ਰੇਤ ਮਾਫੀਆ ਵੀ ਸ਼ਰਾਬ ਮਾਫੀਏ ਵਾਂਗ ਹੀ,  ਕੈਪਟਨ ਦੇ ਰਾਜ ਦਾ ਇੱਕ ਹੋਰ ਬਦਬੂਦਾਰ ਪਿੰਜਰ ਹੈ : ਬੀਰ ਦਵਿੰਦਰ ਸਿੰਘ

52
Share

ਅਨੰਦਪੁਰ ਸਾਹਿਬ, 23 ਮਈ (ਪੰਜਾਬ ਮੇਲ)- ਪੰਜਾਬ ਦੇ ਸ਼ਰਾਬ ਮਾਫੀਏ ਵਾਂਗ ਹੀ ਪੰਜਾਬ ਵਿੱਚ ਰੇਤ ਮਾਫੀਆ ਵੀ ਪਂਜਾਬ ਸਰਕਾਰ ਦੇ ਖਜ਼ਾਨੇ ਨੂੰ ਹਰ ਰੋਜ਼ ਕਰੋੜਾਂ ਰੁਪਏ ਦਾ ਚੂਨਾ ਲਾ ਰਿਹਾ ਹੈ।ਪੰਜਾਬ ਵਿੱਚ ਖਣਿਜ ਪਦਾਰਥਾਂ ਨਾਲ ਭਰਪੂਰ ਖਾਣਾਂ ਦੀ ਖੁਦਾਈ ਅਤੇ ਪੁਟਾਈ ਲਈ ਕੋਈ ਪੁਖਤਾ ਅਤੇ ਸਪਸ਼ਟ ਨੀਤੀ ਨਾ ਹੋਣ ਕਾਰਨ, ਰੇਤ ਅਤੇ ਬਜਰੀ ਦੀ ਵੱਡੀ ਪੱਧਰ ਉੱਤੇ ਸਮੱਗਲਿੰਗ ਹੋ ਰਹੀ ਹੈ। ਇਸ ਕਾਰੋਬਾਰ ਦੇ ਅੰਦਾਜ਼ਨ ਹਜ਼ਾਰਾਂ ਕਰੋੜ ਦਾ ਆਦਾਨ-ਪ੍ਰਦਾਨ ਅਤੇ ਲੈਣ-ਦੇਣ, ਸਰਕਾਰੀ ਖਜਾਨੇ ਨੂੰ ਵੱਡਾ ਚੂਨਾ ਲਾ ਕੇ, ਬਾਹਰ ਦੀ ਬਾਹਰ ਹੀ ਹੋ ਰਿਹਾ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਰੇਤ ਮਾਫੀਏ ਦੇ ਕਾਰੋਬਾਰ ਵੀ ਸ਼ਰਾਬ ਮਾਫੀਏ ਵਾਂਗ ਹੀ ਕਰਫਿਊ ਅਤੇ ਲਾਕਡਾਊਂਨ ਦੀਆਂ ਧਜੀਆਂ ਉੱਡਾ ਕੇ, ਬਿਨਾਂ ਕਿਸੇ ਰੋਕ-ਟੋਕ ਦੇ ਦਿਨ ਰਾਤ ਚੱਲ ਰਿਹਾ ਹੈ।ਪਠਾਨਕੋਟ ਤੋਂ ਸ਼ੁਰੂ ਹੋ ਕੇ ਰੋਪੜ ਤੱਕ ਕੋਈ ਵੀ ਅਜਿਹਾ ਦਰਿਆ ਅਤੇ ਚੋਅ ਨਹੀਂ ਜਿੱਥੇ ਰੇਤ ਮਾਫੀਆਂ ਨਜਾਇਜ਼ ਤੌਰ ਤੇ ਮਾਇਨਿੰਗ ਨਹੀਂ ਕਰ ਰਿਹਾ।