ਰਾਤ ਨੂੰ ਨਹਿਰ ਤੇ ਫਿਰਦੀ ਲਾਵਾਰਸ ਮੰਦ-ਬੁੱਧੀ ਔਰਤ ਨੂੰ ਸਰਾਭਾ ਆਸ਼ਰਮ ਨੇ ਸੰਭਾਲਿਆ

170
ਨਹਿਰ ਕੰਢੇ ਮਿਲੀ ਦਿਮਾਗੀ ਸੰਤੁਲਨ ਗੁਆ ਚੁੱਕੀ ਬੇਘਰ ਔਰਤ।
Share

ਲੁਧਿਆਣਾ, 3 ਮਈ (ਪੰਜਾਬ ਮੇਲ)- ਦਿਨ ਦੇ ਸਮੇਂ ਭਾਵੇਂ ਅਨੇਕਾਂ ਹੀ ਮੰਦ-ਬੁੱਧੀ ਬੇਘਰ ਮਰਦ ਔਰਤਾਂ ਸੜਕਾਂ ਤੇ ਫਿਰਦੇ ਦੇਖੇ ਜਾ ਸਕਦੇ ਹਨ, ਪਰ ਜੇਕਰ ਕੋਈ ਔਰਤ ਉਜਾੜ ਵਿਚ ਰਾਤ ਦੇ ਹਨੇਰੇ ਵਿਚ ਨਹਿਰ ਕੰਢੇ ਇਕੱਲੀ ਫਿਰਦੀ ਨਜ਼ਰ ਪੈ ਜਾਵੇ, ਤਾਂ ਹੈਰਾਨਗੀ ਵੀ ਹੁੰਦੀ ਹੈ ਅਤੇ ਕਈ ਤਰ੍ਹਾਂ ਦੇ ਸ਼ੰਕੇ ਵੀ ਉੱਠਣੇ ਸ਼ੁਰੂ ਹੋ ਜਾਂਦੇ ਹਨ। ਕੁੱਝ ਦਿਨ ਪਹਿਲਾਂ ਦਾ ਹੀ ਵਾਕਿਆ ਹੈ ਕਿ ਸੂਰਜ ਛਿਪਣ ਤੋਂ ਬਾਅਦ ਬੱਲੋਵਾਲ ਪਿੰਡ ਦੇ ਨਾਲ ਲੰਘਦੀ ਨਹਿਰ ਕੰਢੇ ਫਿਰਦੀ ਇੱਕ 40-45 ਸਾਲਾ ਲਾਵਾਰਸ, ਬੇਘਰ ਅਤੇ ਦਿਮਾਗੀ ਸੰਤੁਲਨ ਗੁਆ ਚੁੱਕੀ ਔਰਤ ਨੂੰ ਬੱਲੋਵਾਲ ਪਿੰਡ ਦੇ ਹੀ ਕੁੱਝ ਵਿਅਕਤੀਆਂ ਨੇ ਦੇਖਿਆ। ਉਨ੍ਹਾਂ ਨੇ ਪਿੰਡ ਦੇ ਪੰਚਾਇਤ ਮੈਂਬਰਾਂ ਦੀ ਮਦਦ ਨਾਲ ਜੋਧਾਂ ਪੁਲਿਸ ਨਾਲ ਸੰਪਰਕ ਕੀਤਾ। ਫਿਰ ਰਾਤ ਦੇ ਦਸ ਵਜੇ ਦੇ ਕਰੀਬ ਬੱਲੋਵਾਲ ਦੇ ਪੰਚਾਇਤ ਮੈਂਬਰ ਜਗਤਾਰ ਸਿੰਘ ਅਤੇ ਕੁੱਝ ਹੋਰ ਪਤਵੰਤੇ ਸੱਜਣਾਂ ਨੇ ਪੁਲਿਸ ਦੀ ਸਹਾਇਤਾ ਨਾਲ ਇਸ ਔਰਤ ਨੂੰ ਪਿੰਡ ਸਰਾਭਾ ਨਜ਼ਦੀਕ ਬਣੇ ਗੁਰੂ ਅਮਰ ਦਾਸ ਅਪਾਹਜ ਆਸ਼ਰਮ ਵਿਚ ਪਹੁੰਚਾਇਆ। ਇਹ ਔਰਤ ਆਪਣਾ ਨਾਮ, ਘਰ-ਬਾਰ ਜਾਂ ਪਰਿਵਾਰ ਬਾਰੇ ਨਹੀਂ ਦੱਸ ਸਕਦੀ। ਆਸ਼ਰਮ ਵਿਚ ਉਹ ਹਰ ਪੱਖੋਂ ਸੁਰੱਖਿਅਤ ਹੈ ਅਤੇ ਉਸ ਦਾ ਇਲਾਜ ਵੀ ਸ਼ੁਰੂ ਕਰ ਦਿੱਤਾ ਗਿਆ ਹੈ।
ਆਸ਼ਰਮ ਦੇ ਸੰਸਥਾਪਕ ਡਾ. ਨੌਰੰਗ ਸਿੰਘ ਮਾਂਗਟ ਅਤੇ ਪ੍ਰਧਾਨ ਚਰਨ ਸਿੰਘ ਜੋਧਾਂ ਨੇ ਦੱਸਿਆ ਕਿ ਇਸ ਆਸ਼ਰਮ ਵਿਚ ਡੇਢ ਸੌ ਦੇ ਕਰੀਬ ਅਪਾਹਜ, ਨੇਤਰਹੀਣ, ਦਿਮਾਗੀ ਸੰਤੁਲਨ ਗੁਆ ਚੁੱਕੇ, ਅਧਰੰਗ, ਸ਼ੂਗਰ, ਏਡਜ਼, ਕਾਲਾ ਪੀਲੀਆ, ਟੀ.ਬੀ. ਆਦਿ ਨਾਲ ਪੀੜਤ ਮਰੀਜ਼ ਰਹਿੰਦੇ ਹਨ। ਇਹ ਸਾਰੇ ਹੀ ਲਾਵਾਰਸ, ਬੇਘਰ ਅਤੇ ਬੇਸਹਾਰਾ ਹਨ। ਇਨ੍ਹਾਂ ਮਰੀਜ਼ਾਂ ਦੀ ਸੇਵਾ-ਸੰਭਾਲ ਮੁਫ਼ਤ ਕੀਤੀ ਜਾਂਦੀ ਹੈ। ਆਸ਼ਰਮ ਦਾ ਲੱਖਾਂ ਰੁਪਏ ਮਹੀਨੇ ਦਾ ਖ਼ਰਚਾ ਸੰਗਤਾਂ ਦੇ ਸਹਿਯੋਗ ਨਾਲ ਹੀ ਚੱਲਦਾ ਹੈ। ਆਸ਼ਰਮ ਬਾਰੇ ਹੋਰ ਜਾਣਕਾਰੀ ਲਈ ਇੰਡੀਆ ਵਿਚ (ਮੋਬਾ); 95018-42506 ਅਤੇ ਕੈਨੇਡਾ ਵਿਚ 403-401-8787 ’ਤੇ ਸੰਪਰਕ ਕੀਤਾ ਜਾ ਸਕਦਾ ਹੈ।¿;¿;

Share