ਰਿਪੋਰਟ ਅਦਾਲਤ ਵੱਲੋਂ ਜਨਤਕ ਕੀਤੇ ਜਾਣ ਮਗਰੋਂ ਹੀ ਡੇਰੇ ਦਾ ਸੱਚ ਆਏਗਾ ਸਾਹਮਣੇ

ਸਿਰਸਾ, 11 ਸਤੰਬਰ (ਪੰਜਾਬ ਮੇਲ)– ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਨਿਯੁਕਤ ਕੋਰਟ ਕਮਿਸ਼ਨਰ ਅਨਿਲ ਕੁਮਾਰ ਸਿੰਘ ਪਵਾਰ ਦੀ ਰਿਪੋਰਟ ਅਦਾਲਤ ਵੱਲੋਂ ਜਨਤਕ ਕੀਤੇ ਜਾਣ ਮਗਰੋਂ ਹੀ ਡੇਰੇ ਦਾ ਸੱਚ ਸਾਹਮਣੇ ਆਏਗਾ। ਰਿਪੋਰਟ ਬਾਹਰ ਆਉਣ ਨਾਲ ਹੀ ਡੇਰਾ ਮੁਖੀ ਦੀ ਪੇਸ਼ੀ ਮਗਰੋਂ ਹੋਈ ਸਾੜ ਫੂਕ ਦੌਰਾਨ ਚੱਲੀ ਗੋਲੀ ’ਚ ਮਰਨ ਵਾਲਿਆਂ ਦੀ ਅਸਲ ਗਿਣਤੀ ਦਾ ਪਤਾ ਲੱਗੇਗਾ।
ਕੋਰਟ ਕਮਿਸ਼ਨਰ ਦੀ ਅਗਵਾਈ ਵਿੱਚ ਡੇਰੇ ’ਚ ਤਿੰਨ ਦਿਨ ਚੱਲਿਆ ਸਰਚ ਅਪਰੇਸ਼ਨ ਭਾਵੇਂ ਬੀਤੇ ਦਿਨ ਖ਼ਤਮ ਹੋ ਗਿਆ, ਪਰ ਡੇਰੇ ਦਾ ਸੱਚ ਹਾਈ ਕੋਰਟ ਵੱਲੋਂ ਰਿਪੋਰਟ ਜਨਤਕ ਕੀਤੇ ਜਾਣ ਤੋਂ ਬਾਅਦ ਹੀ ਸਾਹਮਣੇ ਆਏਗਾ। ਸਰਚ ਅਪਰੇਸ਼ਨ ਦੌਰਾਨ ਡੇਰੇ ’ਚੋਂ ਜਿੱਥੇ ਬਾਬੇ ਦੀ ਗੁਫਾ ਦੇ ਗੁਪਤ ਰਾਹਾਂ ਦਾ ਪਤਾ ਲੱਗਾ, ਉਥੇ ਹੀ ਡੇਰੇ ਅੰਦਰੋਂ ਮਿਲੀਆਂ ਡਾਂਗਾਂ ਤੇ ਪਟਾਖਿਆਂ ਤੋਂ ਇਲਾਵਾ ਪੰਜ ਬੱਚੇ ਤੇ ਨਵੀਂ ਤੇ ਪੁਰਾਣੀ ਕਰੰਸੀ ਸ਼ਾਮਲ ਹੈ। ਇਸ ਤੋਂ ਇਲਾਵਾ ਇਕ ਮਹਿੰਗੀ ਲਗਜ਼ਰੀ ਗੱਡੀ ਤੇ ਇਕ ਓਬੀ ਵੈਨ ਮਿਲਣ ਦਾ ਵੀ ਖੁਲਾਸਾ ਹੋਇਆ ਹੈ। ਸੂਤਰਾਂ ਮੁਤਾਬਕ ਸਰਚ ਅਪਰੇਸ਼ਨ ਦੌਰਾਨ ਡੇਰੇ ਅੰਦਰਲੇ ਹਸਪਤਾਲ ਵਿੱਚ ਬਣੇ ਸਕਿਨ ਬੈਂਕ ਵਿੱਚ ਵੀ ਕਈ ਖਾਮੀਆਂ ਸਾਹਮਣੇ ਆਈਆਂ ਹਨ। ਡੇਰੇ ਵਿਚਲੇ ਸੂਤਰਾਂ ਮੁਤਾਬਕ ਸਾੜ ਫੂਕ ਦੌਰਾਨ ਚੱਲੀ ਗੋਲੀ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਹੋ ਸਕਦੀ ਹੈ। ਉਦੋਂ ਦੋ ਦਰਜਨ ਗੰਭੀਰ ਜ਼ਖ਼ਮੀਆਂ ਨੂੰ ਡੇਰੇ ਅੰਦਰ ਸਥਿਤ ਹਸਪਤਾਲ ਲਿਜਾਇਆ ਗਿਆ ਸੀ ਜਿੱਥੋਂ ਉਨ੍ਹਾਂ ਨੂੰ ਸਿਰਸਾ ਦੇ ਸਿਵਲ ਹਸਪਤਾਲ ਜਾਂ ਅਗਰੋਹਾ ਮੈਡੀਕਲ ਕਾਲਜ ਰੈਫਰ ਕੀਤਾ ਗਿਆ ਸੀ। ਅਜਿਹੇ ਵਿਅਕਤੀਆਂ ਦੀ ਪਛਾਣ ਲਈ ਜਾਂਚ ਕੀਤੀ ਜਾ ਰਹੀ ਹੈ, ਜਿਸ ਮਗਰੋਂ ਅਸਲ ਗਿਣਤੀ ਦਾ ਪਤਾ ਲੱਗੇਗਾ।