ਯੂ.ਕੇ. ‘ਚ ਗੈਰਕਾਨੂੰਨੀ ਪ੍ਰਵਾਸੀਆਂ ਦੀ ਤਸਕਰੀ ਕਰਨ ਦੋਸ਼ ਹੇਠ ਟਰੱਕ ਡਰਾਈਵਰ ਗ੍ਰਿਫ਼ਤਾਰ

70
Share

ਲੰਡਨ, 2 ਅਕਤੂਬਰ (ਪੰਜਾਬ ਮੇਲ)- ਇੱਕ ਟਰੱਕ ਚਾਲਕ ਨੂੰ ਕੁੱਝ ਗ਼ੈਰਕਾਨੂੰਨੀ ਪ੍ਰਵਾਸੀਆਂ ਦੀ ਤਸਕਰੀ ਕਰਨ ਲਈ ਡੋਵਰ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਟਰੱਕ ਵਿਚ ਅਧਿਕਾਰੀਆਂ ਨੇ ਚਾਰ ਬਾਲਗ ਪ੍ਰਵਾਸੀ ਵਿਅਕਤੀ ਬਰਾਮਦ ਕੀਤੇ ਜਿਨ੍ਹਾਂ ਵਿਚ ਦੋ ਬੰਗਲਾਦੇਸ਼ ਦੇ, ਇੱਕ ਭਾਰਤੀ ਅਤੇ ਇੱਕ ਮਿਸਰ ਨਾਲ ਸੰਬੰਧਿਤ ਹੈ। ਇਹ ਸਾਰੇ ਆਦਮੀ ਟਰੱਕ ਦੇ ਪਿਛਲੇ ਪਾਸੇ ਬੈਠ ਕੇ ਦੇਸ਼ ਛੱਡਣ ਦੀ ਕੋਸ਼ਿਸ਼ ਕਰ ਰਹੇ ਸਨ।
ਇਸ ਵਾਹਨ ਨੂੰ 1 ਅਕਤੂਬਰ, 2020 ਨੂੰ ਦੁਪਹਿਰ 1.30 ਵਜੇ ਡੋਵਰ ਬੰਦਰਗਾਹ ਦੇ ਬਾਹਰ ਨੈਸ਼ਨਲ ਕ੍ਰਾਈਮ ਏਜੰਸੀ ਦੇ ਅਧਿਕਾਰੀਆਂ ਦੁਆਰਾ ਪੁਲਿਸ ਦੀ ਸਹਾਇਤਾ ਦੁਆਰਾ ਰੋਕਿਆ ਗਿਆ। ਇਸ ਮਾਮਲੇ ਦੇ ਜਾਂਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਪ੍ਰਵਾਸੀ ਗ਼ੈਰਕਾਨੂੰਨੀ ਢੰਗ ਨਾਲ ਯੂ.ਕੇ. ਆਏ ਸਨ ਅਤੇ ਹੁਣ ਯੂ.ਕੇ. ਤੋਂ ਬਾਹਰ ਜਾਣ ਲਈ ਕੋਸ਼ਿਸ਼ ਕਰ ਰਹੇ ਸਨ। ਇਸ ਸੰਬੰਧ ਵਿਚ ਇਮੀਗ੍ਰੇਸ਼ਨ ਅਧਿਕਾਰੀਆਂ ਦੁਆਰਾ ਉਨ੍ਹਾਂ ਤੋਂ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ। ਇਸ ਟਰੱਕ ਦਾ ਡਰਾਈਵਰ ਇੱਕ 37 ਸਾਲਾ ਰੋਮਾਨੀਆ ਦਾ ਨਾਗਰਿਕ ਹੈ, ਜਿਸ ਨੂੰ ਗੈਰ ਕਾਨੂੰਨੀ ਇਮੀਗ੍ਰੇਸ਼ਨ ਦੀ ਮਦਦ ਦੇਣ ਦੀ ਕੋਸ਼ਿਸ਼ ਦੇ ਸ਼ੱਕ ‘ਚ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਵਾਹਨ ਨੂੰ ਕਿਸ਼ਤੀ ਦੁਆਰਾ ਕੈਲੈਸ ਤੋਂ ਚੈਨਲ ਨੂੰ ਪਾਰ ਕਰਨ ਲਈ ਬੁੱਕ ਕੀਤਾ ਗਿਆ ਸੀ। ਇਸ ਸਾਰੇ ਮਾਮਲੇ ਦੀ ਪੜਤਾਲ ਅਜੇ ਪੁਲਿਸ ਦੁਆਰਾ ਜਾਰੀ ਹੈ।


Share