ਵਾਸ਼ਿੰਗਟਨ, 30 ਅਪਰੈਲ (ਪੰਜਾਬ ਮੇਲ)- ਭਾਰਤੀ-ਅਮਰੀਕੀ ਸੰਸਦ ਰੋ ਖੰਨਾ ਨੇ ਟਰੰਪ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਦਹਿਸ਼ਤੀ ਸੰਗਠਨਾਂ ਦੀਆਂ ਵਧੀਕੀਆਂ ਦਾ ਸਾਹਮਣਾ ਕਰ ਰਹੇ ਅਫਗਾਨਿਸਤਾਨ ਦੇ ਘੱਟ ਗਿਣਤੀ ਸਿੱਖ ਅਤੇ ਹਿੰਦੂ ਪਰਿਵਾਰਾਂ ਨੂੰ ਸ਼ਰਨਾਰਥੀਆਂ ਦਾ ਦਰਜਾ ਦਿੱਤਾ ਜਾਵੇ।
ਖੰਨਾ ਨੇ ਵਿਦੇਸ਼ ਮੰਤਰੀ ਮਾਈਕ ਪੌਂਪੀਓ ਅਤੇ ਹੋਮਲੈਂਡ ਸਕਿਉਰਿਟੀ ਦੇ ਕਾਰਜਕਾਰੀ ਸਕੱਤਰ ਚਾਡ ਐੱਫ਼ ਵੁਲਫ ਨੂੰ ਭੇਜੇ ਪੱਤਰ ਵਿੱਚ ਜੰਗ-ਗ੍ਰਸਤ ਮੁਲਕ ਵਿੱਚ ਧਾਰਮਿਕ ਘੱਟ ਗਿਣਤੀਆਂ ਦੀ ਸਿਹਤ ਅਤੇ ਸੁਰੱਖਿਆ ‘ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ, ”ਅਫਗਾਨਿਸਤਾਨ ਵਿੱਚ ਲਗਭਗ 200 ਹਿੰਦੂ ਅਤੇ ਸਿੱਖ ਪਰਿਵਾਰ ਰਹਿ ਰਹੇ ਹਨ। ਧਾਰਮਿਕ ਹਿੰਸਾ ਕਾਰਨ ਉਨ੍ਹਾਂ ਦੀ ਹੋਂਦ ਨੂੰ ਖ਼ਤਰਾ ਹੈ, ਮੈਂ ਕਾਬੁਲ ਵਿੱਚ ਅਮਰੀਕੀ ਅੰਬੈਸੀ ਨੂੰ ਅਪੀਲ ਕਰਦਾ ਹਾਂ ਕਿ ਅਫਗਾਨਿਸਤਾਨ ਵਿਚਲੇ ਸਿੱਖਾਂ ਅਤੇ ਹਿੰਦੂਆਂ ਨੂੰ ਯੂਐੱਸਆਰਏਪੀ ਤਹਿਤ ਹੰਗਾਮੀ ਸ਼ਰਨਾਰਥੀ ਰੱਖਿਆ ਲਈ ਰੈਫਰ ਕੀਤਾ ਜਾਵੇ ਅਤੇ ਵਿਦੇਸ਼ ਵਿਭਾਗ ਤੇ ਹੋਮਲੈਂਡ ਸਕਿਉਰਿਟੀ ਵਿਭਾਗ ਇਸ ਨੂੰ ਬਿਨਾਂ ਕਿਸੇ ਇਤਰਾਜ਼ ਮਨਜ਼ੂਰੀ ਦੇ ਕੇ ਸੁਰੱਖਿਆ ਯਕੀਨੀ ਬਣਾਉਣ।”