ਰਾਜਕੁਮਾਰੀ ਡਾਇਨਾ ਦੀਆਂ ਜੁੱਤੀਆਂ ਅਠਾਰਾਂ ਸੌ ਪੌਂਡ ਵਿੱਚ ਵਿਕੀਆਂ

ਲੰਡਨ, 15 ਜੂਨ (ਪੰਜਾਬ ਮੇਲ)– ਬਰਤਾਨੀਆ ਵਿੱਚ ਹੋਈ ੲਿਕ ਨਿਲਾਮੀ ’ਚ ਰਾਜਕੁਮਾਰੀ ਡਾਇਨਾ ਦੇ ਸਫ਼ੇਦ ਰੰਗ ਦੇ ਜੁੱਤਿਆਂ ਦੀ ਇਕ ਜੋਡ਼ੀ 1800 ਪੌਂਡ ਵਿੱਚ ਵਿਕੀ ਹੈ। ਸਫ਼ੇਦ ਚਮਡ਼ੇ ਦੇ ਇਹ ਜੁੱਤੇ ਮਰਹੂਮ ਰਾਜਕੁਮਾਰੀ ਵੱਲੋਂ 19 ਸਾਲ ਦੀ ਉਮਰੇ ਉਦੋਂ ਪਾਏ ਗਏ ਸਨ, ਜਦੋਂ ਉਹ ਇਕ ਨਰਸਰੀ ਵਿੱਚ ਸਹਾਇਕ ਵਜੋਂ ਕੰਮ ਕਰਦੀ ਸੀ। ਡਾਇਨਾ ਨੇ ਇਹ ਜੁੱਤੇ ਸਾਲ 1977-78 ਵਿੱਚ ਆਪਣੇ ਇਕ ਗੁਮਨਾਮ ਦੋਸਤ ਦੇ ਘਰ ਛੱਡ ਦਿੱਤੇ ਸਨ। ਡੋਮੀਨਿਕ ਵਿੰਟਰਜ਼ ਨਿਲਾਮੀ ਘਰ ਨੇ ਕਿਹਾ ਕਿ ਅਜਿਹੀਆਂ ਕੁਝ ਤਸਵੀਰਾਂ ਹਨ ਜਿਸ ਵਿੱਚ ਡਾਇਨਾ 19 ਸਾਲ ਦੀ ਉਮਰ ਵਿੱਚ ਕਿੰਡਰਗਾਰਟਨ ਅਧਿਆਪਕ ਵਜੋਂ ਕੰਮ ਕਰਦਿਆਂ ਉਪਰੋਕਤ ਜੁੱਤਿਆਂ ਨਾਲ ਮਿਲਦੇ ਜੁਲਦੇ ਜੁੱਤੇ ਪਾਈ ਵਿਖਾਈ ਦਿੰਦੀ ਹੈ। ਬੀਬੀਸੀ ਨਿੳੂਜ਼ ਦੀ ਰਿਪੋਰਟ ਮੁਤਾਬਕ ਨਿਲਾਮੀ ਦੌਰਾਨ ਰਾਜਕੁਮਾਰੀ ਦੇ ਹੱਥ ਦਾ ਲਿਖਿਆ ਨੋਟ 1400 ਪੌਂਡ ਵਿੱਚ ਵਿਕਿਆ।
ਕੈੱਨਸਿੰਗਟਨ ਪੈਲੇਸ ਦੇ ਨੋਟਪੇਪਰ ’ਤੇ ਲਿਖੇ ਇਸ ਨੋਟ ਵਿੱਚ ਡਾਇਨਾ ਨੇ ਮੈਡੀਟੇਸ਼ਨ ਤੇ ਫਰਾਂਸੀਸੀ ਫ਼ਲਸਫ਼ੇ ’ਤੇ ਚਰਚਾ ਕੀਤੀ ਹੈ। ਨਿਲਾਮੀ ਵਿੱਚ ਵਿਕੀਆਂ ਹੋਰਨਾਂ ਵਸਤਾਂ ’ਚ ਰਾਜਕੁਮਾਰ ਚਾਰਲਸ ਵੱਲੋਂ ਲਿਖਿਆ ਉਹ ਪੱਤਰ ਵੀ ਸ਼ਾਮਲ ਹੈ, ਜੋ ਉਨ੍ਹਾਂ ਰਾਜਕੁਮਾਰੀ ਡਾੲਿਨਾ ਤੋਂ ਵੱਖ ਹੋਣ ਤੋਂ ਦੋ ਦਿਨਾਂ ਮਗਰੋਂ ਲਿਖਿਆ ਸੀ। ਇਹ ਪੱਤਰ ੲਿੰਟੀਰੀਅਰ ਡਿਜ਼ਾਈਨਰ ਡਡਲੀ ਪੋਪਲਾਕ ਨੂੰ ਭੇਜਿਆ ਗਿਆ ਸੀ। ਰਾਜਕੁਮਾਰੀ ਵੱਲੋਂ ਲਿਖੇ ਤਿੰਨ ਹੋਰ ਪੱਤਰ 230 ਤੋਂ 320 ਪੌਂਡ ਦਰਮਿਆਨ ਵਿਕੇ।