ਯੂ.ਪੀ. ਚੋਣਾਂ ਲਈ ਕਾਂਗਰਸ ਅਤੇ ਸਮਾਜਵਾਦੀ ਪਾਰਟੀ ’ਚ ਗਠਜੋੜ

ਲਖਨਊ, 22 ਜਨਵਰੀ (ਪੰਜਾਬ ਮੇਲ)- ਸੀਟਾਂ ਨੂੰ ਲੈ ਕੇ ਕੁਝ ਦਿਨਾਂ ਤੋਂ ਚੱਲ ਰਹੇ ਤਣਾਅ ਨੂੰ ਖ਼ਤਮ ਕਰਦਿਆਂ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਨੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਅੱਜ ਗੱਠਜੋੜ ਨੂੰ ਅੰਤਮ ਰੂਪ ਦੇ ਦਿੱਤਾ। ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੋਵੇਂ ਪਾਰਟੀਆਂ ਦੇ ਆਗੂਆਂ ਨੇ ਦੱਸਿਆ ਕਿ ਸਮਾਜਵਾਦੀ ਪਾਰਟੀ 298 ਅਤੇ ਕਾਂਗਰਸ 105 ਸੀਟਾਂ ’ਤੇ ਚੋਣ ਲੜੇਗੀ। ਯੂਪੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜ ਬੱਬਰ ਨੇ ਕਿਹਾ ਕਿ ਹਫ਼ਤੇ ਦੇ ਅੰਦਰ ਘੱਟੋ ਘੱਟ ਸਾਂਝੇ ਪ੍ਰੋਗਰਾਮ ਦਾ ਖਰੜਾ ਤਿਆਰ ਕਰ ਲਿਆ ਜਾਏਗਾ। ਦੋਵੇਂ ਪਾਰਟੀਆਂ ਦਰਮਿਆਨ ਪਿਛਲੇ ਕਈ ਦਿਨਾਂ ਤੋਂ ਸੀਟਾਂ ਦੀ ਵੰਡ ਨੂੰ ਲੈ ਕੇ ਰੇੜਕਾ ਚੱਲ ਰਿਹਾ ਸੀ ਅਤੇ ਕੋਈ ਵੀ ਧਿਰ ਘੱਟ ਸੀਟਾਂ ਲੈਣ ਲਈ ਨਹੀਂ ਮੰਨ ਰਹੀ ਸੀ। ਸੀਨੀਅਰ ਕਾਂਗਰਸ ਆਗੂ ਅਹਿਮਦ ਪਟੇਲ ਨੇ ਪਹਿਲਾਂ ਟਵੀਟ ਕਰ ਕੇ ਦੱਸਿਆ ਸੀ ਕਿ ਅਖਿਲੇਸ਼, ਪ੍ਰਿਅੰਕਾ ਗਾਂਧੀ ਅਤੇ ਹੋਰ ਆਗੂਆਂ ਦਰਮਿਆਨ ਸੀਟਾਂ ਸਬੰਧੀ ਵਿਚਾਰ ਵਟਾਂਦਰਾ ਹੋ ਰਿਹਾ ਹੈ। ਆਰਜੇਡੀ ਪ੍ਰਧਾਨ ਲਾਲੂ ਪ੍ਰਸਾਦ ਅਤੇ ਤ੍ਰਿਣਮੂਲ ਕਾਂਗਰਸ ਮੁਖੀ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸਮਝੌਤਾ ਹੋਣ ’ਤੇ ਆਸ ਜਤਾਈ ਹੈ ਕਿ ਸੂਬੇ ’ਚ ਫਿਰਕੂ ਤਾਕਤਾਂ ਨੂੰ ਹਾਰ ਮਿਲੇਗੀ।
ਸਮਾਜਵਾਦੀ ਪਾਰਟੀ ਵੱਲੋਂ ਚੋਣ ਮਨੋਰਥ ਪੱਤਰ ਜਾਰੀ: ਸਮਾਜਵਾਦੀ ਪਾਰਟੀ ਨੇ ਉੱਤਰ ਪ੍ਰਦੇਸ਼ ਦੇ ਚੌਤਰਫ਼ਾ ਵਿਕਾਸ ਲਈ ਚੋਣ ਮਨੋਰਥ ਪੱਤਰ ’ਚ ਕਈ ਯੋਜਨਾਵਾਂ ਦੇ ਵਾਅਦੇ ਕੀਤੇ ਹਨ। ‘ਕਾਮ ਬੋਲਤਾ ਹੈ’ ਦੇ ਨਾਅਰੇ ਹੇਠ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਪਾਰਟੀ ਪ੍ਰਧਾਨ ਦੀ ਹੈਸੀਅਤ ਵਜੋਂ ਚੋਣ ਮਨੋਰਥ ਪੱਤਰ ਜਾਰੀ ਕੀਤਾ। ਮੈਨੀਫੈਸਟੋ ’ਚ ਲੈਪਟਾਪ ਵੰਡਣ, ਕੰਨਿਆ ਵਿਦਿਆ ਧਨ, ਸਮਾਜਵਾਦੀ ਪੈਨਸ਼ਨ, ਪੂਰਵਾਂਚਲ ਐਕਸਪ੍ਰੈਸਵੇਅ ਬਣਾਉਣ ਅਤੇ ਜਨੇਸ਼ਵਰ ਮਿਸ਼ਰਾ ਆਦਰਸ਼ ਪਿੰਡ ਸਥਾਪਤ ਕੀਤੇ ਜਾਣ ਦੇ ਵਾਅਦੇ ਕੀਤੇ ਗਏ ਹਨ। ਪ੍ਰੈਸ ਕਾਨਫਰੰਸ ਖ਼ਤਮ ਹੋਣ ਤਕ ਪਾਰਟੀ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਅਤੇ ਸ਼ਿਵਪਾਲ ਯਾਦਵ ਉਥੇ ਹਾਜ਼ਰ ਨਹੀਂ ਸਨ ਪਰ ਜਿਵੇਂ ਹੀ ਪ੍ਰੈਸ ਕਾਨਫਰੰਸ ਖ਼ਤਮ ਹੋਈ ਤਾਂ ਮੁਲਾਇਮ ਯਾਦਵ ਉਥੇ ਪਹੁੰਚ ਗਏ ਅਤੇ ਪਾਰਟੀ ਹੈੱਡਕੁਆਰਟਰ ਦੇ ਰਾਹ ’ਚ ਟਰੈਫਿਕ ਜਾਮ ਲੱਗਾ ਹੋਣ ਕਰ ਕੇ ਦੇਰੀ ਨਾਲ ਪਹੁੰਚਣ ਦੀ ਦਲੀਲ ਦਿੱਤੀ। ਬਾਅਦ ’ਚ ਮੁਲਾਇਮ, ਅਖਿਲੇਸ਼ ਅਤੇ ਉਨ੍ਹਾਂ ਦੀ ਪਤਨੀ ਡਿੰਪਲ, ਜੋ ਪਿਤਾ ਦੇ ਪਹੁੰਚਣ ਦੀ ਖ਼ਬਰ ਸੁਣ ਕੇ ਪਾਰਟੀ ਦਫ਼ਤਰ ਪਰਤ ਆਏ, ਨੇ ਬੰਦ ਕਮਰੇ ’ਚ ਕੁਝ ਖ਼ਾਸ ਵਿਚਾਰ ਵਟਾਂਦਰਾ ਕੀਤਾ। ਦੱਸਿਆ ਜਾਂਦਾ ਹੈ ਕਿ ਆਜ਼ਮ ਖ਼ਾਨ ਹੀ ਮੁਲਾਇਮ ਯਾਦਵ ਨੂੰ ਪਾਰਟੀ ਦਫ਼ਤਰ ਲੈ ਕੇ ਪਹੁੰਚੇ ਸਨ।
ਅਖਿਲੇਸ਼-ਮਾਇਆਵਤੀ ਮਿਹਣੋਂ ਮਿਹਣੀ: ਅਖਿਲੇਸ਼ ਯਾਦਵ ਨੇ ਬਸਪਾ ’ਤੇ ਵਰ੍ਹਦਿਆਂ ਕਿਹਾ ਕਿ ਪਹਿਲਾਂ ਬਣੀ ਸਰਕਾਰ ‘ਪੱਥਰਾਂ ਵਾਲੀ ਸਰਕਾਰ’ ਸੀ। ਉਨ੍ਹਾਂ ਕਿਹਾ ਕਿ ਉਸ ਸਰਕਾਰ ਨੇ ਸਿਰਫ਼ ਹਾਥੀਆਂ ਦੇ ਬੁੱਤ ਹੀ ਲਾਉਣ ਦਾ ਕੰਮ ਕੀਤਾ ਅਤੇ ਹੁਣ ਵੀ ਜੇਕਰ ਉਨ੍ਹਾਂ ਦੀ ਸਰਕਾਰ ਬਣੀ ਤਾਂ ਸੂਬੇ ’ਚ ਵੱਡੇ ਵੱਡੇ ਹਾਥੀਆਂ ਦੇ ਬੁੱਤ ਲਾ ਦਿੱਤੇ ਜਾਣਗੇ। ਉਧਰ ਬਸਪਾ ਮੁਖੀ ਮਾਇਆਵਤੀ ਨੇ ਸਮਾਜਵਾਦੀ ਪਾਰਟੀ ਦੇ ਮੈਨੀਫੈਸਟੋ ਨੂੰ ਰਸਮੀ ਅਤੇ ਪ੍ਰਚਾਰ ਸ਼ੋਸ਼ਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਸੂਬੇ ਲਈ ਕੁਝ ਵੀ ਨਹੀਂ ਕੀਤਾ।
ਕਾਂਗਰਸ ਵੱਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ
ਨਵੀਂ ਦਿੱਲੀ: ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਸਮਾਜਵਾਦੀ ਪਾਰਟੀ ਨਾਲ ਹੋਏ ਸਮਝੌਤੇ ਤੋਂ ਬਾਅਦ ਅੱਜ ਕਾਂਗਰਸ ਨੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਦਿਆਂ 41 ਉਮੀਦਵਾਰਾਂ ਦਾ ਅੈਲਾਨ ਕਰ ਦਿੱਤਾ ਹੈ। ਕਾਂਗਰਸ ਦੀ ਪਹਿਲੀ ਸੂਚੀ ਵਿੱਚ ਸਾਬਕਾ ਕੇਂਦਰੀ ਮੰਤਰੀ ਜਤਿਨ ਪ੍ਰਸਾਦ ਅਤੇ ਵਿਵਾਦਗ੍ਰਸਤ ਆਗੂ ਇਮਰਾਨ ਮਸੂਦ ਦੇ ਨਾਂ ਸ਼ਾਮਲ ਹਨ। ਕਾਂਗਰਸ ਨਾਲ ਹੋਏ ਸਮਝੌਤੇ ਤੋਂ ਬਾਅਦ ਸਮਾਜਵਾਦੀ ਪਾਰਟੀ ਦੇ ਉਭਾਰ ਦੀ ੳੁਮੀਦ ਪੈਦਾ ਹੋ ਗਈ ਹੈ।
There are no comments at the moment, do you want to add one?
Write a comment