‘‘ਰਾਮਗੜ੍ਹੀਆ ਵਿਰਾਸਤ’’ ਕੌਫ਼ੀ ਟੇਬਲ ਪੁਸਤਕ ਰਾਮਗੜ੍ਹੀਆ ਕੌਮ ਦਾ ਵਿਸ਼ਵਕੋਸ਼ ਹੈ : ਸ. ਤਰਲੋਚਨ ਸਿੰਘ

248
ਸ. ਤਰਲੋਚਨ ਸਿੰਘ ਨੂੰ ਰਾਮਗੜ੍ਹੀਆ ਵਿਰਾਸਤ ਕੌਫੀ ਟੇਬਲ ਪੁਸਤਕ ਭੇਂਟ ਕਰਦੇ ਹੋਏ ਸ. ਜੋਤਿੰਦਰ ਸਿੰਘ।
Share

ਪਟਿਆਲਾ, 28 ਅਪ੍ਰੈਲ (ਪੰਜਾਬ ਮੇਲ)- ਪਿਛਲੇ ਦਿਨੀਂ ਸ. ਤਰਲੋਚਨ ਸਿੰਘ, ਸਾਬਕਾ ਚੇਅਰਮੈਨ, ਘੱਟ ਗਿਣਤੀ ਤੇ ਸਾਬਕਾ ਰਾਜ ਸਭਾ ਮੈਂਬਰ ਦੀ ਪਟਿਆਲਾ ਆਮਦ ਉੱਤੇ ਸ. ਜੈਤੇਗ ਸਿੰਘ ਅਨੰਤ ਵੱਲੋਂ ਤਿਆਰ ਕੀਤੀ ‘‘ਰਾਮਗੜ੍ਹੀਆ ਵਿਰਾਸਤ’’ ਕੌਫ਼ੀ ਟੇਬਲ ਪੁਸਤਕ ਸ. ਜੋਤਿੰਦਰ ਸਿੰਘ, ਕੋਆਰਡੀਨੇਟਰ, ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ, ਕੈਨੇਡਾ ਦਾ ਇੰਡੀਆ ਚੈਪਟਰ ਵੱਲੋਂ ਭੇਂਟ ਕਰਨ ਉਪਰੰਤ ਵਿਚਾਰ ਪ੍ਰਗਟਾਉਂਦਿਆਂ ਕਿਹਾ ਹੈ ਕਿ ਰਾਮਗੜ੍ਹੀਆ ਵਿਰਾਸਤ ਦਾ ਸਿੱਖ ਕੌਮ ਵਿਚ ਬਹੁਤ ਵੱਡਾ ਰੋਲ ਹੈ। ਸਿੱਖ ਇਤਿਹਾਸ ਵਿਚ ਜੇ ਕਿਸੇ ਨੇ ਪਹਿਲੀ ਵਾਰ ਇਸ ਗੱਲ ਦੀ ਕਦਰ ਪਾਈ ਹੈ ਕਿ ਇਤਿਹਾਸ ਨੂੰ ਸੰਭਾਲਣਾ ਕਿਵੇਂ ਹੈ, ਤਾਂ ਉਹ ਜੱਸਾ ਸਿੰਘ ਰਾਮਗੜ੍ਹੀਆ ਹੈ। ਸ. ਜੈਤੇਗ ਸਿੰਘ ਅਨੰਤ ਨੇ ਜਿਸ ਮਿਹਨਤ, ਸ਼ਿੱਦਤ, ਸਿਆਣਪ ਅਤੇ ਦੂਰਅੰਦੇਸ਼ੀ ਨਾਲ ਇਹ ਪੁਸਤਕ ਤਿਆਰ ਕੀਤੀ ਹੈ, ਉਹ ਆਪਣੇ ਆਪ ਵਿਚ ਇਤਿਹਾਸਕ ਕਾਰਜ ਹੈ। ਮੇਰੀ ਨਜ਼ਰ ਵਿਚ ਇਹ ਰਾਮਗੜ੍ਹੀਆ ਕੌਮ ਦਾ ਵਿਸ਼ਵਕੋਸ਼ ਹੈ। ਇਹ ਪੁਸਤਕ ਸੰਪੂਰਨ ਰੂਪ ’ਚ ਰਾਮਗੜ੍ਹੀਆ ਵਿਰਸੇ ਤੇ ਵਿਰਾਸਤ ਦੀ ਤਰਜਮਾਨੀ ਕਰਦੀ ਹੈ। ਇਸ ਇਤਿਹਾਸਕ ਤੇ ਯਾਦਗਾਰੀ ਕਾਰਜ ਵਿਚ ਰਾਮਗੜ੍ਹੀਆ ਕੌਮ ਦੇ ਧਾਰਮਿਕ, ਰਾਜਨੀਤਿਕ, ਵਿੱਦਿਅਕ, ਉਦਯੋਗਿਕ, ਸਾਹਿਤਕ, ਕਲਾ, ਸੰਗੀਤ, ਦੇਸ਼ ਭਗਤੀ ਦੀ ਬਹਾਦਰੀ ਦਾ ਵਗਦਾ ਦਰਿਆ ਹੈ। ਜੈਤੇਗ ਸਿੰਘ ਅਨੰਤ ਦੇ ਪਿਛਲੇ ਤਿੰਨਾਂ ਸਾਲਾਂ ਤੋਂ ਬੇਹੱਦ ਨਾਮੁਰਾਦ ਬਿਮਾਰੀ ਦੀ ਜਕੜ ਵਿਚ ਹੋਣ ਦੇ ਬਾਵਜੂਦ ਐਡਾ ਵੱਡਾ ਕਾਰਜ ਕਰਨਾ ਛੋਟਾ ਕੰਮ ਨਹੀਂ। ਮੈਂ ਉਸ ਦੀ ਤੀਖਣ ਬੁੱਧੀ ਦੀ ਦਾਦ ਦਿੰਦਾ ਹਾਂ, ਜਿਸ ਨੇ ਲੰਮੀ ਬੀਮਾਰੀ ਦੇ ਬਾਵਜੂਦ ਇਤਿਹਾਸਕ ਕਾਰਜ ਕਰ ਕੇ ਸਮੁੱਚੇ ਸਿੱਖ ਜਗਤ ਵਿਚ ਆਪਣੀ ਅਮਿੱਟ ਥਾਂ ਛੱਡ ਦਿੱਤੀ ਹੈ।

Share