ਰੇਡੀਓ ਹੋਸਟ ਹਰਨੇਕ ਸਿੰਘ ’ਤੇ ਹੋਏ ਹਮਲੇ ’ਚ ਗਿ੍ਰਫਤਾਰ 6 ਵਿਅਕਤੀਆਂ ਦੇ ਨਾਂਅ ਹੋਏ ਸੀ ਜਨਤਕ

156
Share

-ਅਗਲੀ ਸੁਣਵਾਈ 14 ਅਪ੍ਰੈਲ ਨੂੰ
ਆਕਲੈਂਡ, 10 ਫਰਵਰੀ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਨਿਊਜ਼ੀਲੈਂਡ ਦੇ ਰੇਡੀਓ ਹੋਸਟ ਅਤੇ ਪੰਥਕ ਮਾਮਲਿਆਂ ’ਤੇ ਆਪਣੇ ਵਿਚਾਰਾਂ ਨਾਲ ਚਰਚਾਵਾਂ ਵਿਚ ਰਹਿਣ ਵਾਲੇ ਸ. ਹਰਨੇਕ ਸਿੰਘ ਉਤੇ ਬੀਤੀ 23 ਦਸੰਬਰ ਨੂੰ ਵਾਟਲ ਡਾਊਨਜ਼ ਖੇਤਰ (ਮੈਨੁਰੇਵਾ) ਵਿਖੇ ਉਨ੍ਹਾਂ ਦੇ ਘਰ ਦੇ ਬਾਹਰ ਹੀ ਹਮਲਾ ਹੋ ਗਿਆ ਸੀ। ਉਸ ਵੇਲੇ ਉਹ ਘਰ ਪਰਤ ਰਹੇ ਸਨ। ਪੁਲਿਸ ਨੂੰ ਕਾਫੀ ਲੰਬਾ ਸਮਾਂ ਦੋਸ਼ੀਆਂ ਦੀ ਭਾਲ ’ਚ ਲੱਗਾ। ਆਖਿਰ ਇਸ ਸਬੰਧ ਵਿਚ ਪੁਲਿਸ ਨੇ 21 ਜਨਵਰੀ 2021 ਨੂੰ ਪਹਿਲਾਂ ਪੰਜ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਸੀ ਅਤੇ ਇਕ ਹੋਰ ਛੇਵੇਂ ਨੂੰ ਬਾਅਦ ’ਚ ਗਿ੍ਰਫਤਾਰ ਕਰ ਲਿਆ ਸੀ। ਇਨ੍ਹਾਂ ਦੋਸ਼ੀਆਂ ’ਤੇ ਇਰਾਦਾ ਕਤਲ ਦੇ ਦੋਸ਼ ਲਗਾਏ ਗਏ ਹਨ। ਮੈਨੁਕਾਓ ਜ਼ਿਲ੍ਹਾ ਅਦਾਲਤ ਵੱਲੋਂ ਪਹਿਲਾਂ ਇਨ੍ਹਾਂ ਦੇ ਨਾਂਅ ਗੁਪਤ ਰੱਖੇ ਗਏ ਸਨ ਪਰ ਹਾਈਕੋਰਟ ਔਕਲੈਂਡ ਵਿਚ ਹੋਈ ਪੇਸ਼ੀ ਵਿਚ ਇਹ ਨਾਂਅ ਜਨਤਕ ਕਰ ਦਿੱਤੇ ਗਏ ਸਨ, ਪਰ ਇਕ ਦੋਸ਼ੀ ਦੇ ਵਕੀਲ ਵੱਲੋਂ ਕਿਹਾ ਗਿਆ ਕਿ ਉਨ੍ਹਾਂ ਨੂੰ ਨਾਮ ਗੁਪਤ ਰੱਖਣ ਅਤੇ ਤਸਵੀਰ ਆਦਿ ਮੀਡੀਆ ਵਿਚ ਦੇਣ ਸਬੰਧੀ ਨੋਟਿਸ ਨਹੀਂ ਮਿਲਿਆ, ਇਸ ਕਰਕੇ ਨਾਂਅ ਅਜੇ ਜਨਤਕ ਨਾ ਕੀਤੇ ਜਾਣ। ਮਾਣਯੋਗ ਜੱਜ ਸਾਹਿਬ ਨੇ ਇਸ ਦੇ ਸਬੰਧ ਵਿਚ 24 ਘੰਟੇ ਦਾ ਸਮਾਂ ਦਿੱਤਾ। ਸੋ ਹੁਣ ਕਾਨੂੰਨੀ ਤੌਰ ’ਤੇ ਇਹ ਨਾਂਅ ਮੀਡੀਆ ਵਿਚ ਜਾਰੀ ਕੀਤੇ ਜਾ ਸਕਦੇ ਹਨ। ਇਸ ਸਬੰਧੀ ਇਕ ਦੋਸ਼ੀ ਦੇ ਵਕੀਲ ਸ. ਰਣਵੀਰ ਸਿੰਘ ਸੰਧੂ ਹੋਰਾਂ ਕੋਲੋਂ ਵੀ ਜਾਣਕਾਰੀ ਲਈ ਗਈ ਅਤੇ ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਦੋਸ਼ੀਆਂ ਦੇ ਨਾਂਅ ਜਨਤਕ ਕੀਤੇ ਜਾਣ ਦੀ ਸੰਭਾਵਨਾ ਹੈ। ਵਰਨਣਯੋਗ ਹੈ ਕਿ ਇਕ ਅੰਗਰੇਜ਼ੀ ਅਖਬਾਰ ਨੇ ਇਸ ਸਬੰਧੀ ਨਾਂਅ ਛਾਪ ਵੀ ਦਿੱਤੇ ਹਨ।
ਮਾਣਯੋਗ ਜੱਜ ਸਾਇਮਨ ਮੂਰੇ ਨੇ ਦੱਸਿਆ ਕਿ ਸਾਰੇ ਮੁਲਜ਼ਿਮਾਂ ਨੇ ਆਪਣੇ ਆਪ ਨੂੰ ਦੋਸ਼ੀ ਨਾ ਹੋਣ ਦੀ ਅਪੀਲ ਨੂੰ ਬਰਾਬਰ ਬਣਾਈ ਰੱਖਿਆ ਹੈ। ਬਚਾਓ ਪੱਖ ਦੇ ਵਕੀਲਾਂ ਨੇ ਵੀ ਸਮੂਹਿਕ ਰੂਪ ’ਚ ਇਛਾਰਾ ਕੀਤਾ ਕਿ ਮੁਲਜ਼ਮ ਆਪਣੇ ਆਪ ਨੂੰ ਦੋਸ਼ੀ ਨਹੀਂ ਮੰਨਦੇ ਹਨ। ਜੱਜ ਮੂਰੇ ਨੇ ਅਗਲੇ ਸਾਲ 28 ਫਰਵਰੀ ਨੂੰ ਟ੍ਰਾਇਲ (ਮੁਕੱਦਮਾ-ਬਹਿਸ) ਵਾਸਤੇ 4 ਹਫਤੇ ਦਾ ਸਮਾਂ ਨਿਯਤ ਕਰ ਦਿੱਤਾ ਹੈ। ਇਨ੍ਹਾਂ ਦੋਸ਼ੀਆਂ ਦੀ ਅਗਲੀ ਸੁਣਵਾਈ 14 ਅਪ੍ਰੈਲ 2021 ਨੂੰ ਹਾਈਕੋਰਟ ਔਕਲੈਂਡ ਵਿਚ ਹੋਵੇਗੀ।

Share