ਦਿਲਚਸਪ ਗੱਲ ਇਹ ਹੈ ਕਿ ਸਮੁੱਚੇ ਰੇਤ ਤੇ ਬਜਰੀ ਮਾਫੀਏ ਦਾ ਇੱਕ ਵੱਡਾ ਸਰਗੁਣਾ, ਜੰਮੂ-ਕਸ਼ਮੀਰ ਦਾ ਇੱਕ ਸਕਸ਼ ‘ਰਕੇਸ਼ ਚੌਧਰੀ’ ਸੁਣਿਆ ਜਾ ਰਿਹਾ ਹੈ ਜਿਸ ਦੇ ਗੁੰਡੇ ਪਠਾਨਕੋਟ ਤੋਂ ਲੈ ਕੇ ਰੋਪੜ ਤੱਕ, ਹਰ ਕਰੈਸ਼ਰ ਅਤੇ ਰੇਤ-ਬਜਰੀ ਦੇ ਭਰੇ ਹੋਏ ਟਰੱਕਾਂ ਪਾਸੋਂ, 800 ਰੁਪਏ ਤੋਂ 1000 ਰੁਪਏ ਤੱਕ, ਪ੍ਰਤੀ ਟਰੱਕ, ਜਬਰੀ ‘ਗੁੰਡਾ ਟੈਕਸ’ ਵਸੂਲਦੇ ਹਨ। ਸਰਗੋਸ਼ੀਆਂ ਤਾਂ ਇਹ ਹਨ ਕਿ ਇਸ ਅਖੌਤੀ ‘ਰਕੇਸ਼ ਚੌਧਰੀ’ ਦੇ ਮਾਫੀਏ ਨੂੰ ਮਿਲ ਰਹੀ, ਸ਼ਾਹੀ ਸਰਪ੍ਰਸਤੀ ਦੀਆਂ ਤਾਰਾਂ ਵੀ ਕਿਤੇ ਨਾ ਕਿਤੇ ‘ਸਾਰਾਗੜ੍ਹੀ ਫਾਰਮ’ ਵਿੱਚ ਹੀ ਜਾ ਜੁੜਦੀਆਂ ਹਨ। ਇਹ ‘ਰਕੇਸ਼ ਚੌਧਰੀ’ ਕੌਣ ਹੈ ਇਸ ਬਾਰੇ ਖੁਲਾਸਾ ਤਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਾਂ ਪੰਜਾਬ ਵਿਧਾਨ ਸਭਾ ਦੇ ਮਾਨ ਯੋਗ ਸਪੀਕਰ ਰਾਣਾ ਕੇ.ਪੀ ਸਿੰਘ ਹੀ ਕਰ ਸਕਦੇ ਹਨ।ਇਹ ਪੰਜਾਬ ਵਿੱਚ ਇਸ ਤਰ੍ਹਾਂ ਦੀ ਲੁੱਟ ਕਿਊਂ ਕਰ ਰਹੇ ਹਨ, ਇਸ ਦਾ ਜਵਾਬ  ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬਿੰਦਰ ੁਸਿੰਘ, ਸੁੱਖ ਸਰਕਾਰੀਆ ਮਾਈਨਿੰਗ ਅਤੇ ਸਿੰਚਾਈ ਮੰਤਰੀ ਹੀ ਦੇ ਸਕਦੇ ਹਨ। ਮੁੱਖ ਮੰਤਰੀ ਵੱਲੋਂ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਵੱਡੀ ਲੁੱਟ ਵਿੱਚ ਹੋਰ ਭਾਈਵਾਲ ਕੌਣ-ਕੌਣ ਹਨ  ਅਤੇ ਇਸ ਲੁੱਟ ਦੇ ਮਾਲ ਦੀਆਂ ਢੇਰੀਆਂ ਕਿੱਥੇ ਲਗਦੀਆਂ ਹਨ ?
