ਯੂ.ਏ.ਈ. ‘ਚ ਫ਼ਸੇ ਬੇਵੱਸ ਲੋਕਾਂ ਲਈ ਮਸੀਹਾ ਸਾਬਤ ਹੋਏ ਡਾ. ਐੱਸ.ਪੀ. ਸਿੰਘ ਓਬਰਾਏ

476
 ਹਵਾਈ ਅੱਡੇ 'ਤੇ ਡਾ. ਐੱਸ.ਪੀ.ਸਿੰਘ ਉਬਰਾਏ ਦਾ ਧੰਨਵਾਦ ਕਰਦੇ ਹੋਏ ਵਾਪਸ ਪੰਜਾਬ ਪਰਤਣ ਵਾਲੇ ਲੋਕ।
Share

179 ਲੋਕਾਂ ਨੂੰ ਲੈ ਕੇ ਚੌਥੀ ਚਾਰਟਰਡ ਉਡਾਣ ਚੰਡੀਗੜ੍ਹ ਪਹੁੰਚੀ
ਜ਼ਰੂਰਤ ਅਨੁਸਾਰ ਹੋਰ ਚਾਰਟਡ ਉਡਾਣਾ ਦਾ ਕਰਾਂਗੇ ਪ੍ਰਬੰਧ : ਡਾ.ਓਬਰਾਏ
ਮੋਹਾਲੀ/ਚੰਡੀਗੜ੍ਹ, 6 ਅਗਸਤ (ਪੰਜਾਬ ਮੇਲ)- ਅਰਬ ਦੇਸ਼ਾਂ ‘ਚੋਂ ਸੈਂਕੜੇ ਮਾਵਾਂ ਦੇ ਪੁੱਤਾਂ ਨੂੰ ਮੌਤ ਦੇ ਮੂੰਹ ਵਿਚੋਂ ਬਚਾ ਕੇ ਹਜ਼ਾਰਾਂ ਘਰ ਉਜੜਨ ਤੋਂ ਬਚਾਉਣ ਵਾਲੇ ਦੁਬਈ ਦੇ ਵੱਡੇ ਦਿਲ ਵਾਲੇ ਕਾਰੋਬਾਰੀ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੋਢੀ ਡਾ.ਐੱਸ.ਪੀ.ਸਿੰਘ ਓਬਰਾਏ ਨੇ ਇੱਕ ਵਾਰ ਫਿਰ ਯੂ.ਏ.ਈ.ਅੰਦਰ ਫਸੇ ਹਜ਼ਾਰਾਂ ਭਾਰਤੀਆਂ ‘ਚੋਂ 179 ਲੋਕਾਂ ਨੂੰ ਚੌਥੇ ਵਿਸ਼ੇਸ਼ ਸਾਲਮ (ਚਾਰਟਰਡ) ਜਹਾਜ਼ ਰਾਹੀਂ ਵਤਨ ਲਿਆ ਕੇ ਇੱਕ ਨਿਵੇਕਲੀ ਮਿਸਾਲ ਪੇਸ਼ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ.ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਕਾਰਨ ਅਰਬ ਦੇਸ਼ਾਂ ਅੰਦਰ ਹਜ਼ਾਰਾਂ ਹੀ ਅਜਿਹੇ ਭਾਰਤੀ ਫਸੇ ਹੋਏ ਹਨ ਜੋ ਆਪਣੇ ਦੇਸ਼ ਆਉਣ ਲਈ ਤਰਲੋਮੱਛੀ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਉੱਥੇ ਫਸੇ ਲੋਕ ਚਾਰ ਵੱਖ-ਵੱਖ ਵਰਗਾਂ ਨਾਲ ਸਬੰਧਤ ਹਨ ਅਤੇ ਉਹ ਵਰਗ ਜੋ ਸਭ ਤੋੰ ਵੱਧ ਗਿਣਤੀ ਭਾਵ ਹਜ਼ਾਰਾਂ ‘ਚ ਹੈ,ਉਹ ਅਜਿਹੇ ਕਾਮੇ ਹਨ ਜੋ ਕਰੋਨਾ ਮਹਾਂਮਾਰੀ ਦੌਰਾਨ ਕੰਪਨੀਆਂ ਬੰਦ ਹੋਣ ਕਾਰਨ ਸੜਕਾਂ ‘ਤੇ ਆ ਚੁੱਕੇ ਹਨ ਉਨ੍ਹਾਂ ਦੀ ਹਾਲਤ ਇੰਨੀ ਖ਼ਰਾਬ ਹੈ ਕਿ ਉਹ ਦੋ ਵਕਤ ਦੀ ਰੋਟੀ ਨੂੰ ਵੀ ਤਰਸ ਰਹੇ ਹਨ। ਉਨ੍ਹਾਂ ਦੱਸਿਆ ਕਿ ਦੁਬਈ ਅੰਦਰ ਉਨ੍ਹਾਂ ਦੀਆਂ ਨਿੱਜੀ ਰਿਹਾਇਸ਼ੀ ਪਨਾਹਗਾਹਾਂ ਅੰਦਰ ਜਿੰਨੀ ਜਗ੍ਹਾ ਖਾਲੀ ਸੀ,ਉਨ੍ਹਾਂ ਅੰਦਰ ਤਾਂ ਉਹ ਸੈੰਕੜੇ ਬੇਰੁਜ਼ਗਾਰ ਕਾਮਿਆਂ ਨੂੰ ਆਪਣੇ ਪੱਧਰ ‘ਤੇ ਮੁਫ਼ਤ ਰਿਹਾਇਸ਼ ਤੇ ਖਾਣਾ ਦੇ ਰਹੇ ਹਨ ਪਰ ਸਭ ਨੂੰ ਉੱਥੇ ਰੱਖਣਾ ਅਸੰਭਵ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬੇਸ਼ੱਕ ਜੂਹੀ ਯੂ.ਏ.ਈ. ਤੋਂ ਭਾਰਤ ਆਉਣ ਲਈ ਜਿਸਟਰਡ ਹੋਏ ਲੋਕਾਂ ਨੂੰ ਵਿਸ਼ੇਸ਼ ਜਹਾਜ਼ਾਂ ਰਾਹੀਂ ਵਾਪਸ ਲਿਆਂਦਾ ਜਾ ਰਿਹਾ ਹੈ ਪਰ ਸੀਮਿਤ ਉਡਾਣਾਂ ਹੋਣ ਕਾਰਨ ਬਹੁਤ ਸਮਾਂ ਲੱਗ ਰਿਹਾ ਹੈ,ਜਿਸ ਕਾਰਨ ਦਿਨ ਬਦਿਨ ਉੱਥੇ ਬੇਰੁਜ਼ਗਾਰ ਹੋਏ ਲੋਕਾਂ ਦੀ ਹਾਲਤ ਖ਼ਰਾਬ ਹੁੰਦੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਤਹਿਤ ਉਨ੍ਹਾਂ ਵੱਲੋਂ ਬੁੱਕ ਕਰਵਾਈਆਂ 4 ਵਿਸ਼ੇਸ਼ ਉਡਾਣਾਂ ‘ਚੋਂ  ਪਹਿਲੀ ਸਾਲਮ ਚਾਰਟਡ  ਉਡਾਣ ਜੋ 7 ਜੁਲਾਈ ਨੂੰ ਰਾਸ ਅਲ ਖੇਮਾ (ਯੂ.ਏ.ਈ.) ਹਵਾਈ ਅੱਡੇ ਤੋਂ ਚੰਡੀਗੜ੍ਹ ਏਅਰਪੋਰਟ ਤੇ ਪਹੁੰਚੀ ਸੀ,ਉਸ ਰਾਹੀਂ 177 ਪੰਜਾਬੀਆਂ ਨੂੰ ਵਾਪਸ ਲਿਆਂਦਾ ਸੀ। ਦੂਜੀ ਵਿਸ਼ੇਸ਼ ਸਾਲਮ ਉਡਾਣ ਵੀ ਰਾਸ ਅਲ ਖੇਮਾ ਹਵਾਈ ਅੱਡੇ ਤੋਂ ਚੱਲ ਕੇ 174 ਫਸੇ ਹੋਏ ਪੰਜਾਬ ਤੇ ਹਰਿਆਣਾ ਨਾਲ ਸਬੰਧਿਤ ਲੋਕਾਂ ਨੂੰ ਲੈ ਕੇ 13 ਜੁਲਾਈ ਨੂੰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਹਵਾਈ ਅੱਡੇ ਵਿਖੇ ਪਹੁੰਚੀ ਸੀ ਅਤੇ 22 ਜੁਲਾਈ ਨੂੰ  ਫ਼ਿਰ 177 ਲੋਕਾਂ ਲੈ ਕੇ ਤੀਜੀ ਉਡਾਣ ਚੰਡੀਗੜ੍ਹ ਪਹੁੰਚੀ ਸੀ ਜਦ ਕਿ ਅੱਜ ਮੁੜ ਉੱਥੇ ਫਸੇ 179 ਲੋਕਾਂ ਨੂੰ ਲੈ ਕੇ ਚੌਥੀ ਸਾਲਮ (ਚਾਰਟਰਡ) ਉਡਾਣ ਚੰਡੀਗੜ੍ਹ ਵਿਖੇ ਪਹੁੰਚੀ ਹੈ,ਜਿਸ ‘ਚ 6 ਜਾਣੇ ਹਰਿਆਣੇ ਦੇ 8 ਹਿਮਾਚਲ ਦੇ ਜਦ ਕਿ ਬਾਕੀ ਸਾਰੇ ਪੰਜਾਬ ਨਾਲ ਸਬੰਧਿਤ ਹਨ। ਡਾ.