ਰੋਹਤਕ ਜੇਲ੍ਹ ‘ਚ ਡੇਰਾ ਮੁਖੀ ਬਾਰੇ ਫੈਸਲਾ ਸੁਣਾਇਆ ਜਾਵੇਗਾ : ਹਾਈਕੋਰਟ

ਪੰਚਕੂਲਾ, 26 ਅਗਸਤ (ਪੰਜਾਬ ਮੇਲ)- ਪਹਿਲਾਂ ਚੰਡੀਗੜ੍ਹ ‘ਚ ਹਰਿਆਣਾ ਦੇ ਡੀ.ਜੀ.ਪੀ, ਬੀ.ਐਸ. ਸੰਧੂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਸੀ ਕਿ ਸਾਧਵੀ ਸਰੀਰਕ ਸ਼ੋਸ਼ਣ ਮਾਮਲੇ ‘ਚ ਡੇਰਾ ਮੁਖੀ ਨੂੰ 28 ਅਗਸਤ ਨੂੰ ਵੀਡੀਓ ਕਾਨਫਰਸਿੰਗ ਦੇ ਰਾਹੀਂ ਸਜ਼ਾ ਸੁਣਾਈ ਜਾਵੇਗੀ। ਪਰ ਹੁਣ ਹਾਈਕੋਰਟ ਦਾ ਵੱਡਾ ਆਦੇਸ਼ ਆਇਆ ਹੈ ਕਿ ਇਹ ਅਦਾਲਤ ਰੋਹਤਕ ਦੀ ਸੁਨਾਰਿਆਂ ਜੇਲ ‘ਚ ਲੱਗੇਗੀ ਅਤੇ ਉਥੇ ਹੀ ਅੱਗੋਂ ਦਾ ਫੈਸਲਾ ਸੁਣਾਇਆ ਜਾਵੇਗਾ।
ਡੇਰਾ ਮੁਖੀ ਦੇ ਦੋਸ਼ੀ ਕਰਾਰ ਦੇਣ ਦੇ ਬਾਅਦ ਹੋਈ ਹਿੰਸਾ ਅਤੇ ਅੱਗ ਦੀਆਂ ਘਟਨਾਵਾਂ ਦੇ ਬਾਅਦ ਹੋਈ 30 ਤੋਂ ਵਧ ਲੋਕਾਂ ਦੀਆਂ ਮੌਤਾਂ ਅਤੇ 250 ਲੋਕਾਂ ਦੇ ਜ਼ਖਮੀ ਹੋਣ ਦੇ ਬਾਅਦ ਇਸ ਤਰ੍ਹਾਂ ਦਾ ਫੈਸਲਾ ਲਿਆ ਗਿਆ ਸੀ ਕਿ ਰਾਮ ਰਹੀਮ ਸੀ.ਬੀ.ਆਈ. ਕੋਰਟ ਨਹੀਂ ਜਾਣਗੇ, ਉਨ੍ਹਾਂ ਨੂੰ ਵੀਡੀਓ ਕਾਨਫਰਸਿੰਗ ਦੇ ਰਾਹੀਂ ਸਜ਼ਾ ਸੁਣਾਈ ਜਾਵੇਗੀ।
ਜ਼ਿਕਰਯੋਗ ਹੈ ਕਿ ਜੱਜ ਜਗਦੀਪ ਸਿੰਘ ਨੇ ਡੇਰਾ ਮੁਖੀ ਰਾਮ ਰਹੀਮ ਨੂੰ ਬਲਾਤਕਾਰ ਦਾ ਦੋਸ਼ੀ ਕਰਾਰ ਦਿੱਤਾ ਹੈ। ਇਹ ਮਾਮਲਾ ਅਣਜਾਣ ਲਿਖਤੀ ਸ਼ਿਕਾਇਤ ਦੇ ਆਧਾਰ ‘ਤੇ 2002 ‘ਚ ਦਰਜ ਕੀਤਾ ਗਿਆ ਸੀ। ਸ਼ਿਕਾਇਤ ‘ਚ ਦੋਸ਼ ਲਗਾਇਆ ਗਿਆ ਸੀ ਕਿ ਗੁਰਮੀਤ ਰਾਮ ਰਹੀਮ ਨੇ ਸਾਧਵੀਆਂ ਦਾ ਸਰੀਰਕ ਸ਼ੋਸ਼ਣ ਕੀਤਾ ਸੀ।