ਯੂ.ਪੀ. ਲਈ ਮੁੱਖ ਮੰਤਰੀ ਦੀ ਉਮੀਦਵਾਰ ਹੋ ਸਕਦੀ ਹੈ ਪ੍ਰਿਅੰਕਾ ਗਾਂਧੀ

ਨਵੀਂ ਦਿੱਲੀ, 11 ਸਤੰਬਰ (ਪੰਜਾਬ ਮੇਲ)- ਕਾਂਗਰਸ ਆਪਣੀ ਉੱਤਰ ਪ੍ਰਦੇਸ਼ ਇਕਾਈ ਵਿਚ ਭਾਰੀ ਫੇਰਬਦਲ ਕਰੇਗੀ। ਪ੍ਰਿਅੰਕਾ ਰਾਜ ਵਿਚ ਪਾਰਟੀ ਨੂੰ ਨਵੇਂ ਸਿਰੇ ਤੋਂ ਖੜ੍ਹਾ ਕਰਨ ‘ਤੇ ਕੰਮ ਕਰ ਰਹੀ ਹੈ। ਰਾਹੁਲ ਗਾਂਧੀ ਦੇ ਘਰ ਵਿਖੇ ਉਨ੍ਹਾਂ ਨੇ ਯੂ.ਪੀ. ਲਈ ਵਾਰ ਰੂਮ ਬਣਾਇਆ ਹੈ। ਯੂ.ਪੀ. ਤੋਂ ਪਾਰਟੀ ਦੇ ਸਾਬਕਾ ਵਿਧਾਇਕਾਂ ਅਤੇ ਲੋਕ ਸਭਾ ਚੋਣ ਵਿਚ ਉਤਰੇ ਉਮੀਦਵਾਰਾਂ ਦੇ ਨਾਲ ਬੈਠਕ ਵਿਚ ਪ੍ਰਿਅੰਕਾ ਨੇ ਸੰਕੇਤ ਦਿੱਤੇ ਕਿ 2022 ‘ਚ ਰਾਜ ਵਿਧਾਨ ਸਭਾ ਚੋਣ ਵਿਚ ਉਹ ਮੁੱਖ ਮੰਤਰੀ ਅਹੁਦੇ ਦੀ ਉਮੀਦਵਾਰ ਹੋਵੇਗੀ। ਇਸ ਦੇ ਨਾਲ ਹੀ ਮੈਂਬਰਸ਼ਿਪ ਮੁਹਿੰਮ ਚਲਾ ਕੇ ਇਕ ਕਰੋੜ ਨਵੇਂ ਮੈਂਬਰ ਜੋੜਨ ਦਾ ਟੀਚਾ ਰੱਖਿਆ ਗਿਆ ਹੈ। ਬੈਠਕ ਵਿਚ ਮੌਜੂਦ ਲੋਕਾਂ ਦੇ ਅਨੁਸਾਰ ਪ੍ਰਿਅੰਕਾ ਨੇ ਯੂ.ਪੀ. ਵਿਚ ਭਾਜਪਾ ਦੇ ਅਭਿਆਨ ਦੀ ਮਿਸਾਲ ਦਿੰਦੇ ਹੋਏ ਕਿਹਾ ਕਿ ਉਸ ਨੇ ਭਾਰੀ ਬਹੁਮਤ ਨਾਲ ਸਰਕਾਰ ਬਣਾਉਣ ਦੇ ਬਾਵਜੂਦ ਮੈਂਬਰਸ਼ਿਪ ਮੁਹਿੰਮ ਚਲਾਈ। ਪ੍ਰਿਅੰਕਾ ਦੇ ਯੂ.ਪੀ. ਪਲਾਨ ਵਿਚ ਮੁੱਦਿਆਂ ਦੀ ਨਿਸ਼ਾਨਦੇਹੀ ਵੀ ਕੀਤੀ ਗਈ।