ਰੈਫਰੈਂਡਮ 2020 ਸੰਬੰਧੀ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਅਰਦਾਸ ਕਰਨ ਲਈ ਸਿੱਖ ਨੌਜਵਾਨ ਗ੍ਰਿਫ਼ਤਾਰ

112
ਅਰਦਾਸ ਮਾਮਲੇ 'ਚ ਗ੍ਰਿਫ਼ਤਾਰ ਨੌਜਵਾਨ ਪੁਲਿਸ ਹਿਰਾਸਤ ਦੌਰਾਨ।
Share

ਤਲਵੰਡੀ ਸਾਬੋ, 19 ਅਗਸਤ (ਪੰਜਾਬ ਮੇਲ)- ਰੈਫਰੈਂਡਮ 2020 ਨੂੰ ਲੈ ਕੇ ਸਿੱਖ ਫਾਰ ਜਸਟਿਸ ਵੱਲੋਂ 15 ਅਗਸਤ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਅਰਦਾਸ ਦੇ ਐਲਾਨ ਉਪਰੰਤ ਕੁਝ ਨੌਜਵਾਨਾਂ ਵੱਲੋਂ ਤਖਤ ਸਾਹਿਬ ਤੇ ਅਰਦਾਸ ਕਰ ਦਿੱਤੇ ਜਾਣ ਦਾ ਦਾਅਵਾ ਕਰਦਿਆਂ ਪਾਈ ਵੀਡੀਓ ਉਪਰੰਤ ਦੋ ਸਿੱਖ ਨੌਜਵਾਨਾਂ ਨੂੰ ਫੜਨ ਦੀਆਂ ਚਰਚਾਵਾਂ ਦੌਰਾਨ ਤਲਵੰਡੀ ਸਾਬੋ ਪੁਲਿਸ ਨੇ ਆਖਿਰ ਇਹ ਪੁਸ਼ਟੀ ਕੀਤੀ ਹੈ ਕਿ ਉਕਤ ਮਾਮਲੇ ਵਿਚ ਉਸਨੇ ਇੱਕ ਸਿੱਖ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ।
ਦੱਸਣਾ ਬਣਦਾ ਹੈ ਕਿ ਭਾਂਵੇ ਅਰਦਾਸ ਦੇ ਐਲਾਨ ਦੇ ਮੱਦੇਨਜ਼ਰ 15 ਅਗਸਤ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦੇ ਆਲੇ-ਦੁਆਲੇ ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ ਪ੍ਰੰਤੂ ਕੁਝ ਨੌਜਵਾਨਾਂ ਨੇ ਅਰਦਾਸ ਕੀਤੇ ਜਾਣ ਦੀ ਇੱਕ ਵੀਡੀਓ ਵਾਇਰਲ ਕਰਕੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਰੈਫਰੈਂਡਮ 2020 ਨੂੰ ਲੈ ਕੇ ਤਖਤ ਸਾਹਿਬ ਉੱਪਰ ਅਰਦਾਸ ਕਰ ਦਿੱਤੀ ਹੈ। ਬਾਅਦ ਵਿਚ ਇਹ ਗੱਲ ਸਾਹਮਣੇ ਆਈ ਸੀ ਕਿ ਉਕਤ ਅਰਦਾਸ 14 ਅਗਸਤ ਨੂੰ ਹੀ ਕਰ ਦਿੱਤੀ ਗਈ ਸੀ। ਉਸ ਸਮੇਂ ਪਤਾ ਲੱਗਾ ਸੀ ਕਿ ਵੀਡੀਓ ਵਾਇਰਲ ਮਾਮਲੇ ‘ਚ ਛਾਣਬੀਣ ਤੋਂ ਬਾਅਦ ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਪਰ ਕੋਈ ਅਧਿਕਾਰੀ ਇਸਦੀ ਪੁਸ਼ਟੀ ਕਰਨ ਲਈ ਤਿਆਰ ਨਹੀ ਸੀ। ਪ੍ਰੰਤੂ ਬੀਤੇ ਦਿਨੀਂ ਤਲਵੰਡੀ ਸਾਬੋ ਪੁਲਿਸ ਨੇ ਮੰਨਿਆ ਕਿ ਉਨ੍ਹਾਂ ਨੇ ਇਸ ਮਾਮਲੇ ਵਿਚ ਨਿਰਮਲਜੀਤ ਸਿੰਘ ਵਾਸੀ ਪਿੰਡ ਕੋਟਸ਼ਮੀਰ (ਬਠਿੰਡਾ) ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਖਿਲਾਫ 107, 108/151 ਸੀ.ਆਰ.ਪੀ.ਸੀ. ਤਹਿਤ ਕਾਰਵਾਈ ਕੀਤੀ ਗਈ ਹੈ।
ਥਾਣਾ ਮੁਖੀ ਮਨਿੰਦਰ ਸਿੰਘ ਨੇ ਸਿਰਫ ਇੰਨਾ ਹੀ ਕਿਹਾ ਕਿ ਨੌਜਵਾਨ ਤੋਂ ਮਾਮਲੇ ਵਿਚ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਉੱਧਰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੁਲਿਸ ਨੇ ਹਿਰਾਸਤ ਵਿਚ ਦੋ ਨੌਜਵਾਨਾਂ ਨੂੰ ਹੀ ਲਿਆ ਸੀ ਪ੍ਰੰਤੂ ਦੂਜੇ ਦਾ ਪੁੱਛਗਿੱਛ ਦੌਰਾਨ ਕੋਈ ਕਸੂਰ ਨਾ ਦਿਖਾਈ ਦੇਣ ਕਾਰਣ ਉਸਨੂੰ ਛੱਡ ਦਿੱਤਾ ਗਿਆ ਸੀ।


Share