ਰਿਫਰੈਂਡਮ 2020 : ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਪੁਲਿਸ ਦੀ ਸਖ਼ਤ ਘੇਰਾਬੰਦੀ

641
Share

* ਸਿੱਖਸ ਫਾਰ ਜਸਟਿਸ ਵੱਲੋਂ ਚਾਰ ਜੁਲਾਈ ਤੋਂ ਵੋਟਰ ਰਜਿਸਟਰੇਸ਼ਨ ਕਰਨ ਦੇ ਐਲਾਨ ਤੋਂ ਬਾਅਦ ਸੁਰੱਖਿਆ ਘੇਰਾ ਕੀਤਾ ਮਜ਼ਬੂਤ
ਅੰਮ੍ਰਿਤਸਰ, 3 ਜੁਲਾਈ (ਪੰਜਾਬ ਮੇਲ)-ਵਿਦੇਸ਼ੀ ਸਿੱਖ ਜਥੇਬੰਦੀ ਸਿੱਖਸ ਫਾਰ ਜਸਟਿਸ ਵੱਲੋਂ ਪੰਜਾਬ ਵਿਚ ‘ਰਿਫਰੈਂਡਮ 2020’ ਲਈ ਵੋਟਰ ਰਜਿਸਟਰੇਸ਼ਨ ਦਾ ਕੰਮ ਚਾਰ ਜੁਲਾਈ ਤੋਂ ਸ਼ੁਰੂ ਕਰਨ ਦੇ ਫੈਸਲੇ ਮਗਰੋਂ ਵੀਰਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਸਮੂਹ ਦੇ ਆਲੇ-ਦੁਆਲੇ ਪੁਲਿਸ ਦੀ ਘੇਰਾਬੰਦੀ ਸਖਤ ਕਰ ਦਿੱਤੀ ਗਈ ਹੈ। ਇਸ ਪਾਸੇ ਆਉਣ ਵਾਲੇ ਸਾਰੇ ਰਸਤਿਆਂ ‘ਤੇ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ। ਕੋਰੋਨਾ ਸੰਕਟ ਦੇ ਚਲਦਿਆਂ ਪਹਿਲਾਂ ਹੀ ਸ੍ਰੀ ਹਰਿਮੰਦਰ ਸਾਹਿਬ ਨੂੰ ਆਉਣ ਵਾਲੇ ਰਸਤਿਆਂ ‘ਤੇ ਨਾਕਾਬੰਦੀ ਕੀਤੀ ਗਈ ਸੀ ਅਤੇ ਸੰਗਤ ਨੂੰ ਵੀ ਗੁਰੂ ਘਰ ਆਉਣ ਤੋਂ ਰੋਕਿਆ ਜਾਂਦਾ ਸੀ ਪਰ ਜੂਨ ਮਹੀਨੇ ਵਿਚ ਕੇਂਦਰ ਸਰਕਾਰ ਦੇ ਫੈਸਲੇ ਮੁਤਾਬਕ ਸੰਗਤ ਨੂੰ ਸ੍ਰੀ ਹਰਿਮੰਦਰ ਸਾਹਿਬ ਆਉਣ ਦੀ ਖੁੱਲ੍ਹ ਦੇ ਦਿੱਤੀ ਗਈ ਸੀ। ਵੇਰਵਿਆਂ ਮੁਤਾਬਕ ਵੀਰਵਾਰ ਸਵੇਰ ਤੋਂ ਸ੍ਰੀ ਹਰਿਮੰਦਰ ਸਾਹਿਬ ਨੂੰ ਆਉਣ ਵਾਲੇ ਸਮੂਹ ਰਸਤਿਆਂ ਅਤੇ ਗਲੀਆਂ ਆਦਿ ਦੇ ਬਾਹਰ ਵੀ ਪੁਲਿਸ ਦੇ ਜਵਾਨ ਤਾਇਨਾਤ ਕੀਤੇ ਗਏ ਹਨ ਤੇ ਬੈਰੀਕੇਡ ਮੁੜ ਲਾ ਦਿੱਤੇ ਗਏ ਹਨ। ਇਸ ਮੌਕੇ ਸਾਦੇ ਕੱਪੜਿਆਂ ਵਿਚ ਪੁਲਿਸ ਜਵਾਨਾਂ ਵੱਲੋਂ ਵੀ ਨਜ਼ਰ ਰੱਖੀ ਜਾ ਰਹੀ ਹੈ। ਫਿਲਹਾਲ ਪੁਲਿਸ ਅਧਿਕਾਰੀ ਇਸ ਮਾਮਲੇ ਵਿਚ ਚੁੱਪ ਹਨ ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਿੱਖਸ ਫਾਰ ਜਸਟਿਸ ਜਥੇਬੰਦੀ ਦੇ ਐਲਾਨ ਤੋਂ ਬਾਅਦ ਇਥੇ ਚੌਕਸੀ ਵਧਾਈ ਗਈ ਹੈ। ਜਥੇਬੰਦੀ ਵੱਲੋਂ ਪੰਜਾਬ ਵਿਚ ਰੈਫਰੰਡਮ ਲਈ ਚਾਰ ਜੁਲਾਈ ਦਾ ਸਮਾਂ ਇਸ ਲਈ ਰੱਖਿਆ ਗਿਆ ਹੈ ਕਿਉਂਕਿ 1955 ਵਿਚ ਇਸੇ ਦਿਨ ਹਰਿਮੰਦਰ ਸਾਹਿਬ ਸਮੂਹ ‘ਤੇ ਪਹਿਲੀ ਵਾਰ ਭਾਰਤੀ ਹਕੂਮਤ ਵੱਲੋਂ ਕਾਰਵਾਈ ਕੀਤੀ ਗਈ ਸੀ।
ਦੂਜੇ ਪਾਸੇ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਪੁਲਿਸ ਨੇ ਚੌਕਸੀ ਵਧਾ ਦਿੱਤੀ ਹੈ। ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਵੱਲੋਂ ਵੀ ਇਸ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਇਸ ਸਥਿਤੀ ਨੂੰ ਧਿਆਨ ਵਿਚ ਰੱਖਦਿਆਂ ਸ਼੍ਰੋਮਣੀ ਕਮੇਟੀ ਵੀ ਭਲਕੇ ਟਾਸਕ ਫੋਰਸ ਨੂੰ ਵਧੇਰੇ ਚੌਕਸ ਕਰ ਸਕਦੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਚਾਰ ਜੁਲਾਈ ਨੂੰ ਜਥੇਬੰਦੀ ਨਾਲ ਸਬੰਧਤ ਕਾਰਕੁਨ ਇਸ ਸਬੰਧੀ ਅਰਦਾਸ ਕਰਨ ਆ ਸਕਦੇ ਹਨ।


Share