ਰਾਹੁਲ, ਪਿ੍ਰਅੰਕਾ ਗਾਂਧੀ ਤੇ ਮੁੱਖ ਮੰਤਰੀ ਚੰਨੀ ਵੱਲੋਂ ਕਿਸਾਨਾਂ ਦੇ ਪਰਿਵਾਰਾਂ ਨਾਲ ਮੁਲਾਕਾਤ

196
ਲਖੀਮਪੁਰ ਖੀਰੀ ਵਿਖੇ ਮਿ੍ਰਤਕ ਨੌਜਵਾਨ ਕਿਸਾਨ ਲਵਪ੍ਰੀਤ ਸਿੰਘ ਦੇ ਮਾਤਾ ਪਿਤਾ ਨੂੰ ਗਲੇ ਮਿਲ ਕੇ ਦਿਲਾਸਾ ਦਿੰਦੇ ਹੋਏ ਰਾਹੁਲ ਗਾਂਧੀ ਤੇ ਪਿ੍ਰਯੰਕਾ ਗਾਂਧੀ।
Share

* ਨਰਮ ਪਈ ਯੂ.ਪੀ. ਸਰਕਾਰ, ਸਿਆਸੀ ਵਫ਼ਦਾਂ ਨੂੰ ਲਖੀਮਪੁਰ ਜਾਣ ਦੀ ਇਜਾਜ਼ਤ
ਲਖਨਊ, 7 ਅਕਤੂਬਰ (ਪੰਜਾਬ ਮੇਲ)- ਉੱਤਰ ਪ੍ਰਦੇਸ਼ ਸਰਕਾਰ ਨੇ ਹੁਣ ਸਾਰੀਆਂ ਸਿਆਸੀ ਪਾਰਟੀਆਂ ਨੂੰ ਲਖੀਮਪੁਰ ਖੀਰੀ ਦੇ ਦੌਰੇ ’ਤੇ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਹਾਲਾਂਕਿ ਇਕੋ ਸਮੇਂ ਸਿਰਫ 5 ਲੋਕਾਂ ਨੂੰ ਹੀ ਜਾਣ ਦੀ ਆਗਿਆ ਹੈ। ਇਸੇ ਤਹਿਤ ਪਿ੍ਰਅੰਕਾ ਗਾਂਧੀ ਹਿਰਾਸਤ ’ਚੋਂ ਰਿਹਾਅ ਹੋਣ ਉਪਰੰਤ ਆਪਣੇ ਭਰਾ ਰਾਹੁਲ ਗਾਂਧੀ, ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨਾਲ ਲਖੀਮਪੁਰ ਖੀਰੀ ਪੁੱਜੀ ਅਤੇ ਹਿੰਸਾ ’ਚ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨਾਲ ਦੁੱਖ ਸਾਂਝਾ ਕੀਤਾ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕਰਨ ਦਾ ਵਾਅਦਾ ਕੀਤਾ। ਇਸ ਮੌਕੇ ਰਣਦੀਪ ਸੂਰਜੇਵਾਲਾ ਤੇ ਦੀਪੇਂਦਰ ਹੁੱਡਾ ਵੀ ਉਨ੍ਹਾਂ ਦੇ ਨਾਲ ਸਨ।
ਕਾਂਗਰਸੀ ਆਗੂ ਸਭ ਤੋਂ ਪਹਿਲਾਂ ਪਲੀਆ ਤਹਿਸੀਲ ’ਚ ਸਥਿਤ ਲਵਪ੍ਰੀਤ ਸਿੰਘ ਦੇ ਘਰ ਗਏ, ਉਸ ਤੋਂ ਬਾਅਦ ਉਹ ਨਿਘਾਸਨ ਤਹਿਸੀਲ ’ਚ ਸਥਿਤ ਪੱਤਰਕਾਰ ਰਮਨ ਕਸ਼ਿਅਪ ਅਤੇ ਧੋਰਾਹਾ ਤਹਿਸੀਲ ’ਚ ਸਥਿਤ ਨਛੱਤਰ ਸਿੰਘ ਦੇ ਘਰ ਗਏ। ਹਿੰਸਾ ’ਚ ਮਾਰੇ ਗਏ ਦੋ ਕਿਸਾਨ ਤੇ ਇਕ ਪੱਤਰਕਾਰ ਲਖੀਮਪੁਰ ਜ਼ਿਲ੍ਹੇ ਨਾਲ ਅਤੇ ਦੋ ਕਿਸਾਨ ਬਹਿਰਾਈਚ ਜ਼ਿਲ੍ਹੇ ਨਾਲ ਸਬੰਧਿਤ ਸਨ।
ਇਸ ਤੋਂ ਪਹਿਲਾਂ ਸੀਤਾਪੁਰ ਦੇ ਸਬ-ਡਵੀਜ਼ਨਲ ਮੈਜਿਸਟ੍ਰੇਟ (ਸਦਰ) ਪਿਆਰੇ ਲਾਲ ਮੌਰਿਆ ਨੇ ਕਿਹਾ ਕਿ ਪਿ੍ਰਅੰਕਾ ਗਾਂਧੀ ਨੂੰ ਹਿਰਾਸਤ ’ਚੋਂ ਰਿਹਾਅ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਲਖਨਊ ਹਵਾਈ ਅੱਡੇ ਤੋਂ ਸਿੱਧਾ ਆਪਣੇ ਵਾਹਨ ’ਚ ਸੀਤਾਪੁਰ ਪਹੁੰਚੇ ਅਤੇ ਉਥੇ ਹਿਰਾਸਤ ’ਚ ਬੰਦ ਆਪਣੀ ਭੈਣ ਪਿ੍ਰਅੰਕਾ ਨਾਲ ਗੱਲਬਾਤ ਕੀਤੀ। ਇਸ ਤੋਂ ਪਹਿਲਾਂ ਜਦੋਂ ਪ੍ਰਸ਼ਾਸਨ ਵੱਲੋਂ ਰਾਹੁਲ ਗਾਂਧੀ ਨੂੰ ਲਖਨਊ ਹਵਾਈ ਅੱਡੇ ਤੋਂ ਪੁਲਿਸ ਦੇ ਵਾਹਨ ’ਚ ਸੀਤਾਪੁਰ ਜਾਣ ਲਈ ਆਖਿਆ ਗਿਆ ਤਾਂ ਉਹ ਹਵਾਈ ਅੱਡੇ ਵਿਖੇ ਹੀ ਕੁਝ ਸਮਾਂ ਪੰਜਾਬ ਤੇ ਛੱਤੀਸਗੜ੍ਹ ਦੇ ਮੁੱਖ ਮੰਤਰੀਆਂ ਸਮੇਤ ਧਰਨੇ ’ਤੇ ਬੈਠ ਗਏ। ਹਾਲਾਂਕਿ ਬਾਅਦ ’ਚ ਉਨ੍ਹਾਂ ਨੂੰ ਆਪਣੇ ਵਾਹਨ ’ਚ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ।
ਪੰਜਾਬ ਤੇ ਛੱਤੀਸਗੜ੍ਹ ਸਰਕਾਰ ਮਾਰੇ ਗਏ ਕਿਸਾਨਾਂ ਤੇ ਪੱਤਰਕਾਰ ਦੇ ਪਰਿਵਾਰਾਂ ਨੂੰ ਦੇਵੇਗੀ 50-50 ਲੱਖ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਜੋ ਰਾਹੁਲ ਗਾਂਧੀ ਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨਾਲ ਲਖੀਮਪੁਰ ਖੀਰੀ ਦੇ ਦੌਰੇ ’ਤੇ ਗਏ, ਨੇ ਰਸਤੇ ’ਚ ਲਖਨਊ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਲਖੀਮਪੁਰ ਖੀਰੀ ਹਿੰਸਾ ’ਚ ਮਾਰੇ ਗਏ ਚਾਰ ਕਿਸਾਨਾਂ ਅਤੇ ਇਕ ਪੱਤਰਕਾਰ ਦੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਵਜੋਂ 50-50 ਲੱਖ ਰੁਪਏ ਦੀ ਰਾਸ਼ੀ ਦੇਵੇਗੀ। ਚੰਨੀ ਨੇ ਕਿਹਾ ਕਿ ਲਖੀਮਪੁਰ ਹਿੰਸਾ ਨੇ 1919 ’ਚ ਵਾਪਰੇ ਜਲ੍ਹਿਆਂਵਾਲਾ ਬਾਗ਼ ਕਤਲੇਆਮ ਦੀ ਯਾਦ ਦਿਵਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਯੂ.ਪੀ. ਸਰਕਾਰ ਨੇ ਲੋਕਤੰਤਰ ਦਾ ਮਜ਼ਾਕ ਬਣਾ ਦਿੱਤਾ ਹੈ। ਇਸੇ ਤਰ੍ਹਾਂ ਹੀ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਵੀ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਲਖੀਮਪੁਰ ਹਿੰਸਾ ’ਚ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਅਤੇ ਇਕ ਪੱਤਰਕਾਰ ਦੇ ਪਰਿਵਾਰ ਨੂੰ 50-50 ਲੱਖ ਦੀ ਰਾਸ਼ੀ ਦੇਵੇਗੀ।
ਪੀੜਤ ਪਰਿਵਾਰਾਂ ਨੂੰ ਮਿਲਿਆ ‘ਆਪ’ ਪੰਜਾਬ ਦਾ ਵਫ਼ਦ
ਲਖੀਮਪੁਰ ਖੀਰੀ ’ਚ ਮਾਰੇ ਗਏ ਕਿਸਾਨਾਂ ਦੇ ਪੀੜਤ ਪਰਿਵਾਰਾਂ ਨੂੰ ਮਿਲਣ ਲਈ ਗਏ ਆਮ ਆਦਮੀ ਪਾਰਟੀ ਪੰਜਾਬ ਦੇ ਵਫ਼ਦ ਨੂੰ ਯੂ.ਪੀ. ਪੁਲਿਸ ਵੱਲੋਂ ਕਰੀਬ 18 ਘੰਟੇ ਹਿਰਾਸਤ ’ਚ ਰੱਖੇ ਜਾਣ ਉਪਰੰਤ ਬੁੱਧਵਾਰ ਦੁਪਹਿਰ ਰਿਹਾਅ ਕਰ ਦਿੱਤਾ ਗਿਆ। ‘ਆਪ’ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਵਫ਼ਦ ਸਭ ਤੋਂ ਪਹਿਲਾਂ ਲਖੀਮਪੁਰ ਜ਼ਿਲ੍ਹੇ ਦੇ ਪਿੰਡ ਧੌਰਹਿਰਾ ਦੇ ਸ਼ਹੀਦ ਕਿਸਾਨ ਨਛੱਤਰ ਸਿੰਘ ਦੇ ਘਰ ਗਿਆ। ਇਸ ਤੋਂ ਬਾਅਦ ਉਨ੍ਹਾਂ ਸਥਾਨਕ ਪੱਤਰਕਾਰ ਰਮਨ ਕਸ਼ਿਅਪ ਦੇ ਪਰਿਵਾਰ ਨਾਲ ਵੀ ਦੁੱਖ ਸਾਂਝਾ ਕੀਤਾ। ਵਫ਼ਦ ਦੇ ਬਾਕੀ ਮੈਂਬਰਾਂ ’ਚ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ ਤੇ ਅਮਰਜੀਤ ਸਿੰਘ ਸੰਦੋਆ (ਵਿਧਾਇਕ) ਸ਼ਾਮਿਲ ਸਨ, ਜਦ ਕਿ ਪਾਰਟੀ ਦੇ ਰਾਜ ਸਭਾ ਮੈਂਬਰ ਤੇ ਯੂ.ਪੀ. ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਵੀ ਸਥਾਨਕ ਆਗੂਆਂ ਸਮੇਤ ਮੌਜੂਦ ਸਨ।
ਰਾਘਵ ਚੱਢਾ ਨੇ ਦੱਸਿਆ ਕਿ ਸ਼ਹੀਦ ਕਿਸਾਨ ਦੇ ਪਰਿਵਾਰਕ ਮੈਂਬਰਾਂ ਨਾਲ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਫ਼ੋਨ ’ਤੇ ਗੱਲ ਕਰਵਾਈ ਗਈ। ਕੇਜਰੀਵਾਲ ਨੇ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਭਰੋਸਾ ਦਿੱਤਾ ਕਿ ਆਮ ਆਦਮੀ ਪਾਰਟੀ ਸਾਰੇ ਪੀੜਤ ਕਿਸਾਨ ਪਰਿਵਾਰਾਂ ਦੀ ਹਰ ਸੰਭਵ ਕਾਨੂੰਨੀ ਤੇ ਆਰਥਿਕ ਮਦਦ ਕਰੇਗੀ।

Share