ਯੂਟਿਊਬ ਵੱਲੋਂ ਟਰੰਪ ਦੇ ਚੈਨਲ ਦੀ ਮੁਅੱਤਲੀ ’ਚ ਇੱਕ ਹੋਰ ਹਫਤੇ ਦਾ ਵਾਧਾ

84
Share

ਫਰਿਜ਼ਨੋ, 20 ਜਨਵਰੀ (ਮਾਛੀਕੇ/ਧਾਲੀਆਂ/ਪੰਜਾਬ ਮੇਲ/ਪੰਜਾਬ ਮੇਲ)- ਯੂਟਿਊਬ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਚੈਨਲ ਦੀ ਮੁਅੱਤਲੀ ਨੂੰ ਜਾਰੀ ਰੱਖਦਿਆਂ ਇਸਨੂੰ ਇੱਕ ਹੋਰ ਹਫ਼ਤੇ ਲਈ ਵਧਾ ਦਿੱਤਾ ਹੈ। ਗੂਗਲ ਦੀ ਮਲਕੀਅਤ ਵਾਲੀ ਇਸ ਕੰਪਨੀ ਨੇ ਹਿੰਸਾ ਦੀ ਸੰਭਾਵਨਾ ਦਾ ਹਵਾਲਾ ਦਿੰਦੇ ਹੋਏ ਮੰਗਲਵਾਰ ਨੂੰ ਮੁਅੱਤਲੀ ਦੇ ਵਾਧੇ ਦੀ ਪੁਸ਼ਟੀ ਕੀਤੀ। ਡੋਨਾਲਡ ਟਰੰਪ ਦੇ ਯੂਟਿਊਬ ਅਕਾਉਂਟ ਦੇ ਲਗਭਗ 2.79 ਮਿਲੀਅਨ ਸਬਸਕਰਾਈਬਰ ਹਨ ਅਤੇ ਚੈਨਲ ’ਤੇ ਪਾਬੰਦੀ ਲੱਗਣ ਤੋਂ ਪਹਿਲਾਂ, ਟਰੰਪ ਆਮ ਤੌਰ ’ਤੇ ਇੱਕ ਦਿਨ ਵਿਚ ਕਈ ਵੀਡੀਓ ਪੋਸਟ ਕਰਦੇ ਸਨ। ਪਿਛਲੀ ਪਾਬੰਦੀ ਦੀ ਤਰ੍ਹਾਂ ਹੀ ਟਰੰਪ ਦਾ ਖਾਤਾ ਮੌਜੂਦਾ ਵੀਡੀਓਜ਼ ਦੀ ਪਹੁੰਚ ਰੱਖੇਗਾ ਪਰ ਘੱਟੋ-ਘੱਟ ਸੱਤ ਦਿਨਾਂ ਲਈ ਨਵੀਂ ਸਮੱਗਰੀ ਨੂੰ ਅਪਲੋਡ ਨਹੀਂ ਕੀਤਾ ਜਾ ਸਕੇਗਾ ਅਤੇ ਨਾਲ ਹੀ ਵੀਡੀਓਜ਼ ਦੀਆਂ ਟਿੱਪਣੀਆਂ ’ਤੇ ਵੀ ਪਾਬੰਦੀ ਰਹੇਗੀ। ਪਿਛਲੇ ਹਫ਼ਤੇ, ਗੂਗਲ ਨੇ ਟਰੰਪ ਦੇ ਯੂਟਿਊਬ ਅਕਾਉਂਟ ਨੂੰ ਮੁਅੱਤਲ ਕਰ ਦਿੱਤਾ ਸੀ, ਜੋ ਕਿ ਜਨਵਰੀ ਦੇ ਆਰੰਭ ਵਿਚ ਟਰੰਪ ਦੇ ਕੁਝ ਸਮਰਥਕਾਂ ਦੁਆਰਾ ਸੰਯੁਕਤ ਰਾਜ ਦੀ ਰਾਜਧਾਨੀ ਵਿਚ ਜਾਨਲੇਵਾ ਹਿੰਸਾ ਤੋਂ ਬਾਅਦ ਕਾਰਵਾਈ ਅਧੀਨ ਆਇਆ ਸੀ। ਟਰੰਪ ਦੇ ਯੂਟਿਊਬ ਖਾਤੇ ਵਿਚ ਮੁਅੱਤਲੀ ਦਾ ਵਾਧਾ ਰਾਸ਼ਟਰਪਤੀ ਚੁਣੇ ਗਏ ਜੋਅ ਬਾਇਡਨ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਟਵਿੱਟਰ ਅਤੇ ਫੇਸਬੁੱਕ ਸਮੇਤ ਹੋਰ ਤਕਨੀਕੀ ਕੰਪਨੀਆਂ ਨੇ 6 ਜਨਵਰੀ ਨੂੰ ਹੋਏ ਹਿੰਸਕ ਕੈਪੀਟਲ ਹਿੱਲ ਦੰਗਿਆਂ ਤੋਂ ਬਾਅਦ ਟਰੰਪ ਦੇ ਸ਼ੋਸ਼ਲ ਮੀਡੀਆ ਖਾਤਿਆਂ ’ਤੇ ਪਾਬੰਦੀ ਲਗਾਈ ਹੈ।


Share