ਮੰਗਲ ‘ਤੇ ਨਾਸਾ ਨੂੰ ਮਿਲਿਆ ਚੀਕਣੀ ਮਿੱਟੀ ਦੇ ਖਣਿਜਾਂ ਦਾ ਭੰਡਾਰ

ਵਾਸ਼ਿੰਗਟਨ, 4 ਜੂਨ (ਪੰਜਾਬ ਮੇਲ)- ਨਾਸਾ ਦੇ ਕਿਊਰੋਸਿਟੀ ਮਾਰਸ ਰੋਵਰ ਨੂੰ ਆਪਣੇ ਅਭਿਆਨ ਦੌਰਾਨ ਮੰਗਲ ਗ੍ਰਹਿ ‘ਤੇ ਚੀਕਣੀ ਮਿੱਟੀ ਦੇ ਖਣਿਜਾਂ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਭੰਡਾਰ ਮਿਲਿਆ ਹੈ। ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਇਕ ਬਿਆਨ ‘ਚ ਦੱਸਿਆ ਹੈ ਕਿ ਕਿਊਰੋਸਿਟੀ ਰੋਵਰ ਨੇ ਮੰਗਲ ਦੇ ਦੋ ਟੀਚਾ ਸਥਾਨਾਂ- ਏਬੇਰਲੇਡੀ ਤੇ ਕਿਲਮਾਰੀ ਤੋਂ ਪਹਾੜੀਆਂ ਦੇ ਨਮੂਨੇ ਲਏ। ਬਿਆਨ ‘ਚ ਕਿਹਾ ਗਿਆ ਹੈ ਕਿ ਮੰਗਲ ‘ਤੇ ਮਿਸ਼ਨ ਦੇ 2405ਵੇਂ ਦਿਨ 12 ਮਈ ਨੂੰ ਰੋਵਰ ਦੀ ਇਕ ਨਵੀਂ ਸੈਲਫ਼ੀ ‘ਚ ਇਸ ਦਾ ਪਤਾ ਲੱਗਾ। ਪੁਲਾੜ ਏਜੰਸੀ ਨੇ ਕਿਹਾ ਕਿ ਖਣਿਜ ਭਰਪੂਰ ਇਹ ਖੇਤਰ ਮਾਊਂਟ ਸ਼ਾਰਪ ਨੇੜੇ ਹੈ, ਜਿੱਥੇ 2012 ‘ਚ ਕਿਊਰੋਸਿਟੀ ਯਾਨ ਨੇ ਲੈਂਡ ਕੀਤਾ ਸੀ। ਕਿਊਰੋਸਿਟੀ ਯਾਨ ਮਾਊਂਟ ਸ਼ਾਰਪ ‘ਤੇ ਇਹ ਪਤਾ ਲਗਾ ਰਿਹਾ ਹੈ ਕਿ ਕੀ ਅਰਬਾਂ ਸਾਲ ਪਹਿਲਾਂ ਇਥੇ ਜੀਵਨ ਲਈ ਸੰਭਵ ਮਾਹੌਲ ਮੌਜੂਦ ਸੀ। ਚੀਕਣੀ ਮਿੱਟੀ ਦਾ ਨਿਰਮਾਣ ਅਕਸਰ ਪਾਣੀ ਨਾਲ ਹੁੰਦਾ ਹੈ ਜੋ ਜੀਵਨ ਲਈ ਜ਼ਰੂਰੀ ਹੈ। ਰੋਵਰ ਦੇ ਵਿਸ਼ੇਸ਼ ਉਪਕਰਨ ਕੇਮਿਨ ਨੇ ਚੀਕਣੀ ਮਿੱਟੀ ਦੇ ਖਣਿਜ ਵਾਲੇ ਖੇਤਰ ‘ਚ ਖੁਦਾਈ ਤੋਂ ਪ੍ਰਾਪਤ ਪਹਾੜੀਆਂ ਦੇ ਨਮੂਨਿਆਂ ਦਾ ਪਹਿਲੀ ਵਾਰ ਵਿਸ਼ਲੇਸ਼ਣ ਕੀਤਾ ਹੈ। ਨਾਸਾ ਦੇ ਮੁਤਾਬਿਕ ਗੇਲ ਕ੍ਰੇਟਰ ‘ਚ ਇਕ ਸਮੇਂ ਭਰਪੂਰ ਮਾਤਰਾ ‘ਚ ਪਾਣੀ ਹੋਣ ਦੇ ਸਬੂਤ ਮਿਲੇ ਹਨ ਜਦਕਿ ਇਸ ‘ਤੇ ਚਰਚਾ ਜਾਰੀ ਹੈ। ਨਾਸਾ ਮੁਤਾਬਕ ਹੋ ਸਕਦਾ ਹੈ ਕਿ ਪੁਰਾਣੀ ਝੀਲਾਂ ਵਿਚਲੇ ਚਿੱਕੜ ਦੀ ਪਰਤ ਨਾਲ ਖੇਤਰ ‘ਚ ਪਹਾੜੀਆਂ ਦਾ ਨਿਰਮਾਣ ਹੋਇਆ ਹੋਵੇ।