-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ : 916-320-9444
ਅਮਰੀਕਾ ਦੇ ਰਾਸ਼ਟਰਪਤੀ ਦੀ ਨਵੰਬਰ ਵਿਚ ਹੋਣ ਵਾਲੀ ਚੋਣ ਲਈ ਰਿਪਬਲਿਕਨ ਪਾਰਟੀ ਦੇ ਦੂਜੀ ਵਾਰ ਚੋਣ ਲੜ ਰਹੇ ਉਮੀਦਵਾਰ ਡੋਨਾਲਡ ਟਰੰਪ ਨੂੰ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਂਝ ਤਾਂ ਟਰੰਪ ਦਾ ਪਿਛਲਾ ਸਾਰਾ ਕਾਰਜਕਾਲ ਹੀ ਬਹੁਤ ਸਾਰੀਆਂ ਚੁਣੌਤੀਆਂ ਅਤੇ ਵਿਵਾਦਾਂ ਵਿਚ ਉਲਝਿਆ ਰਿਹਾ ਹੈ। ਪਰ ਹੁਣ ਚੋਣ ਤੋਂ ਪਹਿਲਾਂ ਇਹ ਚੁਣੌਤੀਆਂ ਅਤੇ ਵਿਵਾਦ ਵੱਡੀਆਂ ਸਮੱਸਿਆਵਾਂ ਬਣੀਆਂ ਨਜ਼ਰ ਆ ਰਹੀਆਂ ਹਨ। ਕੋਰੋਨਾਵਾਇਰਸ ਦੀ ਆਫਤ ਦੇ ਆਉਣ ਨਾਲ ਅਮਰੀਕੀ ਰਾਸ਼ਟਰਪਤੀ ਦੀਆਂ ਚੁਣੌਤੀਆਂ ਹੋਰ ਵੀ ਵੱਧ ਗਈਆਂ ਹਨ। ਅਮਰੀਕਾ ਇਸ ਵੇਲੇ ਦੁਨੀਆਂ ਅੰਦਰ ਕਰੋਨਾ ਦੀ ਮਾਰ ਹੇਠ ਸਭ ਤੋਂ ਵੱਧ ਆਇਆ ਹੋਇਆ ਹੈ। ਇਸ ਵੇਲੇ ਅਮਰੀਕਾ ਦੁਨੀਆਂ ਅੰਦਰ ਸਭ ਤੋਂ ਵੱਧ ਮੌਤਾਂ ਵਾਲਾ ਦੇਸ਼ ਹੀ ਨਹੀਂ ਬਣਿਆ, ਸਗੋਂ ਸਭ ਤੋਂ ਵੱਧ ਕਰੋਨਾ ਪੀੜਤ ਵੀ ਅਮਰੀਕਾ ਵਿਚ ਹੀ ਹਨ ਅਤੇ ਇਹ ਹਾਲਾਤ ਲਗਾਤਾਰ ਜਾਰੀ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਕਰੋਨਾ ਸੰਕਟ ਮੌਕੇ ਅਮਰੀਕਾ ਦੁਨੀਆਂ ਦੀ ਅਗਵਾਈ ਕਰਨ ‘ਚ ਪਛੜ ਹੀ ਨਹੀਂ ਗਿਆ, ਸਗੋਂ ਕਈ ਵਿਵਾਦਾਂ ‘ਚ ਵੀ ਉਲਝ ਕੇ ਰਹਿ ਗਿਆ ਹੈ।
