ਯੂਬਾ ਸਿਟੀ ‘ਚ ਗੁਰਤਾਗੱਦੀ ਦਿਵਸ ਦੌਰਾਨ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ

ਯੂਬਾ ਸਿਟੀ, 6 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਕੈਲੀਫੋਰਨੀਆ ਦਾ ਛੋਟਾ ਜਿਹਾ ਸ਼ਹਿਰ ਯੂਬਾ ਸਿਟੀ, ਜਿਸ ਨੂੰ ਮਿੰਨੀ ਪੰਜਾਬ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਥੇ ਗੁਰਤਾਗੱਦੀ ਦੇ ਸੰਬੰਧ ‘ਚ ਕੱਢੇ ਜਾਂਦੇ ਵਿਸ਼ਾਲ ਨਗਰ ਕੀਰਤਨ ‘ਚ ਕਰੀਬ ਇਕ ਲੱਖ ਸੰਗਤਾਂ ਨੇ ਵੱਖ-ਵੱਖ ਧਾਰਮਿਕ ਸਮਾਗਮਾਂ ਦੌਰਾਨ ਸ਼ਮੂਲੀਅਤ ਕੀਤੀ। ਕਰੀਬ ਇਕ ਮਹੀਨੇ ਤੋਂ ਗੁਰਦੁਆਰਾ ਸਾਹਿਬ ਸਿੱਖ ਟੈਂਪਲ ਟਾਇਰ ਬਿਊਨਾ ਰੋਡ ‘ਤੇ ਧਾਰਮਿਕ ਸਮਾਗਮ ਲੜੀਵਾਰ ਚੱਲੇ ਤੇ ਆਖਿਰ ਨਗਰ ਕੀਰਤਨ ਨਾਲ ਸਮਾਪਤ ਹੋਏ। ਐਤਕੀਂ ਇਹ ਨਗਰ ਕੀਰਤਨ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਵਸ ਨੂੰ ਸਮਰਪਿਤ ਸੀ। ਇਸ ਵਾਰ ਵੀ ਸ੍ਰੀ ਅਖੰਡ ਪਾਠਾਂ ਦੀ ਲੜੀ 12 ਸਤੰਬਰ ਤੋਂ ਸ਼ੁਰੂ ਹੋਈ। ਵਿਸ਼ੇਸ਼ ਢਾਡੀ ਦਰਬਾਰ 12 ਅਕਤੂਬਰ ਨੂੰ ਕਰਵਾਇਆ ਗਿਆ। ਬੱਚਿਆਂ ਦਾ ਵਿਸ਼ੇਸ਼ ਕੀਰਤਨ ਦਰਬਾਰ 13 ਅਕਤੂਬਰ ਨੂੰ ਕਰਵਾਇਆ ਗਿਆ। ਇਸੇ ਲੜੀ ‘ਚ ਵਿਸ਼ੇਸ਼ ਕਵੀ ਦਰਬਾਰ 19 ਅਕਤੂਬਰ ਨੂੰ ਕਰਵਾਇਆ ਗਿਆ। ਇਸ ਗੁਰਦੁਆਰਾ ਸਾਹਿਬ ਦਾ 50ਵਾਂ ਸਥਾਪਨਾ ਦਿਵਸ ਵੀ 28 ਅਕਤੂਬਰ ਨੂੰ ਸੁਚੱਜੇ ਢੰਗ ਨਾਲ ਮਨਾਇਆ ਗਿਆ। ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਮੁੱਢਲੇ ਮੈਂਬਰਾਂ ਤੇ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ। ਬੰਦੀ ਛੋੜ ਦਿਵਸ 27 ਅਕੂਤਬਰ ਨੂੰ ਮਨਾਇਆ ਗਿਆ, ਜਿਸ ਦੌਰਾਨ ਵਿਸ਼ੇਸ਼ ਕੀਰਤਨ ਦਰਬਾਰ ਸਜਾਏ ਗਏ ਅਤੇ ਦੀਪਮਾਲਾ ਕੀਤੀ ਗਈ। ਇਨ੍ਹਾਂ ਸਮਾਗਮਾਂ ਦੀ ਖੂਬਸੂਰਤੀ ‘ਚ ਉਦੋਂ ਵਾਧਾ ਹੋਇਆ, ਜਦੋਂ 1 ਨਵੰਬਰ ਨੂੰ ਵੱਡੀ ਪੱਧਰ ‘ਤੇ ਆਤਿਸ਼ਬਾਜ਼ੀ ਹੋਈ, ਜਿਸ ਦਾ ਸਮੁੱਚੇ ਯੂਬਾ ਸਿਟੀ ਦੇ ਲੋਕਾਂ ਨੇ ਆਨੰਦ ਮਾਣਿਆ।
2 ਨਵੰਬਰ ਨੂੰ ਅੰਮ੍ਰਿਤ ਸੰਚਾਰ ਕਰਵਾਇਆ ਗਿਆ ਤੇ ਇਸੇ ਦਿਨ ਸਵੇਰ ਨੂੰ ਨਿਸ਼ਾਨ ਸਾਹਿਬ ਦੇ ਚੋਲੇ ਬਦਲੇ ਗਏ। ਇਸੇ ਲੜੀ ‘ਚ ਗੁਰਦੁਆਰਾ ਸਾਹਿਬ ਦੇ ਦਸ਼ਮੇਸ਼ ਹਾਲ ਵਿਚ ਇਕ ਭਰਵਾਂ ਸੈਮੀਨਾਰ ਡਾ. ਜਸਬੀਰ ਸਿੰਘ ਕੰਗ ਦੀ ਦੇਖ-ਰੇਖ ਵਿਚ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਡਾ. ਭੀਮ ਰਾਓ ਅੰਬੇਦਕਰ ਦੇ ਪੋਤੇ ਰਾਜ ਰਤਨਾ ਅੰਬੇਦਕਰ ਨੇ ਭਰਵੀਂ ਹਾਜ਼ਰੀ ਦਿੱਤੀ। ਉਨ੍ਹਾਂ ਨੇ ਸਿੱਖੀ ਸਿਧਾਂਤਾਂ ਤੇ ਜਾਤ-ਪਾਤ ਤੋਂ ਰਹਿਤ ਸਿੱਖੀ ਦੀ ਗੱਲ ਸਿੱਖ ਸੰਗਤਾਂ ਤੱਕ ਪਹੁੰਚਾਈ। 2 ਨਵੰਬਰ ਨੂੰ ਹੀ ਸੁੰਦਰ ਦਸਤਾਰ ਮੁਕਾਬਲੇ ਕਰਵਾਏ ਗਏ, ਜਿਸ ਵਿਚ ਨੌਜਵਾਨ ਪੀੜ੍ਹੀ ਨੇ ਭਰਪੂਰ ਯੋਗਦਾਨ ਪਾਇਆ। 2 ਨਵੰਬਰ ਨੂੰ ਸਾਰਾ ਦਿਨ ਭਾਰੀ ਦਿਵਾਨ ਸਜਾਏ ਗਏ, ਜਿਸ ਵਿਚ ਸਿੱਖ ਆਗੂਆਂ ਤੇ ਅਮਰੀਕਨ ਆਗੂਆਂ ਨੇ ਆਪਣੇ- ਆਪਣੇ ਵਿਚਾਰ ਰੱਖੇ। ਇਨ੍ਹਾਂ ਆਗੂਆਂ ਵਿਚ ਕਾਂਗਰਸਮੈਨ ਜੌਨ ਗੈਰਾਮੰਡੀ, ਜਿਮ ਵੈਟਕਰ ਕਾਊਂਟੀ ਸੁਪਰਵਾਈਜ਼ਰ, ਯੂਬਾ ਸਿਟੀ ਮੇਅਰ ਸ਼ੌਨ ਹੈਰਿਸ, ਮੈਨੀ ਕਾਰਡੋਜ਼ਾ ਵਾਇਸ ਮੇਅਰ, ਕਾਂਗਰਸਮੈਨ ਡੱਗ ਲੁਮਾਲਫਾ ਚੀਕੋ ਏਰੀਆ ਆਦਿ ਤੋਂ ਇਲਾਵਾ ਸਿੱਖ ਆਗੂਆਂ ਵਿਚ ਦਿਦਾਰ ਸਿੰਘ ਬੈਂਸ, ਡਾ. ਪ੍ਰਿਤਪਾਲ ਸਿੰਘ, ਜਸਵੰਤ ਸਿੰਘ ਹੋਠੀ, ਡਾ. ਅਮਰਜੀਤ ਸਿੰਘ, ਭਾਈ ਰੇਸ਼ਮ ਸਿੰਘ, ਜੌਹਨ ਸਿੰਘ ਗਿੱਲ, ਤੇਜਿੰਦਰ ਮਾਨ, ਗੁਰਨਾਮ ਸਿੰਘ ਪੰਮਾ, ਭਾਈ ਗੁਰਮੀਤ ਸਿੰਘ, ਭਾਈ ਹਰਦਿਆਲ ਸਿੰਘ, ਭਾਈ ਜਸਜੀਤ ਸਿੰਘ, ਭਾਈ ਜਸਦੇਵ ਸਿੰਘ, ਰਾਜਿੰਦਰ ਸਿੰਘ ਚੌਹਾਨ, ਪਾਕਿਸਤਾਨ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਜੇਵ ਭੱਟੀ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਸਵੰਤ ਸਿੰਘ ਬੈਂਸ, ਕਸ਼ਮੀਰੀ ਲੀਡਰ ਬੀਬੀ ਗੁੰਜਾਲਾ ਹਬੀਬਾ ਤੇ ਸੁਖਵਿੰਦਰ ਸਿੰਘ ਠਾਣਾ ਆਦਿ ਨੇ ਆਪਣੇ-ਆਪਣੇ ਵਿਚਾਰ ਰੱਖੇ। ਸਾਰੇ ਬੁਲਾਰਿਆਂ ਨੇ ਆਪਣੇ-ਆਪਣੇ ਢੰਗਾਂ ਰਾਹੀਂ ਸ਼ਾਮਲ ਸੰਗਤਾਂ ਨੂੰ ਮਤਭੇਦਾਂ ਤੋਂ ਉਪਰ ਉੱਠ ਕੇ ਸਿੱਖੀ ਸਿਧਾਂਤਾਂ ‘ਤੇ ਪਹਿਰਾ ਦੇਣ ਅਤੇ 550ਵੇਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ਨੂੰ ਸਫਲ ਬਣਾਉਣ ਦੀ ਅਪੀਲ ਕੀਤੀ। ਵੱਖ-ਵੱਖ ਬੁਲਾਰਿਆਂ ਨੇ ਸਿੱਖ ਸਿਧਾਂਤਾਂ ਉਪਰ ਬ੍ਰਾਹਮਣਵਾਦੀ ਸੋਚਾਂ ਦੇ ਪੈ ਰਹੇ ਪ੍ਰਭਾਵਾਂ ਤੋਂ ਸਿੱਖੀ ਨੂੰ ਮੁਕਤ ਕਰਵਾਉਣ ਦੀ ਗੱਲ ਆਖੀ। ਭਾਰਤ ਸਰਕਾਰ ਦੀ ਸਿੱਖ ਧਰਮ ਵਿਚ ਦਖਲਅੰਦਾਜ਼ੀ ਅਤੇ ਆਰ.ਐੱਸ.ਐੱਸ. ਦਾ ਹਿੰਦੂ ਸਿਧਾਂਤ ਦੂਸਰੇ ਧਰਮਾਂ ‘ਤੇ ਲਾਗੂ ਕਰਨਾ ਸਾਰੇ ਦੇਸ਼ ਦੀ ਇਕ ਬੋਲੀ ਤੇ ਕਸ਼ਮੀਰ ਵਿਚ ਕਸ਼ਮੀਰੀਆਂ ‘ਤੇ ਹੋ ਰਹੇ ਜ਼ੁਲਮਾਂ ਦਾ ਡੱਟ ਕੇ ਵਿਰੋਧ ਕੀਤਾ ਗਿਆ।
