ਯੂਨਾਈਟਿਡ ਜਿਹਾਦ ਕੌਂਸਲ ਨੇ ਲਈ ਪਠਾਨਕੋਟ ਹਮਲੇ ਦੀ ਜ਼ਿੰਮੇਵਾਰੀ

ਨਵੀਂ ਦਿੱਲੀ, 4 ਜਨਵਰੀ (ਪੰਜਾਬ ਮੇਲ)- ਪਠਾਨਕੋਟ ‘ਚ ਹਮਲੇ ‘ਚ ਸਾਰੇ ਅੱਤਵਾਦੀਆਂ ਦੇ ਮਾਰੇ ਜਾਣ ਦੀ ਖਬਰ ਦੇ ਬਾਅਦ ਪਾਕਿਸਤਾਨ ਦੀ ਯੂਨਾਈਟਿਡ ਜਿਹਾਦ ਕੌਂਸਲ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲੈ ਲਈ ਹੈ। ਖਬਰਾਂ ਅਨੁਸਾਰ ਪਾਕਿਸਤਾਨ ਦੀ ਇਕ ਸਥਾਨਿਕ ਨਿਊਜ਼ ਏਜੰਸੀ ਨੂੰ ਈ-ਮੇਲ ਭੇਜ ਕੇ ਸੰਗਠਨ ਨੇ ਇਹ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਹਮਲੇ ਦਾ ਪਾਕਿਸਤਾਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਗੌਰ ਹੋਵੇ ਕਿ ਪਾਕਿਸਤਾਨ ਅਤੇ ਉਥੋਂ ਦੀ ਖੁਫੀਆ ਏਜੰਸੀ ਆਈ.ਐਸ.ਆਈ. ਦੀ ਮਦਦ ਨਾਲ 1994 ‘ਚ ਇਸ ਸਮੂਹ ਦਾ ਗਠਨ ਕੀਤਾ ਗਿਆ ਸੀ। ਇਹ 15 ਅੱਤਵਾਦੀ ਸੰਗਠਨਾਂ ਦਾ ਗੁੱਟ ਹੈ ਅਤੇ ਇਸ ਦਾ ਸਭ ਤੋਂ ਮੁੱਖ ਅੱਤਵਾਦੀ ਸੰਗਠਨ ਹਿਜ਼ਬੁਲ ਮੁਜ਼ਾਹਿਦੀਨ ਹੈ। ਹਿਜ਼ਬੁਲ ਦਾ ਆਕਾ ਸੱਯਦ ਸਲਾਊਦੀਨ ਇਸ ਅੱਤਵਾਦੀ ਗੁੱਟ ਦਾ ਵੀ ਮੁਖੀ ਹੈ। ਅੱਤਵਾਦੀ ਗੁੱਟ ਦੇ ਬੁਲਾਰੇ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਹਮਲੇ ਦੀ ਧਾਰਨਾ ਗਲਤ ਹੈ। ਇਸ ਤੋਂ ਪਹਿਲਾਂ ਭਾਰਤੀ ਸੈਨਾ ਦੀ ਕਰੀਬ 60 ਘੰਟੇ ਦੀ ਮਸ਼ੱਕਤ ਦੇ ਬਾਅਦ ਸੱਤ ਜਵਾਨ ਸ਼ਹੀਦ ਹੋ ਗਏ ਅਤੇ ਭਾਰਤੀ ਸੈਨਾ ਨੇ ਸਾਰੇ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਦੋ ਅੱਤਵਾਦੀ ਸਨਿਚਰਵਾਰ ਰਾਤ ਤੋਂ ਹੀ ਏਅਰਫੋਰਸ ਬੇਸ ‘ਚ ਲੁਕੇ ਹੋਏ ਸਨ। ਜਿਨ੍ਹਾਂ ਦਾ ਪਤਾ ਐਤਵਾਰ ਸਵੇਰੇ ਲੱਗਾ ਅਤੇ ਤਦ ਤੋਂ ਹੀ ਮੁਕਾਬਲਾ ਜਾਰੀ ਸੀ। ਆਖਰਕਾਰ ਸੁਰੱਖਿਆ ਏਜੰਸੀਆਂ ਦੇ ਜਵਾਨਾਂ ਨੇ ਸੋਮਵਾਰ ਸ਼ਾਮ ਟੈਂਕ ਨਾਲ ਉਸ ਟਿਕਾਣੇ ਨੂੰ ਹੀ ਉਡਾ ਦਿੱਤਾ ਜਿਸ ਵਿਚ ਉਹ ਲੁਕੇ ਹੋਏ ਸਨ। ਹਾਲਾਂਕਿ ਸੈਨਾ ਨੇ ਹੁਣ ਵੀ ਇਲਾਕੇ ਨੂੰ ਸੀਲ ਕੀਤਾ ਹੋਇਆ ਹੈ ਅਤੇ ਆਪਰੇਸ਼ਨ ਦੇ ਖਤਮ ਹੋਣ ਦੀ ਗੱਲ ਨਹੀਂ ਕਹੀ ਹੈ।
There are no comments at the moment, do you want to add one?
Write a comment