ਯੂ.ਕੇ. ’ਚ ਮਨੁੱਖੀ ਤਸਕਰੀ ਕਰਨ ਵਾਲਿਆਂ ਨੂੰ ਸੁਣਾਈ ਜਾ ਸਕਦੀ ਹੈ ਉਮਰ ਕੈਦ ਦੀ ਸਜ਼ਾ

106
Share

ਲੰਡਨ, 2 ਮਾਰਚ (ਪੰਜਾਬ ਮੇਲ)- ਯੂ.ਕੇ. ’ਚ ਚੈਨਲ ਨੂੰ ਪਾਰ ਕਰਕੇ ਆਉਣ ਵਾਲੇ ਪ੍ਰਵਾਸੀਆਂ ਨੂੰ ਰੋਕਣ ਦੀ ਕੋਸ਼ਿਸ਼ ’ਚ ਜੁਰਮਾਨੇ ਵਧਾਉਣ ਦੀ ਯੋਜਨਾ ਤਹਿਤ ਮਨੁੱਖੀ ਤਸਕਰੀ ਕਰਨ ਵਾਲਿਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਹੈ। ਯੂ.ਕੇ. ਵਿਚ ਮੌਜੂਦਾ ਸਮੇਂ ਤਸਕਰੀ ਕਰਨ ਵਾਲੇ ਲੋਕਾਂ ਲਈ ਸਭ ਤੋਂ ਵੱਧ ਸਜ਼ਾ 14 ਸਾਲ ਦੀ ਕੈਦ ਹੈ ਅਤੇ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਅਨੁਸਾਰ ਇਸ ਸੰਬੰਧੀ ਸਿਰਫ ਤਿੰਨ ਸਾਲ ਦੀ ਸਜ਼ਾ ਹੀ ਮਿਲਦੀ ਹੈ, ਜਿਸ ਕਾਰਨ ਉਹ ਜੇਲ੍ਹ ਦੀ ਮਿਆਦ ਵਧਾਉਣੀ ਚਾਹੁੰਦੀ ਹੈ।¿;
ਗ੍ਰਹਿ ਦਫਤਰ ਨੇ ਜਾਣਕਾਰੀ ਦਿੱਤੀ ਕਿ ਇਸ ਮਾਮਲੇ ਦੇ ਸੰਬੰਧ ਵਿਚ ਮੰਤਰੀਆਂ ਦੁਆਰਾ ਆਉਣ ਵਾਲੇ ਹਫ਼ਤਿਆਂ ’ਚ ਹੋਰ ਵੇਰਵੇ ਦਿੱਤੇ ਜਾਣਗੇ। ਇਸ ਗੈਰ ਕਾਨੂੰਨੀ ਤਸਕਰੀ ਸੰਬੰਧੀ ਵਿਭਾਗ ਦੇ ਇੱਕ ਬੁਲਾਰੇ ਅਨੁਸਾਰ ਕਈ ਅਪਰਾਧਿਕ ਗਿਰੋਹ ਆਪਣੇ ਫਾਇਦੇ ਲਈ ਜਾਨਾਂ ਨੂੰ ਖ਼ਤਰੇ ’ਚ ਪਾਉਂਦੇ ਰਹਿੰਦੇ ਹਨ ਅਤੇ ਗ੍ਰਹਿ ਵਿਭਾਗ ਲੋਕਾਂ ਦੇ ਸ਼ੋਸ਼ਣ ਨੂੰ ਰੋਕਣ ਲਈ ਹਰ ਵਿਕਲਪ ’ਤੇ ਵਿਚਾਰ ਕਰ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ਼ਨੀਵਾਰ ਦੇ ਦਿਨ ਚਾਰ ਛੋਟੀਆਂ ਕਿਸ਼ਤੀਆਂ ’ਚ 87 ਲੋਕ ਖਤਰਨਾਕ ਯਾਤਰਾ ਕਰਨ ਤੋਂ ਬਾਅਦ ਡੋਵਰ ਪਹੁੰਚੇ ਹਨ, ਜਿਨ੍ਹਾਂ ਦਾ ਕੋਰੋਨਾ ਟੈਸਟ ਕਰਨ ’ਤੇ ਇੱਕ ਪ੍ਰਵਾਸੀ ਦਾ ਸਕਾਰਾਤਮਕ ਨਤੀਜਾ ਮਿਲਿਆ ਹੈ। ਇਸ ਸਾਲ 531 ਲੋਕਾਂ ਨੇ ਇਸ ਚੈਨਲ ਨੂੰ ਪਾਰ ਕੀਤਾ ਹੈ, ਜੋ 2020 ’ਚ ਇਸੇ ਸਮੇਂ ਦੀ ਮਿਆਦ ਨਾਲੋਂ 40% ਵੱਧ ਹੈ, ਜਦਕਿ ਪਿਛਲੇ ਸਾਲ ਵਿਚ 8,417 ਲੋਕ ਚੈਨਲ ਪਾਰ ਕਰਕੇ ਬਰਤਾਨੀਆ ਪਹੁੰਚੇ ਸਨ।

Share