ਰਾਸ਼ਟਰਪਤੀ ਚੋਣਾਂ: ਬਾਦਲ ਨੂੰ ਬਣਾਇਆ ਜਾ ਸਕਦਾ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ

ਨਵੀਂ ਦਿੱਲੀ, 13 ਜੂਨ (ਪੰਜਾਬ ਮੇਲ)– ਰਾਸ਼ਟਰਪਤੀ ਚੋਣਾਂ ਦੀ ਤਾਰੀਕ ਨੇੜੇ ਆਉਂਦੇ ਹੀ ਕਿਆਸਾਂ ਦਾ ਬਾਜ਼ਾਰ ਗਰਮ ਹੁੰਦਾ ਜਾ ਰਿਹਾ ਹੈ। ਇਸੇ ਦੇ ਮੱਦੇਨਜ਼ਰ ਸੱਤਾਧਾਰੀ ਭਾਜਪਾ ਵੱਲੋਂ ਸੋਮਵਾਰ ਨੂੰ 3 ਮੈਂਬਰੀ ਕਮੇਟੀ ਦੇ ਗਠਨ ਦਾ ਐਲਾਨ ਕੀਤਾ ਗਿਆ। ਅਟਕਲਾਂ ਹਨ ਕਿ ਭਾਜਪਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਾਇਆ ਜਾ ਸਕਦਾ ਹੈ।
ਇਸ ਨਾਂ ‘ਤੇ ਵੱਡਾ ਦਾਅ ਖੇਡ ਸਕਦੀ ਹੈ ਭਾਜਪਾ
ਸੂਤਰਾਂ ਅਨੁਸਾਰ ਤਾਂ ਭਾਜਪਾ ਆਪਣੇ ਸਹਿਯੋਗੀ ਦਲਾਂ ‘ਚ ਵੀ ਵਿਸ਼ਵਾਸ ਪੈਦਾ ਕਰਨ ਅਤੇ ਐੱਨ.ਸੀ.ਪੀ. ਵਰਗੇ ਦਲ ਨੂੰ ਇਕੱਠੇ ਕਰਨ ਲਈ ਬਾਦਲ ‘ਤੇ ਦਾਅ ਖੇਡ ਸਕਦੀ ਹੈ। ਭਾਜਪਾ ਦਾ ਮੰਨਣਾ ਹੈ ਕਿ ਬਾਦਲ ਦੇ ਨਾਂ ‘ਤੇ ਨਾ ਸਿਰਫ ਐੱਨ.ਡੀ.ਏ. ਸਗੋਂ ਯੂ.ਪੀ.ਏ. ਦੀਆਂ ਕੁਝ ਪਾਰਟੀਆਂ ਐੱਨ.ਸੀ.ਪੀ. ਵੀ ਸਹਿਮਤੀ ਦੇ ਸਕਦੀ ਹੈ। ਐੱਨ.ਸੀ.ਪੀ. ਦੇ ਇਕ ਸੀਨੀਅਰ ਨੇਤਾ ਨੇ ਦੱਸਿਆ ਕਿ ਭਾਜਪਾ ਪ੍ਰਧਾਨ ਅਮਿਤ ਸ਼ਾਹ ਤੋਂ ਸਾਨੂੰ ਬਾਦਲ ਸਾਹਿਬ ਬਾਰੇ ਸੰਕੇਤ ਮਿਲਿਆ। ਉਨ੍ਹਾਂ ਦਾ ਵਿਰੋਧ ਕਰਨਾ ਮੁਸ਼ਕਲ ਹੋਵੇਗਾ। ਅਕਾਲੀਆਂ ਨਾਲ ਐਮਰਜੈਂਸੀ ਦੇ ਖਿਲਾਫ ਲੜਨ ਵਾਲੀ ਡੀ.ਐੱਮ.ਕੇ. ਵਰਗੀਆਂ ਪਾਰਟੀਆਂ ਵੀ ਉਨ੍ਹਾਂ ਦੇ ਨਾਂ ਨੂੰ ਚੁਣੌਤੀ ਨਹੀਂ ਦੇਣਗੀਆਂ।
ਸਰਕਾਰ ਕੋਲ ਕਰੀਬ 24 ਹਜ਼ਾਰ ਵੋਟਾਂ ਹਨ ਘੱਟ
