ ਨੂੰ ਲੈ ਕੇ ਸਤਿਕਾਰ ਕਮੇਟੀਆਂ ਅਤੇ ਹੋਰ ਸਿੱਖ ਜਥੇਬੰਦੀਆਂ ਦੇ ਕਾਰਕੁਨ ਸੋਮਵਾਰ ਤੋਂ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਦੇ ਬਾਹਰ ਧਰਨੇ ‘ਤੇ ਬੈਠੇ ਹੋਏ ਸਨ। ਧਰਨਾ ਦੂਜੇ ਦਿਨ ਵੀ ਜਾਰੀ ਰਿਹਾ ਅਤੇ ਸ਼੍ਰੋਮਣੀ ਕਮੇਟੀ ਅਤੇ ਧਰਨਾਕਾਰੀਆਂ ਦੇ ਆਗੂਆਂ ਵਿਚਾਲੇ ਮੀਟਿੰਗ ਹੋਈ। ਰਾਤ ਵੇਲੇ ਜਦੋਂ ਧਰਨਾਕਾਰੀ ਘੱਟ ਗਿਣਤੀ ‘ਚ ਰਹਿ ਗਏ ਸਨ, ਤਾਂ ਸ਼੍ਰੋਮਣੀ ਕਮੇਟੀ ਨੇ ਗੁਰੂ ਰਾਮਦਾਸ ਨਿਵਾਸ, ਗੁਰਦੁਆਰਾ ਬਾਬਾ ਅਟਲ ਰਾਏ ਅਤੇ ਮੰਜੀ ਸਾਹਿਬ ਦੀਵਾਨ ਹਾਲ ਦੇ ਅੱਗੇ ਲੱਗਪਗ 10 ਫੁੱਟ ਉੱਚੀਆਂ ਟੀਨਾਂ ਲਾ ਕੇ ਇੱਧਰ ਆਉਣ ਵਾਲੇ ਰਸਤੇ ਰੋਕ ਦਿੱਤੇ, ਜਿਸ ਨਾਲ ਧਰਨਾਕਾਰੀ ਅਲੱਗ-ਥਲੱਗ ਹੋ ਕੇ ਰਹਿ ਗਏ। ਸਵੇਰ ਵੇਲੇ ਜਦੋਂ ਧਰਨਾਕਾਰੀਆਂ ਦੇ ਸਮਰਥਨ ‘ਚ ਕੁਝ ਨਿਹੰਗ ਸਿੰਘ ਪੁੱਜੇ ਤਾਂ ਉਹ ਰਸਤਾ ਬੰਦ ਦੇਖ ਕੇ ਸ੍ਰੀ ਗੁਰੂ ਰਾਮਦਾਸ ਸਰਾਂ ਦੇ ਸਾਹਮਣੇ ਧਰਨੇ ‘ਤੇ ਬੈਠ ਗਏ। ਇਨ੍ਹਾਂ ਨੇ ਇੱਥੇ ਹੀ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਖ਼ਿਲਾਫ਼ ਕੁਝ ਬੈਨਰ ਵੀ ਲਾਏ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਆਈ ਟਾਸਕ ਫੋਰਸ ਦੇ ਕਰਮਚਾਰੀਆਂ ਨੇ ਪਹਿਲਾਂ ਬੈਨਰ ਇਥੋਂ ਹਟਾਏ, ਜਿਸ ਨਾਲ ਨਿਹੰਗਾਂ ਅਤੇ ਇਨ੍ਹਾਂ ਵਿਚਾਲੇ ਤਕਰਾਰ ਸ਼ੁਰੂ ਹੋ ਗਈ, ਜੋ ਝਗੜੇ ਵਿਚ ਬਦਲ ਗਈ। ਇੱਕ ਨਿਹੰਗ ਨੇ ਕਿਰਪਾਨ ਨਾਲ ਹਮਲਾ ਕਰ ਦਿੱਤਾ, ਜਿਸ ਨੂੰ ਰੋਕਦਿਆਂ ਸ਼੍ਰੋਮਣੀ ਕਮੇਟੀ ਦੇ ਕਰਮਚਾਰੀਆਂ ਨੇ ਉਸ ਨਿਹੰਗ ਸਮੇਤ ਹੋਰਨਾਂ ਦੀ ਕੁੱਟਮਾਰ ਕੀਤੀ ਅਤੇ ਕਈਆਂ ਦੀ ਦਸਤਾਰ ਵੀ ਉੱਤਰ ਗਈ। ਇਸ ਕਾਰਵਾਈ ‘ਚ ਕੁਝ ਨਿਹੰਗ ਜ਼ਖਮੀ ਵੀ ਹੋਏ ਅਤੇ ਟਾਸਕ ਫੋਰਸ ਨੇ ਉਨ੍ਹਾਂ ਨੂੰ ਭਜਾ ਦਿੱਤਾ। ਇਸੇ ਦੌਰਾਨ ਘਟਨਾ ਦੀ ਕਵਰੇਜ ਕਰ ਰਹੇ ਮੀਡੀਆ ਕਰਮੀਆਂ ਨੂੰ ਰੋਕਣ ਲਈ ਉਨ੍ਹਾਂ ਦੀ ਖਿੱਚ-ਧੂਹ ਕਰਦਿਆਂ ਕੈਮਰੇ ਖੋਹਣ ਦਾ ਵੀ ਯਤਨ ਕੀਤਾ ਗਿਆ। ਘਟਨਾ ਦੀ ਵੀਡੀਓ ਵਾਇਰਲ ਹੋਣ ਮਗਰੋਂ ਧਰਨਾਕਾਰੀਆਂ ਦੇ ਹੋਰ ਵੀ ਸਮਰਥਕ ਮੌਕੇ ‘ਤੇ ਪੁੱਜ ਗਏ ਅਤੇ ਉਨ੍ਹਾਂ ਸ੍ਰੀ ਗੁਰੂ ਰਾਮਦਾਸ ਸਰਾਂ ਦੇ ਸਾਹਮਣੇ ਧਰਨਾ ਦੇ ਦਿੱਤਾ। ਧਰਨੇ ‘ਚ ਸ਼ਾਮਲ ਹੋਣ ਲਈ ਲੋਕ ਇਨਸਾਫ਼ ਪਾਰਟੀ ਦੇ ਜਗਜੋਤ ਸਿੰਘ ਤੇ ਉਨ੍ਹਾਂ ਦੇ ਸਮਰਥਕ ਵੀ ਪੁੱਜੇ ਸਨ। ਹਵਾਰਾ ਕਮੇਟੀ ਦੇ ਆਗੂਆਂ ਨੇ ਵੀ ਧਰਨੇ ‘ਚ ਸ਼ਮੂਲੀਅਤ ਕੀਤੀ।
ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਮੀਡੀਆ ਤੋਂ ਮੰਗੀ ਮੁਆਫ਼ੀ
ਇਸੇ ਦੌਰਾਨ ਸਥਾਨਕ ਸੀਨੀਅਰ ਪੱਤਰਕਾਰਾਂ ਦਾ ਇਕ ਵਫ਼ਦ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ, ਸਕੱਤਰ ਮਹਿੰਦਰ ਸਿੰਘ ਆਹਲੀ, ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾ ਕੋਹਨਾ ਤੇ ਹੋਰ ਅਧਿਕਾਰੀਆਂ ਨੂੰ ਮਿਲਿਆ ਤੇ ਮੀਡੀਆ ਕਰਮੀਆਂ ‘ਤੇ ਬਿਨ੍ਹਾਂ ਵਜਾ ਹਮਲਾ ਕਰਨ ਵਾਲੇ ਦੋਸ਼ੀ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਤੇ ਟਾਸਕ ਫੋਰਸ ਕਰਮੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ। ਇਸ ‘ਤੇ ਭਾਈ ਮਹਿਤਾ ਨੇ ਉਨ੍ਹਾਂ ਵਲੋਂ ਮੀਡੀਆ ਕਰਮੀਆਂ ਨਾਲ ਕੀਤੀ ਗਈ ਜ਼ਿਆਦਤੀ ਲਈ ਮੁਆਫ਼ੀ ਮੰਗਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਮੀਡੀਆ ਦਾ ਪੂਰਾ ਸਤਿਕਾਰ ਕਰਦੀ ਹੈ ਤੇ ਇਹ ਮਾਮਲਾ ਜਲਦ ਹੀ ਪ੍ਰਧਾਨ ਭਾਈ ਲੌਂਗੋਵਾਲ ਦੇ ਧਿਆਨ ਵਿਚ ਲਿਆ ਕੇ ਦੋਸ਼ੀ ਮੁਲਾਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਸੇ ਦੌਰਾਨ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ, ਦਲ ਖ਼ਾਲਸਾ ਦੇ ਆਗੂ ਕੰਵਰਪਾਲ ਸਿੰਘ, ਅਕਾਲ ਫੈਡਰੇਸ਼ਨ ਦੇ ਨਰਾਇਣ ਸਿੰਘ ਚੌੜਾ, ਭਾਈ ਹਵਾਰਾ ਕਮੇਟੀ ਦੇ ਮੁੱਖ ਬੁਲਾਰੇ ਪ੍ਰੋ: ਬਲਜਿੰਦਰ ਸਿੰਘ, ਪੰਥਕ ਤਾਲਮੇਲ ਸੰਗਠਨ ਦੇ ਗਿਆਨੀ ਕੇਵਲ ਸਿੰਘ ਤੇ ਜਸਵਿੰਦਰ ਸਿੰਘ ਐਡਵੋਕੇਟ, ਫੈਡਰੇਸ਼ਨ ਆਗੂ ਮਨਜੀਤ ਸਿੰਘ ਭੋਮਾ ਅਤੇ ਜਰਨੈਲ ਸਿੰਘ ਸਖੀਰਾ ਸਮੇਤ ਹੋਰ ਕਈ ਆਗੂਆਂ ਨੇ ਮੀਡੀਆ ਕਰਮੀਆਂ ਅਤੇ ਸ਼ਰਧਾਲੂਆਂ ‘ਤੇ ਸ਼ੋਮ੍ਰਣੀ ਕਮੇਟੀ ਮੁਲਾਜ਼ਮਾਂ ਵਲੋਂ ਹਮਲਾ ਕਰਨ ਦੀ ਸਖ਼ਤ ਨਿੰਦਾ ਕਰਦਿਆਂ ਦੋਸ਼ੀ ਮੁਲਾਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਆਖਿਆ ਕਿ 328 ਸਰੂਪਾਂ ਦਾ ਵੇਰਵਾ ਸਿੱਖ ਸੰਗਤ ਨੂੰ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਧਰਨਾਕਾਰੀਆਂ ‘ਤੇ ਕੀਤੀ ਗਈ ਕਾਰਵਾਈ ਨੂੰ ਹਮਲਾ ਕਰਾਰ ਦਿੰਦਿਆਂ ਆਖਿਆ ਕਿ ਕਕਾਰਾਂ ਦੀ ਬੇਅਦਬੀ ਕੀਤੀ ਗਈ ਹੈ, ਜੋ ਕਿ ਨਿੰਦਣਯੋਗ ਹੈ। ਉਨ੍ਹਾਂ ਨੇ ਮੀਡੀਆ ‘ਤੇ ਕੀਤੇ ਹਮਲੇ ਦੀ ਵੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਜਵਾਬਦੇਹ ਹੋਵੇ ਅਤੇ ਆਪਣੀਆਂ ਆਪਹੁਦਰੀਆਂ ਕਾਰਵਾਈਆਂ ਨੂੰ ਰੋਕੇ।


Share