ਅਖੀਰਲੇ ਦਿਨ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਇਸ ਦਿਨ ਕਰੀਬ ਇਕ ਲੱਖ ਸ਼ਰਧਾਲੂਆਂ ਨੇ ਇਸ ਨਗਰ ਕੀਰਤਨ ਵਿਚ ਸ਼ਮੂਲੀਅਤ ਕੀਤੀ। ਸੰਗਤਾਂ ਉਪਰ ਹੈਲੀਕਾਪਟਰ ਵਿਚੋਂ ਤੇ ਹਰਮਨ ਥਿਆੜਾ ਤੇ ਥਿਆੜਾ ਪਰਿਵਾਰ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ। ਮੌਜੂਦਾ ਕਮੇਟੀ ਦੀ ਸੁਚੱਜੀ ਅਗਵਾਈ ਜਸਵੰਤ ਸਿੰਘ ਬੈਂਸ ਪ੍ਰਧਾਨ ਤੇ ਸਰਬਜੀਤ ਥਿਆੜਾ ਆਦਿ ਵੱਲੋਂ ਕੀਤੀ ਗਈ। ਇਸ ਮੌਕੇ ਸਕਿਓਰਿਟੀ ਦਾ ਐਨਾ ਜ਼ਿਆਦਾ ਪ੍ਰਬੰਧ ਸੀ ਕਿ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਤੇ ਫਲੋਟ ਦੇ ਨਾਲ-ਨਾਲ ਸ਼ੈਰਿਫ ਦੀਆਂ ਗੱਡੀਆਂ ਤੇ ਘੋੜ ਸਵਾਰ ਪੁਲਿਸ ਤੇ ਕੁੱਤਾ ਪੁਲਿਸ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਸੀ। ਇਸ ਵਾਰ ਵੀ ਵੱਖ-ਵੱਖ ਹੋਰ ਭਾਈਚਾਰਿਆਂ ਦੇ ਲੋਕ ਵੀ ਕਾਫੀ ਤਦਾਦ ਵਿਚ ਇਥੇ ਦੇਖੇ ਗਏ। ਲੋਕਾਂ ਨੇ ਦੇਸੀ ਤੇ ਧਾਰਮਿਕ ਬਾਜ਼ਾਰ ਵਿਚੋਂ ਭਰਪੂਰ ਖਰੀਦੋ-ਫਰਖੋਤ ਕੀਤੀ। ਨਗਰ ਕੀਰਤਨ ਵਿਚ ਸ਼ਾਮਲ ਹੋਣ ਵਾਲੀਆਂ ਸੰਗਤਾਂ ਕਰੀਬ ਚਾਰ-ਪੰਜ ਮੀਲ ਦੇ ਘੇਰੇ ਵਿਚ ਬਿਖਰੀਆਂ ਹੋਈਆਂ ਸਨ। ਵੱਖ-ਵੱਖ ਲੰਗਰਾਂ ਦਾ ਸੁਆਦ ਲੋਕਾਂ ਰੱਜ ਕੇ ਮਾਣਿਆ। ਨਗਰ ਕੀਰਤਨ ਵਿਖੇ ਸ਼ਾਮਲ ਫਲੋਟਾਂ ਵਿਚ ਮੇਨ ਫਲੋਟ ਤੋਂ ਇਲਾਵਾ ਦਰਬਾਰ ਸਾਹਿਬ, ਸਰਬੱਤ ਖਾਲਸਾ, ਯੂਨਾਈਟਿਡ ਸਿੱਖਸ, ਜੈਕਾਰਾ ਮੂਵਮੈਂਟ, ਸਿੱਖ ਧਰਮਾ ਨਾਰਦਨ ਕੈਲੀਫੋਰਨੀਆ, ਪੰਜਾਬੀ ਮਰਦਮਸ਼ੁਮਾਰੀ ਅਮਰੀਕਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਗੁਰਦੁਆਰਾ ਬਰਾਡਸ਼ਾਹ ਸੈਕਰਾਮੈਂਟੋ, ਸਿੱਖ ਫਾਰ ਜਸਟਿਸ ਦੀ ਮੁੱਖ ਸਟੇਜ ਵਿਸ਼ੇਸ਼ ਤੌਰ ‘ਤੇ ਸ਼ਾਮਲ ਸੀ। ਇਸ ਨਗਰ ਕੀਰਤਨ ਵਿਚ ਦੇਸੀ ਤੇ ਅੰਗਰੇਜ਼ੀ ਮੀਡੀਏ ਦੀ ਵੀ ਖਾਸ ਸ਼ਮੂਲੀਅਤ ਦੇਖੀ ਗਈ।