ਵਿਰੋਧੀ ਪਾਰਟੀਆਂ ਦੀ ਗੱਲ ਕਰੀਏ ਤਾਂ ਉਹ ਭਾਜਪਾ ਵੱਲੋਂ ਇਕ ਰਾਏ ਵਾਲੇ ਉਮੀਦਵਾਰ ਦੇ ਨਾਂ ਨੂੰ ਲੈ ਕੇ ਯਕੀਨੀ ਨਜ਼ਰ ਨਹੀਂ ਆ ਰਹੀ। ਐੱਨ.ਸੀ.ਪੀ. ਲੀਡਰ ਤਾਰਿਕ ਅਨਵਰ ਨੇ ਦੱਸਿਆ,”ਸਾਨੂੰ ਨਹੀਂ ਲੱਗਦਾ ਕਿ ਭਾਜਪਾ ਕਿਸੇ ਆਰ.ਐੱਸ.ਐੱਸ. ਬੈਕ ਗਰਾਊਂਡ ਵਾਲੇ ਸ਼ਖਸ ਨੂੰ ਨਜ਼ਰਅੰਦਾਜ ਕਰ ਕੇ ਬਾਦਲ ਨੂੰ ਉਮੀਦਵਾਰ ਬਣਾਏਗੀ। ਸਰਕਾਰ ਕੋਲ ਸਿਰਫ 24 ਹਜ਼ਾਰ ਵੋਟਾਂ ਹੀ ਘੱਟ ਹਨ।” ਜ਼ਿਕਰਯੋਗ ਹੈ ਕਿ ਤਾਰਿਕ ਅਨਵਰ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਵਿਰੋਧੀ ਨੇਤਾਵਾਂ ਦੀ ਉਪ-ਕਮੇਟੀ ਦੇ ਮੈਂਬਰ ਹਨ। ਉਨ੍ਹਾਂ ਨੇ ਕਿਹਾ,”ਜੇਕਰ ਅਸੀਂ ਉਮੀਦਵਾਰ ਫਾਈਨਲ ਕਰਨਾ ਹੋਇਆ ਤਾਂ ਅਸੀਂ ਅਜਿਹਾ 24 ਜੂਨ ਤੱਕ ਕਰਾਂਗੇ।”
17 ਜੁਲਾਈ ਨੂੰ ਹੋਣੀਆਂ ਹਨ ਚੋਣਾਂ
ਉੱਥੇ ਹੀ ਰਾਸ਼ਟਰਪਤੀ ਚੋਣਾਂ ਦੀ ਸੂਚਨਾ 14 ਜੂਨ ਨੂੰ ਜਾਰੀ ਕੀਤੀ ਜਾਵੇਗੀ। ਨਾਮਜ਼ਦ ਭਰਨ ਦੀ ਆਖਰੀ ਤਰੀਕ 28 ਜੂਨ 2017 ਹੈ। ਨਾਲ ਹੀ ਨਾਮਜ਼ਦ ਪੱਤਰਾਂ ਦੀ ਸਕਰੂਟਨੀ (ਪੜਤਾਲ) 29 ਜੂਨ 2017 ਹੈ ਅਤੇ ਨਾਮਜ਼ਦ ਪੱਤਰ ਨੂੰ ਵਾਪਸ ਲੈਣ ਦੀ ਤਰੀਕ ਇਕ ਜੁਲਾਈ 2017 ਹੈ। ਚੋਣਾਂ ਕਮਿਸ਼ਨ ਨੇ ਕਿਹਾ ਹੈ ਕਿ ਜੇਕਰ ਚੋਣਾਂ ਜ਼ਰੂਰੀ ਹੋਈਆਂ ਤਾਂ 17 ਜੁਲਾਈ 2017 ਨੂੰ ਹੋਣਗੀਆਂ। ਵੋਟਾਂ ਦੀ ਗਿਣਤੀ ਦਾ ਸਮਾਂ ਸਵੇਰੇ 10 ਵਜੇ ਤੋਂ 5 ਵਜੇ ਤੱਕ ਹੀ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਵੋਟਾਂ ਦੀ ਗਿਣਤੀ 20 ਜੁਲਾਈ ਨੂੰ ਸੰਪੰਨ ਹੋਵੇਗੀ।