ਰੂਸ ਅਮਰੀਕਾ ਲਈ ਸਭ ਤੋਂ ਵੱਡਾ ਖਤਰਾ – ਐਫ.ਬੀ.ਆਈ.

ਵਾਸ਼ਿੰਗਟਨ, 5 ਮਈ (ਪੰਜਾਬ ਮੇਲ)- ਐਫ ਬੀ ਆਈ ਦੇ ਡਾਇਰੈਕਟਰ ਜੇਮਸ ਕੋਮੀ ਨੇ ਕਿਹਾ ਹੈ ਕਿ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਦੇ ਸਾਹਮਣੇ ਸਭ ਤੋਂ ਵੱਡਾ ਖਤਰਾ ਰੂਸ ਪੈਦਾ ਕਰਦਾ ਹੈ।
ਸੈਨੇਟ ਜੁਡੀਸ਼ੀਅਰੀ ਕਮੇਟੀ ਦੇ ਸਾਹਮਣੇ ਇਕ ਪ੍ਰਸ਼ਨ ਦੇ ਉਤਰ ਵਿੱਚ ਕੋਮੀ ਨੇ ਕਿਹਾ ਕਿ ਮੇਰੇ ਵਿਚਾਰ ਨਾਲ ਉਨ੍ਹਾਂ ਦੇ (ਰੂਸ ਦੇ) ਇਰਾਦਿਆਂ ਅਤੇ ਉਸ ਦੀਆਂ ਸਮਰੱਥਾਵਾਂ ਨੂੰ ਦੇਖਦੇ ਹੋਏ ਰੂਸ ਧਰਤੀ ਉੱਤੇ ਕਿਸੇ ਵੀ ਦੇਸ਼ ਦੇ ਸਾਹਮਣੇ ਨਿਸ਼ਚਿਤ ਹੀ ਸਭ ਤੋਂ ਵੱਡਾ ਖਤਰਾ ਪੈਦਾ ਕਰਦਾ ਹੈ। ਪਾਰਲੀਮੈਂਟ ਮੈਂਬਰਾਂ ਨੇ ਸਾਈਬਰ ਸਪੇਸ ਵਿੱਚ ਰੂਸੀ ਗਤੀਵਿਧੀਆਂ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਸੀ। ਸੈਨੇਟਰ ਲਿੰਡਸੇ ਗ੍ਰਾਹਮ ਨੇ ਪੁੱਛਿਆ ਕਿ ਰੂਸ ਦੇ ਬਾਰੇ ਕੀ ਇਹ ਕਹਿਣਾ ਸਹੀ ਹੈ ਕਿ ਉਹ ਸਾਈਬਰ ਅਪਰਾਧੀਆਂ ਨੂੰ ਸਰਗਰਮ ਰੂਪ ਨਾਲ ਪਨਾਹਗਾਹ ਹਾਸਲ ਕਰਾਉਂਦਾ ਹੈ। ਇਸ ਦਾ ਕੋਮੀ ਨੇ ‘ਹਾਂ’ ਵਿੱਚ ਜਵਾਬ ਦਿੱਤਾ। ਗ੍ਰਾਹਮ ਨੇ ਪੁੱਛਿਆ ਕਿ ਕੀ ਕੋਮੀ ਉਨ੍ਹਾਂ ਦੀ ਇਸ ਗੱਲ ਤੋਂ ਸਹਿਮਤ ਹੈ ਕਿ ਰੂਸ ਨੂੰ ਤਦ ਅਜਿਹਾ ਕਰਨ ਤੋਂ ਰੋਕਿਆ ਜਾ ਸਕਦਾ ਹੈ ਜੇ ਉਸ ਨੂੰ ਅਮਰੀਕੀ ਰਾਜਨੀਤਕ ਪ੍ਰਕਿਰਿਆ ਵਿੱਚ ਦਖਲ ਲਈ ਸਬਕ ਸਿਖਾਇਆ ਜਾਵੇ। ਇਸ ਦੇ ਜਵਾਬ ਵਿੱਚ ਕੋਮੀ ਨੇ ਕਿਹਾ ਕਿ ‘ਇਹ ਉਚਿਤ ਬਿਆਨ ਹੈ।’ ਕੋਮੀ ਨੇ ਕਿਹਾ ਕਿ ਰੂਸ ਪੂਰੀ ਦੁਨੀਆ ਵਿੱਚ ਅਜਿਹਾ ਕਰ ਰਿਹਾ ਹੈ।
ਐਫ ਬੀ ਆਈ ਪ੍ਰਮੁੱਖ ਨੇ ਕਿਹਾ ਕਿ ਰਾਸ਼ਟਰਪਤੀ ਚੋਣਾਂ ਵਿੱਚ ਰੂਸ ਅਸਲ ਵੋਟਾਂ ਦੀ ਗਿਣਤੀ ਵਿੱਚ ਬਦਲਾਅ ਨਹੀਂ ਕਰ ਸਕਿਆ, ਪਰ ਉਹ ਇਕ ਦਿਨ ਅਜਿਹਾ ਕਰਨ ਵਿੱਚ ਸਮਰੱਥ ਹੋ ਸਕਦਾ ਹੈ। ਕੋਮੀ ਨੇ ਕਿਹਾ ਕਿ ਐਫ ਬੀ ਆਈ ਰੂਸੀ ਹੈਕਰਾਂ ਖਿਲਾਫ ਕੰਮ ਕਰ ਰਹੀ ਹੈ।
There are no comments at the moment, do you want to add one?
Write a comment