ਯੂਬਾ ਸਿਟੀ ਦੇ ਪੰਜਾਬੀ ਨੌਜਵਾਨ ਦੀ ਝੀਲ ‘ਚ ਡੁੱਬਣ ਕਾਰਨ ਮੌਤ

ਯੂਬਾ ਸਿਟੀ, 8 ਅਗਸਤ (ਪੰਜਾਬ ਮੇਲ)- ਯੂਬਾ ਸਿਟੀ ਦੇ 21 ਸਾਲਾ ਪੰਜਾਬੀ ਨੌਜਵਾਨ ਰਮਨੀਕ ਸਿੰਘ ਬੈਂਸ ਸਪੁੱਤਰ ਜਸਬੀਰ ਸਿੰਘ ਬੈਂਸ ਦੇ ਸਾਊਥ ਲੇਕ ਟਹਾਓ ਦੀ ਝੀਲ ਵਿਚ ਡੁੱਬ ਕੇ ਮਾਰੇ ਜਾਣ ਦਾ ਦਰਦਨਾਕ ਸਮਾਚਾਰ ਪ੍ਰਾਪਤ ਹੋਇਆ ਹੈ। ਰਮਣੀਕ ਸਿੰਘ ਆਪਣੇ ਸਾਥੀਆਂ ਨਾਲ 4 ਅਗਸਤ ਨੂੰ ਇਕ ਮੋਟਰ ਬੋਟ ਵਿਚ ਸਵਾਰ ਹੋ ਕੇ ਲੇਕ ਟਹਾਓ ਦੀ ਝੀਲ ਵਿਚ ਸਫਰ ਕਰ ਰਹੇ ਸਨ ਕਿ ਅਚਾਨਕ ਰਮਨੀਕ ਸਿੰਘ ਬੈਂਸ ਨੇ ਕਿਸ਼ਤੀ ਤੋਂ ਛਾਲ ਮਾਰ ਦਿੱਤੀ ਤੇ ਕੁੱਝ ਦੇਰ ਬਾਅਦ ਉਹ ਡੁੱਬ ਗਿਆ। ਉਸ ਦੇ ਸਾਥੀਆਂ ਵੱਲੋਂ ਬਣਾਈ ਗਈ ਵੀਡੀਓ ਕਾਫੀ ਵਾਇਰਲ ਹੋ ਚੁੱਕੀ ਹੈ। ਪੁਲਿਸ ਅਨੁਸਾਰ ਰਮਨੀਕ ਸਿੰਘ ਨੇ ਲਾਈਫ ਜੈਕਟ ਨਹੀਂ ਪਾਈ ਹੋਈ ਸੀ ਅਤੇ ਨਾ ਹੀ ਉਸ ਨੇ ਕਿਸੇ ਕਿਸਮ ਦਾ ਨਸ਼ਾ ਹੀ ਕੀਤਾ ਹੋਇਆ ਸੀ। ਪੁਲਿਸ ਮੁਤਾਬਕ ਝੀਲ ਦਾ ਪਾਣੀ ਕਾਫੀ ਜ਼ਿਆਦਾ ਠੰਡਾ ਸੀ, ਜਿਸ ਕਰਕੇ ਰਮਨੀਕ ਸਿੰਘ ਛਾਲ ਮਾਰਨ ਤੋਂ ਕੁੱਝ ਦੇਰ ਬਾਅਦ ਹੀ ਡੁੱਬ ਗਿਆ। ਯੂ.ਐੱਸ. ਕੋਸਟ ਗਾਰਡ ਅਤੇ ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਹੈਲੀਕਾਪਟਰ ਰਾਹੀਂ ਉਸ ਦੀ ਤਲਾਸ਼ ਕੀਤੀ ਗਈ ਅਤੇ ਅਗਲੇ ਦਿਨ ਉਸ ਦੀ ਲਾਸ਼ ਟਹਾਓ ਮਿਡੋਜ਼ ਅਤੇ ਲੇਕ ਸਾਈਟ ਮਰੀਨਾ ਤੋਂ ਬਰਾਮਦ ਹੋਈ। ਰਮਨੀਕ ਸਿੰਘ ਬੈਂਸ ਤਕਰੀਬਨ 4 ਸਾਲ ਪਹਿਲਾਂ ਹੀ ਪੰਜਾਬ ਤੋਂ ਆਪਣੇ ਪਰਿਵਾਰ ਨਾਲ ਅਮਰੀਕਾ ਆਇਆ ਸੀ। ਇਥੇ ਇਹ ਪਰਿਵਾਰ ਯੂਬਾ ਸਿਟੀ ਵਿਖੇ ਰਹਿ ਰਿਹਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵੇਲੇ ਉਹ ਮੈਕੇਨੀਕਲ ਇੰਜੀਨੀਅਰਿੰਗ ਦਾ ਵਿਦਿਆਰਥੀ ਸੀ।