ਓਬਰਾਏ ਨੇ ਦੱਸਿਆ ਕਿ ਵਾਪਿਸ ਪਰਤਣ ਵਾਲਿਆਂ ‘ਚੋਂ ਕੁਝ ਨੇ ਖੁਦ ਟਿਕਟ ਦੇ ਪੈਸੇ ਦਿੱਤੇ, ਕੁੱਝ ਨੇ 30 ਤੋਂ 50 ਫੀਸਦੀ ਪੈਸੇ ਦਿੱਤੇ ਹਨ ਪਰ ਬਹੁਗਿਣਤੀ ਉਨ੍ਹਾਂ ਲੋਕਾਂ ਦੀ ਹੈ ਜਿਨ੍ਹਾਂ ਦੀ ਟਿਕਟ ਦਾ ਸਾਰਾ ਖ਼ਰਚ ਟਰੱਸਟ ਵੱਲੋਂ ਕੀਤਾ ਗਿਆ ਹੈ। ਜਦ ਕਿ ਆਉਣ ਵਾਲੇ ਸਾਰੇ ਲੋਕਾਂ ਦਾ ਕਰੋਨਾ ਟੈਸਟ ਕਰਵਾਉਣ ਦਾ ਖ਼ਰਚਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਅੱਜ ਚੰਡੀਗੜ੍ਹ ਪਹੁੰਚੇ ਕੁਝ ਵਿਅਕਤੀਆਂ ਕੋਲ ਆਪੋ-ਆਪਣੇ ਘਰ ਜਾਣ ਲਈ ਪੈਸੇ ਵੀ ਨਹੀਂ ਸਨ,ਉਨ੍ਹਾਂ ਨੂੰ ਟਰੱਸਟ ਵੱਲੋਂ ਖਰਚ ਦਿੱਤਾ ਗਿਆ ਹੈ।
ਡਾ.ਓਬਰਾਏ ਨੇ ਦੱਸਿਆ ਕਿ ਉਨ੍ਹਾਂ ਦਾ ਮੁੱਖ ਮੰਤਵ ਉੱਥੇ ਫਸੇ ਬੇਰੁਜ਼ਗਾਰ ਤੇ ਬੇਵੱਸ ਲੋਕਾਂ ਨੂੰ ਮੁਫਤ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣਾ ਹੈ ਤਾਂ ਜੋ ਇਹ ਨੌਜਵਾਨ ਵਿਦੇਸ਼ ‘ਚ ਦਰ-ਦਰ ਦੀਆਂ ਠੋਕਰਾਂ ਖਾ ਕੇ ਖ਼ੁਦਕਸ਼ੀ ਦੇ ਰਾਹ ਨਾ ਪੈ ਜਾਣ ਜਾਂ ਮਜਬੂਰੀ ਵੱਸ ਕਿਤੇ ਅਪਰਾਧ ਦੀ ਦੁਨੀਆਂ ‘ਚ ਸ਼ਾਮਲ ਨਾ ਹੋ ਜਾਣ। ਇਸ ਲਈ ਹੀ ਉਹ ਖਾੜੀ ਮੁਲਕਾਂ ‘ਚੋਂ ਲਾਸ਼ਾਂ ਵਾਪਿਸ ਲਿਆਉਣ ਜਾਂ ਬਲੱਡ ਮਨੀ ਦੇ ਕੇ ਜੇਲ੍ਹਾਂ ‘ਚੋਂ ਛੁਡਵਾਉਣ ਦੀ ਬਜਾਏ ਇਹ ਖ਼ਰਚਾ ਕਰਕੇ ਜਿਉਂਦੇ ਜਾਗਦੇ ਨੌਜਵਾਨਾਂ ਨੂੰ ਵਾਪਸ ਵਤਨ ਲੈ ਕੇ ਆਉਣ ਲਈ ਯਤਨਸ਼ੀਲ ਹਨ।
ਜਿਕਰਯੋਗ ਹੈ ਕਿ ਡਾ.ਐੱਸ.ਪੀ. ਸਿੰਘ ਓਬਰਾਏ ਵੱਲੋਂ ਬੇਗ਼ਾਨੇ ਮੁਲਕ ‘ਚ ਫਸੇ ਲੋਕਾਂ ਦੀ ਵਤਨ-ਵਾਪਸੀ ਲਈ ਚੁੱਕੇ ਗਏ ਇਸ ਵੱਡੇ ਕਦਮ ਕਾਰਨ ਜਿੱਥੇ ਸਰਕਾਰਾਂ ਵੀ ਹੈਰਾਨ ਹਨ ਉੱਥੇ ਹੀ ਪੂਰੀ ਦੁਨੀਆ ਅੰਦਰ ਬੈਠਾ ਹਰੇਕ ਭਾਰਤੀ ਇਸ ਵੱਡੇ ਦਿਲ ਵਾਲੇ ਸਰਦਾਰ ‘ਤੇ ਮਾਣ ਮਹਿਸੂਸ ਕਰ ਰਿਹਾ ਹੈ।


Share