ਰੂਸੀ ਕੁਨੈਕਸ਼ਨ: ਟਰੰਪ ਲੱਭਣ ਲੱਗੇ ਆਪਣਿਆਂ ਨੂੰ ਆਪ ਹੀ ਮੁਆਫ਼ੀ ਦੇਣ ਦੇ ਰਾਹ

ਵਾਸ਼ਿੰਗਟਨ, 21 ਜੁਲਾਈ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਕਾਨੂੰਨੀ ਟੀਮ ਵੱਲੋਂ ਉਨ੍ਹਾਂ ਦੀ ਰੂਸ ਨਾਲ ਗੰਢ-ਤੁੱਪ ਸਬੰਧੀ ਉਨ੍ਹਾਂ ਦੀ ਚੋਣ ਪ੍ਰਚਾਰ ਟੀਮ ਤੇ ਉਨ੍ਹਾਂ ਦੇ ਪਰਿਵਾਰਕ ਜੀਆਂ ਨੂੰ ਰਾਸ਼ਟਰਪਤੀ ਰਾਹੀਂ ਮੁਆਫ਼ੀ ਦੇਣ ਦੇ ਰਾਹ ਤਲਾਸ਼ੇ ਜਾ ਰਹੇ ਹਨ। ‘ਵਾਸ਼ਿੰਗਟਨ ਪੋਸਟ’ ਮੁਤਾਬਕ ਸ੍ਰੀ ਟਰੰਪ ਨੇ ਆਪਣੇ ਸਲਾਹਕਾਰਾਂ ਨੂੰ ਆਖਿਆ ਹੈ ਕਿ ਉਨ੍ਹਾਂ (ਸ੍ਰੀ ਟਰੰਪ) ਵੱਲੋਂ ਆਪਣੇ ਸਹਿਯੋਗੀਆਂ, ਪਰਿਵਾਰਕ ਜੀਆਂ ਤੇ ਖ਼ੁਦ ਆਪਣੇ ਆਪ ਨੂੰ ਮੁਆਫ਼ ਕਰ ਸਕਣ ਦੇ ਉਨ੍ਹਾਂ ਦੇ ਅਖ਼ਤਿਆਰਾਂ ਦਾ ਪਤਾ ਲਾਇਆ ਜਾਵੇ, ਤਾਂ ਕਿ ਉਹ ਜਾਂਚ ਤੋਂ ਬਚ ਸਕਣ।
ਗ਼ੌਰਤਲਬ ਹੈ ਕਿ ਰਾਸ਼ਟਰਪਤੀ ਚੋਣ ਵਿੱਚ ਰੂਸ ਦੇ ਕਥਿਤ ਦਖ਼ਲ ਦੀ ਜਾਂਚ ਕਰ ਰਹੇ ਵਿਸ਼ੇਸ਼ ਵਕੀਲ ਰੌਬਰਟ ਮੂਲਰ ਵੱਲੋਂ ਸ੍ਰੀ ਟਰੰਪ ਦੇ ਪਰਿਵਾਰਕ ਕਾਰੋਬਾਰ ਦੇ ਵਿੱਤੀ ਲੈਣ-ਦੇਣ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਵਾਈਟ ਹਾਊਸ ਮੁਤਾਬਕ ਸ੍ਰੀ ਟਰੰਪ ਇਸ ਮਾਮਲੇ ਵਿੱਚ ‘ਆਪਣਾ ਖਹਿੜਾ ਨਾ ਛੁੱਟਣ’ ਤੋਂ ਕਾਫ਼ੀ ‘ਨਿਰਾਸ਼’ ਹਨ।
ਵਾਈਟ ਹਾਊਸ ਦੀ ਡਿਪਟੀ ਪ੍ਰੈਸ ਸੈਕਟਰੀ ਸਾਰਾ ਸੈਂਡਰਜ਼ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ, ‘‘ਰੂਸੀ ਜਾਂਚ ਵਿੱਚ ਆਪਣਾ ਖਹਿੜਾ ਨਾ ਛੱਡੇ ਜਾਣ ਤੋਂ ਰਾਸ਼ਟਰਪਤੀ ਨਿਰਾਸ਼ ਹਨ, ਉਹ ਇਸ ਮਾਮਲੇ ਦਾ ਨਿਬੇੜਾ ਚਾਹੁੰਦੇ ਹਨ।’’ ਇਸ ਦੌਰਾਨ ਸ੍ਰੀ ਟਰੰਪ ਨੇ ਫਾਰਮਾਸੂਟੀਕਲ ਗਲਾਸ ਪੈਕੇਜਿੰਗ ਪਹਿਲਕਦਮੀ ਲਈ ਤਿੰਨ ਵੱਡੀਆਂ ਅਮਰੀਕੀ ਕੰਪਨੀਆਂ ਨੂੰ ਇਕਮੁੱਠ ਕਰਨ ਲਈ 50 ਕਰੋੜ ਡਾਲਰ ਦੀ ਨਿਵੇਸ਼ ਯੋਜਨਾ ਦਾ ਐਲਾਨ ਕੀਤਾ ਹੈ।