ਯੂ.ਕੇ. ਦੀ ਅਦਾਲਤ ਵੱਲੋਂ ਪੰਜਾਬੀ ਮੂਲ ਦੇ ਵਿਅਕਤੀ ਨੂੰ ਅਣਮਿੱਥੇ ਸਮੇਂ ਲਈ ਪਾਗਲਖਾਨੇ ਭੇਜਣ ਦੇ ਹੁਕਮ

93
Share

ਲੰਡਨ, 16 ਦਸੰਬਰ (ਪੰਜਾਬ ਮੇਲ)- ਪੱਛਮੀ ਲੰਡਨ ਦੀ ਇੱਕ ਗਲੀ ‘ਚ 69 ਸਾਲਾ ਬਿਲਡਰ ਨੂੰ ਚਾਕੂ ਮਾਰਨ ਦੇ ਮਾਮਲੇ ਵਿਚ ਦੋਸ਼ੀ ਪਾਏ ਗਏ ਪੰਜਾਬੀ ਮੂਲ ਦੇ ਇੱਕ ਵਿਅਕਤੀ ਨੂੰ ਯੂ.ਕੇ. ਦੀ ਇੱਕ ਅਦਾਲਤ ਨੇ ਅਣਮਿੱਥੇ ਸਮੇਂ ਲਈ ਪਾਗਲਖਾਨੇ ਭੇਜਣ ਦੇ ਹੁਕਮ ਜਾਰੀ ਕੀਤੇ ਹਨ। ਪਿਛਲੇ ਸਾਲ ਗੁਰਜੀਤ ਸਿੰਘ ਲੱਲ (36) ਨਾਂ ਦੇ ਵਿਅਕਤੀ ਵੱਲੋਂ ਸਾਊਥਾਲ ਦੀ ਇੱਕ ਗਲੀ ਵਿਚ ਥੁੱਕਣ ਮਗਰੋਂ ਉਸ ਦੀ ਐਲਨ ਨਾਂ ਦੇ ਵਿਅਕਤੀ ਨਾਲ ਤਕਰਾਰ ਹੋ ਗਈ ਸੀ ਤੇ ਲੱਲ ਨੇ ਐਲਨ ਇਸੀਚੇਈ ਨੂੰ ਚਾਕੂ ਮਾਰ ਦਿੱਤਾ ਸੀ। ਅਕਤੂਬਰ ਵਿਚ ਲੰਡਨ ਦੀ ਇੱਕ ਅਦਾਲਤ ਨੇ ਮਾਨਵ ਹੱਤਿਆ ਦੇ ਦੋਸ਼ ਹੇਠ ਉਸ ਨੂੰ ਦੋਸ਼ੀ ਕਰਾਰ ਦਿੱਤਾ ਸੀ। ਬੀਤੇ ਦਿਨੀਂ ਅਦਾਲਤ ਨੇ ਯੂ.ਕੇ. ਦੇ ਮਾਨਸਿਕ ਸਿਹਤ ਐਕਟ 1983 ਦੀ ਧਾਰਾ 37 ਤਹਿਤ ਉਸ ਨੂੰ ਅਣਮਿੱਥੇ ਸਮੇਂ ਲਈ ਪਾਗਲਖਾਨੇ ਭੇਜਣ ਦੇ ਹੁਕਮ ਜਾਰੀ ਕੀਤੇ ਹਨ। ਲੱਲ ਨੂੰ ਹੁਣ ਹਸਪਤਾਲ ‘ਚ ਨਜ਼ਰਬੰਦ ਰੱਖਿਆ ਜਾਵੇਗਾ। ਉਹ ਕੇਸ ਦੀ ਸੁਣਵਾਈ ਦੌਰਾਨ ਵੀ ਹਾਜ਼ਰ ਨਹੀਂ ਹੋਇਆ।


Share