ਲਾਂਘਾ ਖੁੱਲਣ ਦਾ ਸੁਹਾਵਾ ਮੌਕਾ ਆਣ ਪੁੱਜਾ

-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ 916-320-9444
ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ-ਦੀਦਾਰ ਦੀ ਚਿਰਾਂ ਤੋਂ ਹੋ ਰਹੀ ਮੰਗ ਪੂਰੀ ਹੋਣ ਦਾ ਸੁਹਾਵਾ ਮੌਕਾ ਆਣ ਪੁੱਜਾ ਹੈ। 9 ਨਵੰਬਰ ਨੂੰ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਇਹ ਲਾਂਘਾ ਖੁੱਲ੍ਹਣ ਦਾ ਰਸਮੀ ਐਲਾਨ ਕਰ ਦੇਣਗੇ। ਸ਼ਾਇਦ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਭਾਰਤ-ਪਾਕਿ ਸਰਹੱਦ ਦੇ ਐਨ ਨੇੜੇ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਲਾਂਘਾ ਖੋਲ੍ਹਣ ਦੀਆਂ ਰਸਮੀ ਕਾਰਵਾਈਆਂ ਪੂਰੀਆਂ ਕਰਨ ਅਤੇ ਅਮਲੀ ਰੂਪ ਵਿਚ ਲਾਂਘਾ ਖੋਲ੍ਹਣ ਨੂੰ ਹਰੀ ਝੰਡੀ ਦੇਣਗੇ। ਭਾਰਤ ਤੇ ਪਾਕਿਸਤਾਨ ਦਰਮਿਆਨ ਸਿਰੇ ਦੇ ਟਕਰਾਅ ਅਤੇ ਤਕਰਾਰ ਦਰਮਿਆਨ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਦੀ ਹੋ ਰਹੀ ਇਹ ਰਸਮ ਬਾਬੇ ਨਾਨਕ ਦੇ ਕ੍ਰਿਸ਼ਮੇ ਤੋਂ ਘੱਟ ਨਹੀਂ। ਪਿਛਲੇ ਸਾਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿਚ ਲਾਂਘਾ ਖੋਲ੍ਹਣ ਦੀ ਗੱਲ ਤੁਰੀ ਸੀ। ਉਂਝ ਤਾਂ ਪਿਛਲੇ 70-72 ਸਾਲ ਤੋਂ ਸਿੱਖ ਸੰਗਤ ਇਹ ਲਾਂਘਾ ਖੁੱਲ੍ਹਵਾਉਣ ਲਈ ਅਰਦਾਸਾਂ ਕਰਦੀ ਆ ਰਹੀ ਸੀ। ਪਿਛਲੇ ਕਈ ਸਾਲਾਂ ਤੋਂ ਵੱਡੀ ਗਿਣਤੀ ਵਿਚ ਸਿੱਖ ਸੰਗਤ ਡੇਰਾ ਬਾਬਾ ਨਾਨਕ ਲਾਗੇ ਸਰਹੱਦ ਨੇੜੇ ਬਣੇ ਇਕ ਚਬੂਤਰੇ ਤੋਂ ਦੂਰਬੀਨ ਰਾਹੀਂ ਦਰਬਾਰ ਸਾਹਿਬ ਦੇ ਦਰਸ਼ਨ ਵੀ ਕਰਦੀ ਆ ਰਹੀ ਸੀ। ਪਿਛਲੇ ਵਰ੍ਹੇ ਸਹੁੰ ਚੁੱਕ ਸਮਾਗਮ ਵਿਚ ਜਦ ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਇਸ ਸਮਾਗਮ ਵਿਚ ਆਏ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਕੌਮਾਂਤਰੀ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੂੰ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਭਰੋਸਾ ਦਿੱਤਾ, ਤਾਂ ਜਨਰਲ ਬਾਜਵਾ ਦੀ ਗੱਲ ਸੁਣ ਕੇ ਸਿੱਧੂ ਇੰਨੇ ਭਾਵੁਕ ਹੋ ਉੱਠੇ ਕਿ ਉਨ੍ਹਾਂ ਜਨਰਲ ਬਾਜਵਾ ਨੂੰ ਘੁੱਟਵੀਂ ਜੱਫੀ ਵਿਚ ਲੈ ਕੇ ਵਸੋਂ ਬਾਹਰੀ ਖੁਸ਼ੀ ਦਾ ਇਜ਼ਹਾਰ ਕੀਤਾ ਸੀ। ਇਹ ਦੋਵਾਂ ਆਗੂਆਂ ਵਿਚਕਾਰ ਸਦਭਾਵਨਾ ਅਤੇ ਭਰੋਸੇ ਦਾ ਬੇਹਿਸਾਬਾ ਪ੍ਰਗਟਾਵਾ ਵੀ ਸੀ। ਪਰ ਜਦ ਨਵਜੋਤ ਸਿੰਘ ਸਿੱਧੂ ਕਰਤਾਰਪੁਰ ਲਾਂਘਾ ਖੁੱਲ੍ਹਣ ਦਾ ਭਰੋਸਾ ਲੈ ਕੇ ਸਰਹੱਦ ਤੋਂ ਪਾਰ ਆਏ, ਤਾਂ ਭਾਰਤੀ ਸਿਆਸਤਦਾਨਾਂ ਨੇ ਇਸ ਵਿਚੋਂ ਭਰੋਸੇ ਅਤੇ ਹਲੀਮੀ ਦੀ ਭਾਵਨਾ ਨੂੰ ਮਨਫੀ ਕਰ ਦਿੱਤਾ ਅਤੇ ਸਿੱਧੂ-ਬਾਜਵਾ ਜੱਫੀ ਉਪਰ ਖੂਬ ਸਿਆਸਤ ਹੋਈ। ਸਿੱਧੂ ਬਾਰੇ ਦੇਸ਼ਧਰੋਹੀ ਹੋਣ ਤੱਕ ਦੀ ਇਲਜ਼ਾਮ ਤਰਾਸ਼ੀ ਕੀਤੀ ਗਈ। ਪਰ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸੱਚੀ ਸੋਚ ਸਦਕਾ ਜਦ ਉਨ੍ਹਾਂ ਕਰਤਾਰਪੁਰ ਲਾਂਘਾ ਖੋਲ੍ਹਣ ਬਾਰੇ ਬਾਕਾਇਦਾ ਐਲਾਨ ਕਰ ਦਿੱਤਾ ਅਤੇ ਫਿਰ ਇਸ ਦੇ ਜਵਾਬ ਵਿਚ ਭਾਰਤ ਸਰਕਾਰ ਨੇ ਵੀ ਉਸੇ ਤਰ੍ਹਾਂ ਦਾ ਹੁੰਗਾਰਾ ਭਰਦਿਆਂ ਲਾਂਘਾ ਖੋਲ੍ਹਣ ਉੱਤੇ ਸਹੀ ਪਾ ਦਿੱਤੀ, ਤਾਂ ਫਿਰ ਇਕ ਵਾਰ ਸਿੱਧੂ ਖਿਲਾਫ ਬਿਆਨਬਾਜ਼ੀ ਕਰਨ ਵਾਲਿਆਂ ਦੀਆਂ ਜੀਭਾਂ ਹੀ ਠਾਕੀਆਂ ਗਈਆਂ। ਲਾਂਘਾ ਖੋਲ੍ਹਣ ਪਿੱਛੇ ਪਾਕਿਸਤਾਨ ਦੀ ਬਦਨੀਤ ਜਾਂ ਨਾਪਾਕ ਇਰਾਦੇ ਕਹਿਣ ਵਾਲਿਆਂ ਨੂੰ ਵੀ ਇਸ ਕਦਮ ਦੀ ਸ਼ਲਾਘਾ ਕਰਨੀ ਪੈ ਗਈ। ਦੋਵਾਂ ਸਰਕਾਰਾਂ ਨੇ ਸਮਾਂ ਥੋੜਾ ਹੋਣ ਦੇ ਬਾਵਜੂਦ ਸਾਰੇ ਪ੍ਰਬੰਧਾਂ ਲਈ ਬੜੀ ਤੇਜ਼ੀ ਨਾਲ ਕੰਮ ਕੀਤਾ ਹੈ। ਕਮਾਲ ਤਾਂ ਇਸ ਗੱਲ ਦੀ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਆਪਸੀ ਸੰਬੰਧ ਇੰਨੇ ਕੁੜੱਤਣ ਭਰੇ ਅਤੇ ਟਕਰਾਅ ਵਾਲੇ ਹਨ ਕਿ ਉਹ ਇਕ-ਦੂਜੇ ਵੱਲ ਤੱਕਦੇ ਵੀ ਨਹੀਂ ਅਤੇ ਤਿਉਹਾਰਾਂ ਮੌਕੇ ਸਰਹੱਦਾਂ ਉਪਰ ਮਿਠਾਈ ਸਾਂਝੀ ਕਰਨ ਦੀ ਰੀਤ ਵੀ ਰੋਕ ਦਿੱਤੀ ਹੋਈ ਹੈ। ਪਰ ਅਜਿਹੇ ਮੌਕੇ ਬਾਬੇ ਨਾਨਕ ਦੇ ਦਰ ਕਰਤਾਰਪੁਰ ਸਾਹਿਬ ਨੂੰ ਜਾਂਦੇ ਲਾਂਘੇ ਨੂੰ ਖੋਲ੍ਹਣ ਲਈ ਦੋਵੇਂ ਸਰਕਾਰਾਂ ਸਦਭਾਵਨਾ ਅਤੇ ਸਨੇਹ ਭਰੇ ਢੰਗ ਨਾਲ ਕੰਮ ਕਰ ਰਹੀਆਂ ਹਨ। ਪੁਲਵਾਮਾ ‘ਚ ਹੋਏ ਹਮਲੇ ਅਤੇ ਫਿਰ ਬਾਲਾਕੋਟ ‘ਚ ਭਾਰਤ ਵੱਲੋਂ ਕੀਤੀ ਸਰਜੀਕਲ ਸਟ੍ਰਾਈਕ ਤੋਂ ਬਾਅਦ ਤਾਂ ਇਕ ਵਾਰ ਸਭ ਨੂੰ ਅਜਿਹਾ ਲੰਘਣ ਲੱਗ ਪਿਆ ਸੀ ਕਿ ਹੁਣ ਲਾਂਘਾ ਖੋਲ੍ਹਣ ਬਾਰੇ ਗੱਲ ਅੱਗੇ ਤੁਰਨੀ ਮੁਸ਼ਕਲ ਹੋਵੇਗੀ। ਚਾਰੇ ਪਾਸੇ ਜੰਗ ਦੇ ਬੱਦਲ ਮੰਡਰਾਅ ਰਹੇ ਸਨ। ਪਰ ਬਾਬੇ ਨਾਨਕ ਦੇ ਇਸ ਪਵਿੱਤਰ ਕਾਰਜ ਦੀ ਧੂਹ ਹੀ ਇੰਨੀ ਜ਼ਬਰਦਸਤ ਸੀ ਕਿ ਇਹ ਹਰ ਤਰ੍ਹਾਂ ਦੀ ਕੁੜੱਤਣ ਪੀ ਗਏ ਅਤੇ ਟਕਰਾਅ ਦੇ ਹਾਲਾਤ ਸਦਭਾਵਨਾ ਵਿਚ ਬਦਲ ਗਏ। ਅੱਜ ਦੋਵੇਂ ਦੇਸ਼ ਦੋਵੇਂ ਪਾਸੀਂ ਇਕ ਦੂਜੇ ਖਿਲਾਫ ਜੰਗ ਲਈ ਨਹੀਂ, ਸਗੋਂ ਸ਼ਰਧਾਲੂਆਂ ਦੇ ਆਉਣ-ਜਾਣ ਲਈ ਸਹੂਲਤਾਂ ਅਤੇ ਪ੍ਰਬੰਧਾਂ ਵਿਚ ਲੱਗੇ ਹੋਏ ਹਨ। ਪਾਕਿਸਤਾਨ ਵਾਲੇ ਪਾਸੇ ਸ਼ਰਧਾਲੂਆਂ ਦੇ ਜਾਣ ਲਈ ਚਹੁੰ-ਮਾਰਗੀ ਸੜਕਾਂ ਬਣ ਕੇ ਤਿਆਰ ਹੋ ਗਈਆਂ। ਸਰਹੱਦ ਤੋਂ ਕਰੀਬ 4 ਕਿਲੋਮੀਟਰ ਦੂਰ ਦਰਬਾਰ ਸਾਹਿਬ ਕਰਤਾਰਪੁਰ ਸ਼ਰਧਾਲੂਆਂ ਨੂੰ ਲਿਜਾਣ ਲਈ ਕੌਮਾਂਤਰੀ ਨਮੂਨੇ ਦੀਆਂ ਬੱਸਾਂ ਤਿਆਰ ਖੜ੍ਹੀਆਂ ਹਨ। ਦਰਬਾਰ ਸਾਹਿਬ ਦੇ ਨੇੜੇ ਵਿਸ਼ਾਲ ਸਰੋਵਰ ਬਣ ਕੇ ਤਿਆਰ ਹੈ। ਸ਼ਰਧਾਲੂਆਂ ਦੀ ਰਿਹਾਇਸ਼ ਅਤੇ ਆਰਾਮ ਲਈ ਵੱਡੀ ਗਿਣਤੀ ਵਿਚ ਕਮਰੇ ਉਸਾਰੇ ਗਏ ਹਨ ਅਤੇ ਸ਼ਬਦ ਕੀਰਤਨ ਸੁਣਨ ਲਈ ਵੱਡਾ ਦੀਵਾਨ ਅਸਥਾਨ ਬਣ ਕੇ ਤਿਆਰ ਹੋ ਚੁੱਕਾ ਹੈ। 100 ਏਕੜ ਤੋਂ ਵਧੇਰੇ ਜ਼ਮੀਨ ਵਿਚ ਬਾਬੇ ਨਾਨਕ ਦੀ ਵਿਰਾਸਤੀ ਖੇਤੀ ਅਤੇ ਬਾਗਬਾਨੀ ਦਾ ਪ੍ਰਬੰਧ ਕੀਤਾ ਗਿਆ ਹੈ। ਗੱਲ ਕੀ, ਪਾਕਿਸਤਾਨ ਸਰਕਾਰ ਨੇ ਸ਼ਰਧਾਲੂਆਂ ਦੇ ਆਉਣ ਦੀ ਉਡੀਕ ਵਿਚ ਪਲਕਾਂ ਵਿਛਾ ਛੱਡੀਆਂ ਹਨ।
ਇਸੇ ਤਰ੍ਹਾਂ ਭਾਰਤ ਵਾਲੇ ਪਾਸੇ ਡੇਰਾ ਬਾਬਾ ਨਾਨਕ ਤੋਂ ਕੰਟਰੋਲ ਰੇਖਾ ਤੱਕ ਜਾਣ ਲਈ ਚਹੁੰ-ਮਾਰਗੀ ਚੌੜੀਆਂ, ਸੁੰਦਰ ਸੜਕਾਂ ਬਣਾਈਆਂ ਹਨ। ਸਰਹੱਦ ਉਪਰ ਸ਼ਰਧਾਲੂਆਂ ਦੇ ਜਾਣ ਸਮੇਂ ਬੈਠਣ ਅਤੇ ਟਿਕਟਾਂ ਆਦਿ ਕਰਾਉਣ ਲਈ ਵਿਸ਼ਾਲ ਯਾਤਰੀ ਟਰਮੀਨਲ ਸਥਾਪਤ ਕੀਤਾ ਗਿਆ ਹੈ। ਇਹ ਟਰਮੀਨਲ ਕੌਮਾਂਤਰੀ ਹਵਾਈ ਅੱਡਿਆਂ ਵਰਗਾ ਉਸਾਰਿਆ ਗਿਆ ਹੈ ਅਤੇ ਉਸੇ ਤਰ੍ਹਾਂ ਦੀਆਂ ਸਾਰੀਆਂ ਸਹੂਲਤਾਂ ਉਥੇ ਉਪਲਬੱਧ ਹਨ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਲਾਂਘੇ ਰਾਹੀਂ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਦੀ ਸ਼ਰਤ ਹਟਾਉਣ ਨਾਲ ਹਰੇਕ ਸ਼ਰਧਾਲੂ ਨੂੰ ਆਉਣ-ਜਾਣ ਦਾ ਰਸਤਾ ਵੀ ਖੁੱਲ੍ਹ ਗਿਆ ਹੈ। ਵਰਣਨਯੋਗ ਹੈ ਕਿ ਇਸ ਲਾਂਘੇ ਰਾਹੀਂ ਸਿਰਫ ਭਾਰਤੀ ਨਾਗਰਿਕ ਹੀ ਨਹੀਂ, ਸਗੋਂ ਵਿਦੇਸ਼ੀਂ ਵਸੇ ਓ.ਸੀ.ਆਈ. ਨਾਗਰਿਕ ਵੀ ਜਾ ਸਕਦੇ ਹਨ।