ਕੋਰੋਨਾਵਾਇਰਸ ਨਾਲ ਨਿਪਟਣ ਵਿਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਬਹੁਤੀਆਂ ਕਾਰਗਰ ਨਹੀਂ ਰਹੀਆਂ। ਲੋਕਾਂ ਵਿਚ ਇਸ ਪੱਖੋਂ ਬੜੀ ਨਿਰਾਸ਼ਤਾ ਹੈ ਕਿ ਅਮਰੀਕਾ ਵਰਗੀ ਮਹਾਂਸ਼ਕਤੀ ਕੋਰੋਨਾਵਾਇਰਸ ਦਾ ਅਗਾਊਂ ਪਤਾ ਲਗਾਉਣ ਵਿਚ ਹੀ ਅਸਫਲ ਨਹੀਂ ਰਹੀ, ਸਗੋਂ ਇਸ ਦੀ ਰੋਕਥਾਮ ਲਈ ਸੁਚੱਜੇ ਯਤਨ ਵਿਚ ਕਰਨ ਵਿਚ ਨਾਕਾਮ ਰਹੀ ਹੈ। ਕੋਰੋਨਾਵਾਇਰਸ ਨੂੰ ਚੀਨ ਦੀ ਸ਼ਰਾਰਤ ਕਰਾਰ ਦੇਣ ਦੀ ਟਰੰਪ ਵੱਲੋਂ ਵੱਧ ਕੇ ਕੀਤੀ ਬਿਆਨਬਾਜ਼ੀ ਨੇ ਵੀ ਕੋਈ ਚੰਗਾ ਪ੍ਰਭਾਵ ਨਹੀਂ ਪਾਇਆ। ਟਰੰਪ ਨੇ ਕੋਰੋਨਾਵਾਇਰਸ ਨਾਲ ਨਿਪਟਣ ਲੱਗਿਆਂ ਚੀਨ ਖਿਲਾਫ ਵਿਰੋਧ ਨੂੰ ਇੰਨਾ ਅੱਗੇ ਵਧਾ ਲਿਆ ਹੈ ਕਿ ਹੁਣ ਪਿੱਛੇ ਮੁੜਨਾ ਮੁਸ਼ਕਲ ਹੋ ਗਿਆ ਹੈ। ਚੀਨ ਦੇ ਖਿਲਾਫ ਬੇਲੋੜੀ ਬਿਆਨਬਾਜ਼ੀ ਕਰਦਿਆਂ ਦੁਨੀਆਂ ਦੀ ਪ੍ਰਸਿੱਧ ਸਿਹਤ ਸੰਸਥਾ ਡਬਲਯੂ.ਐੱਚ.ਓ. ਅਮਰੀਕਾ ਦੇ ਹੱਥੋਂ ਜਾਂਦੀ ਰਹੀ ਹੈ। ਹੁਣ ਤੱਕ ਇਹ ਸਿਹਤ ਸੰਸਥਾ ਅਮਰੀਕਾ ਦੇ ਪ੍ਰਭਾਵ ਹੇਠ ਮੰਨੀ ਜਾਂਦੀ ਸੀ ਅਤੇ ਅਮਰੀਕੀ ਸਿਹਤ ਸੰਬੰਧੀ ਕਾਰਪੋਰੇਟ ਕੰਪਨੀਆਂ ਇਸ ਸੰਸਥਾ ਰਾਹੀਂ ਪੂਰੀ ਦੁਨੀਆਂ ਵਿਚ ਆਪਣਾ ਵਪਾਰ ਵਧਾਉਂਦੀਆਂ ਆ ਰਹੀਆਂ ਸਨ। ਪਰ ਟਰੰਪ ਨੇ ਚੀਨ ਵਿਚ ਫੈਲੀ ਵਾਇਰਸ ਨੂੰ ਲੈ ਕੇ ਡਬਲਯੂ.ਐੱਚ.ਓ. ਨੂੰ ਹੀ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ। ਟਕਰਾਅ ਇੰਨਾ ਵੱਧ ਗਿਆ ਕਿ ਟਰੰਪ ਪ੍ਰਸ਼ਾਸਨ ਨੇ ਪਹਿਲਾਂ ਸਿਹਤ ਸੰਸਥਾ ਨੂੰ ਦਿੱਤੀ ਜਾਂਦੀ ਵਿੱਤੀ ਸਹਾਇਤਾ ਬੰਦ ਕਰ ਦਿੱਤੀ ਅਤੇ ਫਿਰ ਉਸ ਨਾਲ ਸੰਬੰਧ ਤੋੜਨ ਦਾ ਫੈਸਲਾ ਕਰ ਮਾਰਿਆ। ਵਿਸ਼ਵ ਪੱਧਰ ਦੀ ਅਜਿਹੀ ਸੰਸਥਾ ਨਾਲੋਂ ਅਮਰੀਕਾ ਦੇ ਸੰਬੰਧ ਟੁੱਟਣੇ ਆਪਣੇ ਆਪ ਵਿਚ ਹੀ ਇਕ ਬੜੀ ਵੱਡੀ ਘਟਨਾ ਹੈ ਅਤੇ ਸੂਝਵਾਨ ਅਮਰੀਕੀਆਂ ਅੰਦਰ ਇਸ ਗੱਲ ਦਾ ਬੁਰਾ ਪ੍ਰਭਾਵ ਪਿਆ ਹੈ। ਟਰੰਪ ਵੱਲੋਂ ਚੀਨ ਖਿਲਾਫ ਸਖ਼ਤ ਰੁਖ਼ ਅਪਣਾਉਣ ਦਾ ਵੀ ਕੋਈ ਚੰਗਾ ਨਤੀਜਾ ਸਾਹਮਣੇ ਨਹੀਂ ਆ ਰਿਹਾ। ਚੀਨ ਦਾ ਅਮਰੀਕੀ ਅਰਥਵਿਵਸਥਾ ਅਤੇ ਵਪਾਰ ਵਿਚ ਇਸ ਸਮੇਂ ਅਹਿਮ ਯੋਗਦਾਨ ਹੈ। ਅਮਰੀਕਾ ਵਿਚ ਲੱਖਾਂ ਦੀ ਗਿਣਤੀ ਵਿਚ ਚੀਨੀ ਮੂਲ ਦੇ ਲੋਕ ਵਸੇ ਹੋਏ ਹਨ। ਟਰੰਪ ਵੱਲੋਂ ਚੀਨ ਨਾਲ ਖੜ੍ਹੇ ਕੀਤੇ ਬੇਲੋੜੇ ਟਕਰਾਅ ਨੇ ਭਾਰੀ ਗਿਣਤੀ ਵਿਚ ਅਮਰੀਕਾ ਵਿਚ ਵਸ ਰਹੇ ਚੀਨੀ ਮੂਲ ਦੇ ਨਾਗਰਿਕਾ ਦੀ ਵਿਰੋਧਤਾ ਹੀ ਕੀਤੀ ਹੈ।
ਅਮਰੀਕਾ ਅੰਦਰ ਕੋਰੋਨਾਵਾਇਰਸ ਖਿਲਾਫ ਲੜਨ ਵਿਚ ਟਰੰਪ ਪ੍ਰਸ਼ਾਸਨ ਦੀ ਨਾਕਾਮੀ ਬਾਰੇ ਚਰਚਾਵਾਂ ਜਦ ਬੜੀਆਂ ਤੇਜ਼ ਸਨ, ਤਾਂ ਇਸੇ ਸਮੇਂ ਮਿਨੀਸੋਟਾ ਸੂਬੇ ਦੇ ਮਿਨੀਐਪੋਲਿਸ ਸ਼ਹਿਰ ਵਿਚ ਅਫਰੀਕਨ ਮੂਲ ਦੇ ਅਮਰੀਕੀ ਨਾਗਰਿਕ ਜਾਰਜ ਫਲਾਇਡ ਦੀ ਇਕ ਗੋਰੇ ਅਫਸਰ ਵੱਲੋਂ ਕੀਤੀ ਹੱਤਿਆ ਨੇ ਪੂਰੇ ਅਮਰੀਕਾ ਨੂੰ ਹਿਲਾ ਕੇ ਹੀ ਰੱਖ ਦਿੱਤਾ। ਇਸ ਘਟਨਾ ਵਿਰੁੱਧ ਅਫਰੀਕੀ ਮੂਲ ਦੇ ਸਿਆਹਫਾਮ ਲੋਕ ਹੀ ਸੜਕਾਂ ਉਪਰ ਨਹੀਂ ਉੱਤਰੇ, ਸਗੋਂ ਬਹੁਤ ਸਾਰੀ ਗੋਰੀ ਵਸੋਂ ਵੀ ਉਨ੍ਹਾਂ ਦੇ ਨਾਲ ਆ ਖੜ੍ਹੀ ਹੈ। ਅਸਲ ਵਿਚ ਟਰੰਪ ਦੀ ਨਸਲਵਾਦੀ ਸੋਚ ਕਾਰਨ ਪਿਛਲੇ ਸਾਲਾਂ ਦੌਰਾਨ ਅਮਰੀਕਾ ਵਿਚ ਲਗਾਤਾਰ ਘੱਟ ਗਿਣਤੀਆਂ ਖਿਲਾਫ ਨਸਲਵਾਦੀ ਭਾਵਨਾਵਾਂ ਤੇਜ਼ ਹੁੰਦੀਆਂ ਰਹੀਆਂ ਹਨ। ਫਲਾਇਡ ਦੇ ਮਾਰੇ ਜਾਣ ਬਾਅਦ ਪੂਰੇ ਅਮਰੀਕਾ ਅੰਦਰੋਂ ਹੋਇਆ ਇੰਨਾ ਵੱਡਾ ਵਿਰੋਧ ਇਸੇ ਗੱਲ ਦੀ ਸ਼ਾਹਦੀ ਭਰਦਾ ਹੈ ਕਿ ਅਮਰੀਕਾ ਵਿਚ ਵਸੇ ਅਫਰੀਕੀ ਮੂਲ ਦੇ ਲੋਕ ਹਾਲੇ ਵੀ ਕਿਸੇ ਨਾ ਕਿਸੇ ਰੂਪ ਵਿਚ ਨਸਲਵਾਦੀ ਭਾਵਨਾਵਾਂ ਦੇ ਸ਼ਿਕਾਰ ਹੁੰਦੇ ਆ ਰਹੇ ਹਨ ਅਤੇ ਇਸੇ ਕਾਰਨ ਉਨ੍ਹਾਂ ਵੱਲੋਂ ਇੰਨਾ ਵੱਡਾ ਪ੍ਰਤੀਕਰਮ ਜ਼ਾਹਿਰ ਕੀਤਾ ਗਿਆ ਹੈ।
ਇਹ ਗੱਲ ਸਭ ਜਾਣਦੇ ਹਨ ਕਿ ਅਫਰੀਕੀ ਮੂਲ ਦੇ ਲੋਕਾਂ ਦੀ ਵਸੋਂ ਅਮਰੀਕੀ ਸਮਾਜ ‘ਚ ਗਿਣਤੀ ਪੱਖੋਂ ਹੀ ਨਹੀਂ, ਸਗੋਂ ਯੋਗਦਾਨ ਪੱਖੋਂ ਵੀ ਬਹੁਤ ਵੱਡੀ ਹੈ। ਇਸ ਸਮੇਂ ਹਾਲਾਤ ਅਜਿਹੇ ਹਨ ਕਿ ਅਫਰੀਕਨ ਮੂਲ ਦੇ ਸਿਆਹਫਾਮ ਲੋਕ ਇਕਜੁੱਟ ਹੋ ਕੇ ਟਰੰਪ ਦੇ ਖਿਲਾਫ ਆ ਖੜ੍ਹੇ ਹੋਏ ਹਨ। ਇੰਨਾ ਹੀ ਨਹੀਂ, ਇਸ ਘਟਨਾ ਨੂੰ ਲੈ ਕੇ ਹੋਏ ਸੰਘਰਸ਼ ਵਿਚ ਗੋਰੀ ਵਸੋਂ ਦੇ ਲੋਕ ਵੀ ਸਮਾਜਿਕ ਬਰਾਬਰੀ ਅਤੇ ਜਮਹੂਰੀ ਹੱਕਾਂ ਨੂੰ ਲੈ ਕੇ ਸੰਘਰਸ਼ ਦੀ ਹਮਾਇਤ ਵਿਚ ਆ ਖੜ੍ਹੇ ਨਜ਼ਰ ਆਉਂਦੇ ਰਹੇ ਹਨ। ਰਾਸ਼ਟਰਪਤੀ ਟਰੰਪ ਲਈ ਇਹ ਲੋਕ ਚੋਣ ਵਿਚ ਵੱਡੀ ਚੁਣੌਤੀ ਬਣ ਸਕਦੇ ਹਨ।
ਟਰੰਪ ਵੱਲੋਂ ਪਿਛਲੇ ਸਾਲਾਂ ਦੌਰਾਨ ਲਗਾਤਾਰ ਅਜਿਹੇ ਫੈਸਲੇ ਕੀਤੇ ਗਏ ਹਨ ਅਤੇ ਨੀਤੀਆਂ ਬਣਾਈਆਂ ਜਾਂਦੀਆਂ ਰਹੀਆਂ ਹਨ, ਜੋ ਇੰਮੀਗ੍ਰਾਂਟਸ ਦੇ ਖਿਲਾਫ ਰਹੀਆਂ ਹਨ। ਅਜਿਹੀਆਂ ਨੀਤੀਆਂ ਕਾਰਨ ਅਮਰੀਕਾ ਵਿਚ ਆ ਵਸੇ ਜਾਂ ਨਵੇਂ ਆ ਰਹੇ ਏਸ਼ੀਅਨ ਮੂਲ ਦੇ ਲੋਕ ਟਰੰਪ ਦੇ ਬੇਹੱਦ ਖਿਲਾਫ ਹਨ। ਮੈਕਸੀਕੋ ਅਤੇ ਅਫਰੀਕੀ ਮੁਲਕਾਂ ਦੇ ਲੋਕਾਂ ਵਿਚ ਪਹਿਲਾਂ ਹੀ ਟਰੰਪ ਨੂੰ ਨਾਪਸੰਦ ਕੀਤਾ ਜਾਂਦਾ ਹੈ। ਮੁਸਲਿਮ ਦੇਸ਼ਾਂ ਵਿਚ ਵੀ ਟਰੰਪ ਮੁੱਢ ਤੋਂ ਹੀ ਨਾਰਾਜ਼ਗੀ ਦਾ ਪਾਤਰ ਬਣੇ ਹੋਏ ਹਨ। ਅਮਰੀਕਾ ਦੇ ਨਾਲ ਲੱਗਦੇ ਦੇਸ਼ ਮੈਕਸੀਕੋ ਨਾਲ ਸਰਹੱਦ ਉਪਰ ਕੰਧ ਉਸਾਰਨ ਦੇ ਮਾਮਲੇ ਨੂੰ ਲੈ ਕੇ ਪੈਦਾ ਕੀਤੇ ਟਕਰਾਅ ਕਾਰਨ ਮੈਕਸੀਕਨ ਲੋਕ ਟਰੰਪ ਵਿਰੁੱਧ ਖੜ੍ਹੇ ਹਨ। ਮੈਕਸੀਕਨ ਮੂਲ ਦੇ ਲੋਕ ਵੀ ਵੱਡੀ ਗਿਣਤੀ ਵਿਚ ਅਮਰੀਕਾ ਵਿਚ ਵਸੇ ਹੋਏ ਹਨ। ਟਰੰਪ ਪ੍ਰਸ਼ਾਸਨ ਵੱਲੋਂ ਪਿਛਲੇ ਸਾਲਾਂ ਦੌਰਾਨ ਇੰਮੀਗ੍ਰਾਂਟਸ ਬਾਰੇ ਅਨੇਕ ਫੈਸਲੇ ਲਏ ਜਾਂਦੇ ਰਹੇ ਹਨ। ਪਰ ਇਹ ਫੈਸਲੇ ਕਦੇ ਵੀ ਸਿਰੇ ਨਹੀਂ ਚੜ੍ਹੇ। ਬਹੁਤ ਸਾਰੇ ਫੈਸਲੇ ਅਜਿਹੇ ਹਨ, ਜਿਨ੍ਹਾਂ ਨੂੰ ਅਦਾਲਤਾਂ ਨੇ ਹੀ ਰੱਦ ਕਰ ਦਿੱਤੇ। ਅਤੇ ਕਈ ਫੈਸਲੇ ਸੈਨੇਟ ਅਤੇ ਕਾਂਗਰਸ ਵੱਲੋਂ ਪ੍ਰਵਾਨ ਨਹੀਂ ਕੀਤੇ ਗਏ। ਪਿਛਲੇ ਦਿਨੀਂ ਹੀ ਵਿਦੇਸ਼ੀ ਵਿਦਿਆਰਥੀਆਂ ਨੂੰ ਅਮਰੀਕਾ ਤੋਂ ਵਾਪਸ ਭੇਜਣ ਦੇ ਕੀਤੇ ਫੈਸਲੇ ਨੂੰ ਅਦਾਲਤ ਨੇ ਨਾਮੰਨਜ਼ੂਰ ਕਰ ਦਿੱਤਾ ਹੈ ਅਤੇ ਨਮੋਸ਼ੀ ਵਿਚ ਆਏ ਟਰੰਪ ਨੂੰ ਹੁਣ ਇਹ ਕਹਿਣਾ ਪਿਆ ਹੈ ਕਿ ਉਹ ਵੀ ਇਸ ਫੈਸਲੇ ਨਾਲ ਸਹਿਮਤ ਹਨ। ਮੈਕਸੀਕੋ ਦੀ ਸਰਹੱਦ ਉਪਰ ਕੰਧ ਉਸਾਰਨ ਦੇ ਮਾਮਲੇ ਵਿਚ ਵੀ ਟਰੰਪ ਕਾਂਗਰਸ ਨਾਲ ਲਗਾਤਾਰ ਟਕਰਾਅ ਵਿਚ ਰਹੇ ਹਨ ਅਤੇ ਕਾਂਗਰਸ ਨੇ ਕੰਧ ਉਸਾਰਨ ਲਈ ਵਿੱਤੀ ਪ੍ਰਬੰਧ ਕਰਨ ਤੋਂ ਇਨਕਾਰ ਕਰ ਦਿੱਤਾ। ਕਾਂਗਰਸ ਦਾ ਮੱਤ ਹੈ ਕਿ ਇੰਨਾ ਵੱਡਾ ਖਰਚਾ ਕੰਧ ਉਪਰ ਉਸਾਰਨ ਦੀ ਬਜਾਏ, ਅਮਰੀਕੀ ਲੋਕਾਂ ਦੀ ਸਹੂਲਤ ਉਪਰ ਖਰਚਿਆ ਜਾਣਾ ਚਾਹੀਦਾ ਹੈ।
ਟਰੰਪ ਵੱਲੋਂ ਪਿਛਲੀ ਚੋਣ ਦੌਰਾਨ ਟੈਕਸ ਘਟਾਉਣ ਅਤੇ ਤਰਕਸੰਗਤ ਕਰਨ ਦੇ ਵੀ ਬੜੇ ਵਾਅਦੇ ਕੀਤੇ ਗਏ ਸਨ। ਪਰ ਉਹ ਅਮਰੀਕਾ ਅੰਦਰ ਟੈਕਸ ਪ੍ਰਣਾਲੀ ‘ਚ ਕੋਈ ਸੁਧਾਰ ਕਰਨ ਵਿਚ ਸਫਲ ਨਹੀਂ ਹੋਏ। ਇਸ ਤੋਂ ਉਲਟ ਸਗੋਂ ਟਰੰਪ ਉਪਰ ਇਹ ਦੋਸ਼ ਲੱਗ ਰਹੇ ਹਨ ਕਿ ਉਨ੍ਹਾਂ ਦੀਆਂ ਆਪਣੀਆਂ ਕੰਪਨੀਆਂ ਨੇ ਵੱਡੇ ਪੱਧਰ ‘ਤੇ ਟੈਕਸ ਨਹੀਂ ਦਿੱਤੇ ਅਤੇ ਹੁਣ ਬਹੁਤ ਸਾਰੀਆਂ ਸਰਕਾਰੀ ਏਜੰਸੀਆਂ ਉਨ੍ਹਾਂ ਤੋਂ ਟੈਕਸ ਬਾਰੇ ਜਾਣਕਾਰੀ ਮੰਗ ਰਹੀਆਂ ਹਨ। ਕਈ ਕਾਰਪੋਰੇਟ ਕੰਪਨੀਆਂ ਨੇ ਟਰੰਪ ਦੀ ਚੋਣਾਂ ਦੌਰਾਨ ਇਸੇ ਆਸ ਨਾਲ ਮਦਦ ਕੀਤੀ ਸੀ ਕਿ ਉਹ ਉਨ੍ਹਾਂ ਨੂੰ ਭਾਰੀ ਟੈਕਸਾਂ ਤੋਂ ਨਿਜ਼ਾਤ ਦਿਵਾਉਣਗੇ। ਪਰ ਟਰੰਪ ਅਜਿਹਾ ਕੁੱਝ ਵੀ ਨਹੀਂ ਕਰ ਸਕੇ। ਜਿਸ ਕਰਕੇ ਬਹੁਤ ਸਾਰੀਆਂ ਕਾਰਪੋਰੇਟ ਕੰਪਨੀਆਂ ਵੀ ਟਰੰਪ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਹਨ।
ਨਵੰਬਰ ਮਹੀਨੇ ਰਾਸ਼ਟਰਪਤੀ ਦੀ ਚੋਣ ਹੋਣ ਜਾ ਰਹੀ ਹੈ। ਹੁਣ ਸਿਰਫ ਸਾਢੇ ਕੁ ਤਿੰਨ ਮਹੀਨੇ ਹੀ ਚੋਣ ਹੋਣ ਵਿਚ ਰਹਿ ਗਏ ਹਨ। ਬੀਤੇ ਦਿਨੀਂ ਇਕ ਪੱਤਰਕਾਰ ਸੰਮੇਲਨ ਵਿਚ ਗੱਲਬਾਤ ਕਰਦਿਆਂ ਟਰੰਪ ਨੇ ਭੜਕਾਹਟ ਵਿਚ ਆ ਕੇ ਇਥੋਂ ਤੱਕ ਆਖ ਦਿੱਤਾ ਕਿ ਜੇ ਮੈਂ ਚੋਣ ਹਾਰ ਵੀ ਗਿਆ, ਫਿਰ ਵੀ ਰਾਸ਼ਟਰਪਤੀ ਅਹੁਦਾ ਨਹੀਂ ਛੱਡਾਂਗਾ। ਇਸ ਗੱਲ ਨੂੰ ਲੈ ਕੇ ਅਮਰੀਕੀ ਲੋਕਾਂ ਅੰਦਰ ਭਾਰੀ ਚਰਚਾ ਚੱਲ ਰਹੀ ਹੈ। ਵੱੱਖ-ਵੱਖ ਏਜੰਸੀਆਂ ਵੱਲੋਂ ਚੋਣਾਂ ਸੰਬੰਧੀ ਕਰਵਾਏ ਜਾ ਰਹੇ ਕਰੀਬ ਸਾਰੇ ਹੀ ਸਰਵੇਖਣਾਂ ਵਿਚ ਪੂਰੇ ਅਮਰੀਕਾ ਅੰਦਰ ਟਰੰਪ ਪਿੱਛੇ ਰਹਿ ਰਹੇ ਦੱਸੇ ਜਾਂਦੇ ਹਨ। ਇਸ ਤਰ੍ਹਾਂ ਨਜ਼ਰ ਆ ਰਿਹਾ ਹੈ ਕਿ ਚੀਨ ਦਾ ਕੀਤਾ ਬੇਲੋੜਾ ਵਿਰੋਧ, ਵਿਸ਼ਵ ਸਿਹਤ ਸੰਸਥਾ ਨਾਲੋਂ ਸੰਬੰਧ ਤੋੜਨਾ, ਸਿਆਹਫਾਮ ਲੋਕਾਂ ਨਾਲ ਖੱਟਿਆ ਵਿਰੋਧ, ਇੰਮੀਗ੍ਰਾਂਟਸ ਦੀ ਨਾਰਾਜ਼ਗੀ ਅਤੇ ਅਮਰੀਕੀ ਗੋਰੇ ਲੋਕਾਂ ਅੰਦਰ ਵੀ ਅਮਰੀਕੀ ਪ੍ਰਸ਼ਾਸਨ ਦੀਆਂ ਨੀਤੀਆਂ ਬਾਰੇ ਨਾਖੁਸ਼ੀ ਮਿਲ ਕੇ ਟਰੰਪ ਲਈ ਇਨ੍ਹਾਂ ਚੋਣਾਂ ਵਿਚ ਵੱਡੀ ਚੁਣੌਤੀ ਪੇਸ਼ ਕਰਨਗੀਆਂ।