ਅਨੰਦਪੁਰ ਸਾਹਿਬ ਦੇ ਨਜ਼ਦੀਕ ਅਗੰਮਪੁਰ ਪਿੰਡ ਦੀ ਹਦੂਦ ਵਿੱਚ, ਦਰਿਆ ਸਤਲੁਜ ਦੇ ਤਲ ਵਿੱਚੋਂ ਗੁਜ਼ਰ ਰਹੀ 220 ਕੇ.ਵੀ ਲਾਈਨ ਦਾ ਇੱਕ ਵੱਡਾ ਟਾਵਰ ਤਾਂ ਹੁਣ ਡਿੱਗਣ ਹੀ ਵਾਲਾ ਹੈ ਕਿਊਂਕਿ ਇਸ ਦੇ ਆਲੇ-ਦੁਵਾਲਿਓਂ ਮਾਈਨਿੰਗ ਮਾਫੀਏ ਨੇ ਤਕਰੀਬਨ 20 ਫੁੱਟ ਡੂੰਘੇ ਟੋਏ ਚਾਰੇ ਪਾਸੇ ਕਰ ਦਿੱਤੇ ਹਨ ਅਤੇ ਇਸ ਟਾਵਰ ਨੂੰ ਚਾਰੇ ਪਾਸਿਓਂ ਖੋਖਲਾ ਕਰ ਦਿੱਤਾ ਹੈ ਜੋ ਕਿ ਕਿਸੇ ਵੇਲੇ ਵੀ ਡਿੱਗ ਸਕਦਾ ਹੈ ਅਤੇ ਇਸ 220 ਕੇ.ਵੀ ਲਾਈਨ ਤੋ ਸੰਚਾਲਤ ਕੀਤੀ ਜਾ ਰਹੀ ਬਿਜਲੀ ਸਪਲਾਈ ਨੂੰ ਕਿਸੇ ਵੇਲੇ ਵੀ ਠੱਪ ਕਰ ਸਕਦਾ ਹੈ।
ਜ਼ਿਕਰ ਯੋਗ ਹੈ ਕਿ  ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਦੇ ਸਥਾਨਕ ਐਸ.ਡੀ.ਓ ਲਖਵਿੰਦਰ ਸਿੰਘ ਨੇ ਇਹ ਮਾਮਲਾ ਮਾਇੰਨਿਗ ਵਿਭਾਗ ਦੇ ਦਿਆਨ ਵਿੱਚ ਫਰਵਰੀ ਦੇ ਮਹੀਨੇ ਲਿਆ ਦਿੱਤਾ ਸੀ ਪਰ ਇਸ ਦੇ ਬਾਵਜੂਦ ਵੀ ਇਸ ਰੇਤ ਮਾਫੀਏ ਦੇ ਵਿਰੁੱਧ ਕੋਈ ਵੀ ਕਾਰਵਾਈ ਨਹੀਂ ਹੋਈ, ਨਤੀਜਾ ਇਹ ਕਿ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਨੂੰ ਬੇਵੱਸ ਹੋ ਕੇ ਹੁਣ ਇਸ ਟਾਵਰ ਨੂੰ ਕਿਸੇ ਹੋਰ ਜਗਾ ਬਦਲਣ ਦਾ ਫੈਸਲਾ ਲਿਆ ਗਿਆ ਹੈ ਕਿਊਂਕਿ ਇਸ ਟਾਵਰ ਦੀ ਮੁਰਮੰਤ ਕਰਨ ਉੱਤੇ ਲਗਪਗ 1.20 ਕਰੋੜ ਰੁਪਏ ਦਾ ਅਨੁਮਾਨਤ ਖਰਚਾ ਹੋ ਸਕਦਾ ਹੈ, ਜਿਸ  ਤੋਂ ਬਾਅਦ ਵੀ ਇਸ ਟਾਵਰ ਦੇ ਖੜ੍ਹੇ ਰਹਿਣ ਦੀ ਕੋਈ ਗਰੰਟੀ ਨਹੀਂ।
ਚੇਤੇ ਰਹੇ ਕਿ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਵੀ ਪੰਜਾਬ ਦੇ ਮੁੱਖ ਮੰਤਰੀ ਦੇ ਸਿੱਧਾ ਅਧੀਨ ਹੈ ਤੇ ਇਹ ਵੀ ਕਰ ਅਤੇ ਆਬਕਾਰੀ ਮਹਿਕਮੇਂ ਵਾਂਗ, ਉਨ੍ਹਾਂ ਦੀ ਵੱਡੀ ਅਣਗਹਿਲੀ ਦਾ ਸ਼ਿਕਾਰ ਹੈ।ਪੰਜਾਬ ਵਿੱਚ ਮਾਫੀਆ ਰਾਜ ਦਾ ਅੰਤ ਕਦੋਂ ਹੋਵੇਗਾ, ਇਹ ਤਾਂ ਵਾਹਿਗੁਰੂ ਹੀ ਜਾਣਦੇ ਹਨ, ਉੰਝ ਪਾਪਾਂ ਦਾ ਘੜਾ ਹੁਣ ਨੱਕੋ-ਨੱਕ ਭਰ ਚੁੱਕਾ ਹੈ।


Share