ਰੀਓ ਓਲੰਪਿਕ : ਦੇਸ਼ ਦੀ ਅਗਵਾਈ ਲਈ ਸਾਨੀਆ ਤਿਆਰ

ਮੁੰਬਈ, 18 ਜੁਲਾਈ (ਪੰਜਾਬ ਮੇਲ)- ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਅਗਲੇ ਮਹੀਨੇ ਹੋਣ ਵਾਲੇ ਓਲੰਪਿਕ ਵਿੱਚ ਦੇਸ਼ ਦੀ ਅਗਵਾਈ ਲਈ ਤਿਆਰ ਹੈ, ਪਰ ਉਨ੍ਹਾਂ ਰੀਓ ਖੇਡਾਂ ਵਿੱਚ ਤਗ਼ਮਾ ਜਿੱਤਣ ਦੀ ਭਵਿੱਖਬਾਣੀ ਤੋਂ ਇਨਕਾਰ ਕੀਤਾ ਹੈ। ਸਾਨੀਆ ਖੇਡਾਂ ਵਿੱਚ ਮਹਿਲਾ ਡਬਲਜ਼ ਵਿੱਚ ਪ੍ਰਾਰਥਣਾ ਥੌਂਬਰੇ ਅਤੇ ਮਿਕਸਡ ਡਬਲਜ਼ ਵਰਗ ਵਿੱਚ ਰੋਹਨ ਬੋਪੰਨਾ ਨਾਲ ਜੋੜੀ ਬਣਾਏਗੀ। ਉਨ੍ਹਾਂ ਕਿਹਾ ਕਿ ਉਹ ਓਲੰਪਿਕ ਲਈ ਉਸੇ ਤਰ੍ਹਾਂ ਤਿਆਰ ਹੈ ਜਿਵੇਂ ਉਹ ਹਰ ਵੱਡੇ ਟੂਰਨਾਮੈਂਟ ਲਈ ਤਿਆਰ ਰਹਿੰਦੀ ਹੈ। ਉਨ੍ਹਾਂ ਨੂੰ ਜਦੋਂ ਰੀਓ ਵਿੱਚ ਤਗ਼ਮਾ ਜਿੱਤਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, ‘ਤੁਸੀਂ ਹਰ ਟੂਰਨਾਮੈਂਟ ਖੇਡਣ ਦੀ ਕੋਸ਼ਿਸ਼ ਕਰਦੇ ਹੋ। ਹਰ ਮੈਚ ਰੀਝ ਨਾਲ ਖੇਡਦੇ ਹੋ, ਆਪਣਾ ਸਰਵੋਤਮ ਪ੍ਰਦਰਸ਼ਨ ਕਰਦੇ ਹੋ ਅਤੇ ਸ਼ਾਇਦ ਤਗ਼ਮਾ ਜਿੱਤ ਕੇ ਮੁੜਦੇ ਹੋ। ਜੇਕਰ ਤੁਸੀਂ ਤਗ਼ਮਾ ਨਹੀਂ ਜਿੱਤ ਪਾਉਂਦੇ ਤਾਂ ਤੁਸੀਂ ਮੁੜ ਕੋਸ਼ਿਸ਼ ਕਰਦੇ ਹੋ। ਤੁਸੀਂ ਬੈਠ ਨਹੀਂ ਸਕਦੇ ਅਤੇ ਨਾ ਹੀ ਇਹ ਭਵਿੱਖਬਾਣੀ ਕਰ ਸਕਦੇ ਹੋ ਕਿ ਕੀ ਹੋਣ ਵਾਲਾ ਹੈ।’ ਸਾਨੀਆ ਦੀ ਆਤਮਕਥਾ ‘ਏਸ ਅਗੇਂਸਟ ਆਡਸ’ ਬੀਤੀ ਰਾਤ ਇੱਥੇ ਬਾਲੀਵੁੱਡ ਅਭਿਨੇਤਾ ਸਲਮਾਨ ਖ਼ਾਨ ਨੇ ਰਿਲੀਜ਼ ਕੀਤੀ। ਬੋਪੰਨਾ ਨਾਲ ਉਨ੍ਹਾਂ ਦੇ ਤਾਲਮੇਲ ਬਾਰੇ ਪੁੱਛੇ ਜਾਣ ’ਤੇ ਸਾਨੀਆ ਨੇ ਕਿਹਾ ਕਿ ਉਨ੍ਹਾਂ ਵਿਚਾਲੇ ਚੰਗਾ ਤਾਲਮੇਲ ਹੈ। ਉਹ ਅਤੇ ਰੋਹਨ ਇੱਕ ਦੂਜੇ ਨੂੰ ਲੰਮੇ ਸਮੇਂ ਤੋਂ ਜਾਣਦੇ ਹਨ। ਉਹ ਇਕੱਠੇ ਖੇਡ ਵੀ ਚੁੱਕੇ ਹਾਂ। ਇਸ ਲਈ ਉਹ ਇਕੱਠੇ ਓਲੰਪਿਕ ਖੇਡਣ ਲਈ ਤਿਆਰ ਹਨ। ਮਹਿਲਾ ਡਬਲਜ਼ ਵਿੱਚ ਦੁਨੀਆਂ ਦੀ ਨੰਬਰ ਇੱਕ ਖਿਡਾਰਨ ਸਾਨੀਆ ਨੇ ਕਿਹਾ ਕਿ ਓਲੰਪਿਕ ਵਿੱਚ ਸਫ਼ਲਤਾ ਹਾਸਲ ਕਰਨ ਲਈ ਹਰ ਇੱਕ ਨੂੰ ਖੁਦ ਨੂੰ ਪ੍ਰੇਰਿਤ ਕਰਨਾ ਹੁੰਦਾ ਹੈ, ਪਰ ਸਭ ਤੋਂ ਵੱਡੀ ਪ੍ਰੇਰਣਾ ਦੇਸ਼ ਲਈ ਖੇਡਣਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਤੁਹਾਨੂੰ ਆਪਣੀ ਪ੍ਰੇਰਣਾ ਖੁਦ ਬਣਨਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਉਹ ਓਲੰਪਿਕ ਲਈ ਕੁਝ ਵਿਸ਼ੇਸ਼ ਤਿਆਰੀ ਨਹੀਂ ਕਰ ਰਹੀ ਸੀ। ਓਲੰਪਿਕ ਤੋਂ ਹਫ਼ਤਾ ਪਹਿਲਾਂ ਉਹ ਕੈਨੇਡਾ ਖੇਡ ਰਹੀ ਹੈ। ਇਹ ਉਸ ਲਈ ਤੀਜਾ ਓਲੰਪਿਕ ਹੋਵੇਗਾ। ਉਨ੍ਹਾਂ ਓਲੰਪਿਕ ਲਈ ਉਸੇ ਤਰ੍ਹਾਂ ਤਿਆਰੀ ਕੀਤੀ ਹੈ ਜਿਵੇਂ ਕਿਸੇ ਵੱਡੇ ਟੂਰਨਾਮੈਂਟ ਦੀ ਕੀਤੀ ਜਾਂਦੀ ਹੈ। ਜੀਕਾ ਵਾਇਰਸ ਸਬੰਧੀ ਉਨ੍ਹਾਂ ਕਿਹਾ ਕਿ ਉਹ ਓਲੰਪਿਕ ਜਾ ਰਹੀ ਹੈ ਅਤੇ ਉਹ ਕੋਸ਼ਿਸ਼ ਕਰਨਗੇ ਕਿ ਜਿੰਨੀਆਂ ਸਾਵਧਾਨੀਆਂ ਵਰਤੀਆਂ ਜਾ ਸਕਦੀਆਂ ਹਨ ਵਰਤੀਆਂ ਜਾਣ।
There are no comments at the moment, do you want to add one?
Write a comment