ਇਸੇ ਤਰ੍ਹਾਂ ਸ਼ਰਧਾਲੂਆਂ ਦੇ ਨਾਲ ਆਏ ਹੋਰ ਲੋਕਾਂ ਦੇ ਠਹਿਰਣ ਅਤੇ ਖਾਣ-ਪੀਣ ਦੇ ਬੰਦੋਬਸਤ ਵੀ ਕੀਤੇ ਗਏ ਹਨ। ਵਾਹਨਾਂ ਦੇ ਖੜ੍ਹੇ ਕਰਨ ਲਈ ਵੱਡੀ ਪਾਰਕਿੰਗ ਬਣਾਈ ਗਈ ਹੈ। ਦੋਵਾਂ ਪਾਸਿਆਂ ਦੀਆਂ ਸਰਕਾਰਾਂ ਵੱਲੋਂ ਲਾਂਘਾ ਖੋਲ੍ਹਣ ਅਤੇ ਇਸ ਦੇ ਕੀਤੇ ਗਏ ਵਿਆਪਕ ਪ੍ਰਬੰਧਾਂ ਦੀ ਦੁਨੀਆਂ ਭਰ ਦੇ ਸਿੱਖਾਂ ਵੱਲੋਂ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਪਰ ਲੱਗਦਾ ਹੈ ਕਿ ਪੰਜਾਬ ਦੇ ਸਿਆਸਤਦਾਨ ਬਾਬੇ ਨਾਨਕ ਦੇ ਇਸ ਪਵਿੱਤਰ ਕਾਰਜ ਉਪਰ ਵੀ ਸਿਆਸਤ ਕਰਨ ਤੋਂ ਪਿੱਛੇ ਨਹੀਂ ਹੱਟ ਰਹੇ। ਸੁਲਤਾਨਪੁਰ ਲੋਧੀ ਵਿਖੇ ਤਾਂ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਵੱਖੋ-ਵੱਖ ਸਟੇਜਾਂ ਲਗਾਈਆਂ ਹੀ ਜਾ ਰਹੀਆਂ ਹਨ। ਪਰ ਹੁਣ ਉਦਘਾਟਨ ਮੌਕੇ ਵੀ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੇ ਵੱਖਰੀਆਂ-ਵੱਖਰੀਆਂ ਸਟੇਜਾਂ ਉਸਾਰਨੀਆਂ ਸ਼ੁਰੂ ਕੀਤੀਆਂ ਹੋਈਆਂ ਹਨ। ਕੇਂਦਰ ਸਰਕਾਰ ਨੇ ਆਪਣੀ ਸਟੇਜ ਦੀ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਨੂੰ ਸੌਂਪ ਦਿੱਤੀ ਹੈ, ਜਿਸ ਦਾ ਸਿੱਧਾ ਅਰਥ ਹੈ ਕਿ ਉਥੇ ਸਮਾਗਮਾਂ ਵਿਚ ਅਕਾਲੀ ਦਲ ਦੀ ਸਰਦਾਰੀ ਹੋਵੇਗੀ। ਇਸ ਗੱਲ ਤੋਂ ਨਿਰਾਸ਼ ਹੋ ਕੇ ਪੰਜਾਬ ਸਰਕਾਰ ਵੱਲੋਂ ਉਸਾਰੀ ਗਈ ਸਟੇਜ ਸੰਤ ਸਮਾਜ ਨੂੰ ਸੌਂਪ ਦਿੱਤੀ ਗਈ ਹੈ ਅਤੇ ਇਸੇ ਨਿਰਾਸ਼ਤਾ ਦਾ ਨਤੀਜਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣ ਤੱਕ ਲਾਂਘਾ ਖੁੱਲ੍ਹਣ ਦਾ ਸਵਾਗਤ ਕਰਦੇ ਆ ਰਹੇ ਸਨ, ਪਰ ਜਦ ਸਮਾਗਮਾਂ ਵਿਚ ਸਰਦਾਰੀ ਖੁੱਸਦੀ ਨਜ਼ਰ ਆ ਰਹੀ ਹੈ, ਤਾਂ ਉਨ੍ਹਾਂ ਲਾਂਘਾ ਖੋਲ੍ਹਣ ਪਿੱਛੇ ਪਾਕਿਸਤਾਨ ਦੇ ਨਾਪਾਕ ਇਰਾਦੇ ਕਹਿਣਾ ਸ਼ੁਰੂ ਕਰ ਦਿੱਤਾ ਹੈ। ਉਹ ਖਦਸ਼ਾ ਪ੍ਰਗਟ ਕਰਨ ਲੱਗ ਪਏ ਹਨ ਕਿ ਇਸ ਲਾਂਘੇ ਨੂੰ ਪਾਕਿਸਤਾਨ ਸਿੱਖਾਂ ਦੀਆਂ ਭਾਵਨਾਵਾਂ ਵਰਤ ਕੇ ਸਿੱਖਾਂ ਅੰਦਰ ਵੰਡੀਆਂ ਪਾਉਣ ਦੀ ਸਾਜ਼ਿਸ਼ ਰੱਚ ਸਕਦਾ ਹੈ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਪੰਜਾਬ ਅੰਦਰ ਜਿੱਥੇ 550 ਸਾਲਾ ਸਮਾਗਮ ਕਰਵਾਏ ਜਾਣ ‘ਤੇ ਸਿਆਸਤ ਭਾਰੂ ਹੋ ਰਹੀ ਸੀ, ਉਥੇ ਹੁਣ ਲਾਂਘੇ ਦਾ ਉਦਘਾਟਨ ਵੀ ਸਿਆਸੀ ਗੁੱਟਬੰਦੀ ਦੀ ਭੇਂਟ ਚੜ੍ਹਦਾ ਜਾ ਰਿਹਾ ਹੈ। ਪਰ ਪੂਰੀ ਦੁਨੀਆਂ ਵਿਚ ਵੱਸਦੀ ਸਿੱਖ ਸੰਗਤ ਲੱਗਦਾ ਹੈ ਕਿ ਸਿਆਸਤਦਾਨਾਂ ਦੀਆਂ ਅਜਿਹੀਆਂ ਗੁੱਟਬੰਦੀਆਂ ਦੀ ਕੋਈ ਪ੍ਰਵਾਹ ਨਹੀਂ ਕਰਦੀ, ਸਗੋਂ ਉਹ ਬਾਬੇ ਨਾਨਕ ਦੇ ਸਰਬ ਵਿਆਪਕ ਉਪਦੇਸ਼ ਤੋਂ ਰੌਸ਼ਨੀ ਲੈਂਦਿਆਂ ਸਰਬੱਤ ਦੇ ਭਲੇ, ਵਿਸ਼ਵ ਸ਼ਾਂਤੀ ਅਤੇ ਭਾਈਚਾਰਕ ਏਕਤਾ ਦੇ ਰਾਹ ਅੱਗੇ ਵੱਧ ਰਹੀ ਹੈ। ਲਾਂਘੇ ਦੇ ਉਦਘਾਟਨ ਲਈ ਲੋਕਾਂ ਅੰਦਰ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਉਸ ਦਿਨ ਸੰਗਤ ਦੇ ਵੱਡੀ ਗਿਣਤੀ ਵਿਚ ਉਦਘਾਟਨੀ ਸਮਾਗਮਾਂ ‘ਚ ਭਾਗ ਲੈਣ ਦੀ ਉਮੀਦ ਹੈ।
ਕਰਤਾਰਪੁਰ ਲਾਂਘਾ ਭਾਰਤ-ਪਾਕਿਸਤਾਨ ਦਰਮਿਆਨ ਇਕ ਅਜਿਹਾ ਮੀਲ ਪੱਥਰ ਗੱਡਿਆ ਜਾ ਰਿਹਾ ਹੈ, ਜਿਸ ਨੇ ਨਾ ਸਿਰਫ ਮੌਜੂਦਾ ਹਾਲਤ ਵਿਚ ਟਕਰਾਅ ਅਤੇ ਕੁੜੱਤਣ ਨੂੰ ਘਟਾਉਣ ਦਾ ਕੰਮ ਕੀਤਾ ਹੈ, ਸਗੋਂ ਇਹ ਆਉਣ ਵਾਲੇ ਸਮਿਆਂ ਵਿਚ ਦੋਵਾਂ ਦੇਸ਼ਾਂ ਵਿਚਕਾਰ ਆਪਸੀ ਮੇਲ-ਮਿਲਾਪ ਅਤੇ ਸਦਭਾਵਨਾ ਦਾ ਮਾਹੌਲ ਸਿਰਜਣ ਵਿਚ ਅਹਿਮ ਰੋਲ ਅਦਾ ਕਰਦਾ ਰਹੇਗਾ।