ਰਾਸ਼ਟਰਪਤੀ ਜੋਅ ਬਾਈਡਨ ਨੇ ਕੀਤਾ ਸਰਫਸਾਈਡ ਕੋਂਡੋ ਬਿਲਡਿੰਗ ਖੇਤਰ ਦਾ ਦੌਰਾ

203
Share

ਫਰਿਜ਼ਨੋ, 3 ਜੁਲਾਈ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਜੋਅ  ਬਾਈਡੇਨ ਨੇ ਵੀਰਵਾਰ ਨੂੰ ਫਲੋਰਿਡਾ ਵਿੱਚ ਸਰਫਸਾਈਡ ਦਾ ਦੌਰਾ ਕੀਤਾ, ਜਿੱਥੇ ਤਕਰੀਬਨ ਇੱਕ ਹਫਤੇ ਪਹਿਲਾਂ ਇੱਕ ਰਿਹਾਇਸ਼ੀ ਬਿਲਡਿੰਗ ਦੇ  ਡਿੱਗਣ ਦਾ ਦਰਦਨਾਕ ਹਾਦਸਾ ਹੋਇਆ ਸੀ। ਇਸ ਮੌਕੇ ਉਹਨਾਂ ਦੀ ਪਤਨੀ ਜਿਲ ਬਾਈਡੇਨ ਵੀ ਨਾਲ ਸਨ। ਰਾਸ਼ਟਰਪਤੀ ਸੈਨੇਟਰਾਂ ਮਾਰਕੋ ਰੂਬੀਓ ਅਤੇ ਰਿਕ ਸਕੌਟ ਦੇ ਨਾਲ, ਪੀੜਤ ਪਰਿਵਾਰਾਂ ਨਾਲ ਤਕਰੀਬਨ ਤਿੰਨ ਘੰਟੇ ਤੱਕ ਮੁਲਾਕਾਤ  ਕਰਦੇ ਰਹੇ। ਬਾਈਡੇਨ ਨੇ ਇਸ ਖੇਤਰ ਵਿੱਚ ਬਣਾਈ ਗਈ ਇੱਕ ਅਸਥਾਈ ਯਾਦਗਾਰ ਵਾਲੀ ਜਗ੍ਹਾ ਦਾ ਦੌਰਾ ਵੀ ਕੀਤਾ। ਰਾਸ਼ਟਰਪਤੀ ਜੋਅ ਬਾਈਡੇਨ ਨੇ ਪੀੜਤਾਂ ਦੇ ਪਰਿਵਾਰਾਂ ਅਤੇ ਬਚੇ ਹੋਏ ਲੋਕਾਂ ਨੂੰ ਦਿਲਾਸਾ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ, ਰਾਜ ਅਤੇ ਸਥਾਨਕ ਅਧਿਕਾਰੀ ਇਸ ਸਮੇਂ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਨ।ਬਾਈਡੇਨ ਅਤੇ ਜਿਲ ਨੂੰ ਫਲੋਰਿਡਾ ਪਹੁੰਚਣ ‘ਤੇ ਗਵਰਨਰ ਰੋਨ ਡੀਸੈਂਟਿਸ, ਮਿਆਮੀ-ਡੇਡ ਕਾਉਂਟੀ ਦੀ ਮੇਅਰ ਡੈਨੀਲਾ ਲੇਵੀਨ ਕਾਵਾ ਅਤੇ ਹੋਰ ਅਧਿਕਾਰੀਆਂ ਤੋਂ ਕਮਾਂਡ ਬ੍ਰੀਫਿੰਗ ਮਿਲੀ। ਇਸ ਮੌਕੇ ਰਾਸ਼ਟਰਪਤੀ ਨੇ ਕਿਹਾ ਕਿ ਸੰਘੀ ਸਰਕਾਰ ਪਹਿਲੇ 30 ਦਿਨਾਂ ਤੱਕ ਤਬਾਹੀ ਨਾਲ ਜੁੜੇ ਖਰਚੇ ਚੁੱਕ ਸਕਦੀ ਹੈ। ਇਸਦੇ ਇਲਾਵਾ ਜੋਅ ਬਾਈਡੇਨ ਦੁਆਰਾ ਹਾਦਸਾ ਸਥਾਨ ‘ਤੇ ਬਚਾਅ ਕਾਰਜ ਕਰ ਰਹੇ ਕਰਮਚਾਰੀਆਂ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਬਚਾਉ ਕੰਮਾਂ ਲਈ ਧੰਨਵਾਦ ਵੀ ਕੀਤਾ।

Share